ਪੰਜਾਬ ‘ਚ ਥਾਣੇਦਾਰ ਵੱਧ ਅਤੇ ਟਾਂਵੇਂ-ਟਾਂਵੇਂ ਦਿੱਖ ਰਹੇ ਸਿਪਾਹੀ ਤੇ ਹੌਲਦਾਰ

  • -ਪੰਜਾਬ ਪੁਲਿਸ ਵਿਭਾਗ ਵਲੋਂ ਆਪਣੇ ਮੁਲਾਜ਼ਮਾਂ ਨੂੰ ਖ਼ੁਸ਼ ਕਰਨ ਤੇ ਉਸ ਦੀ ਨਿਭਾਈ ਸੇਵਾ ਨੰੂ ਮੁੱਖ ਰੱਖਦੇ ਹੋਏ ਸਾਲ 2017 ‘ਚ ਇਕ ਨੀਤੀ ਬਣਾਈ ਗਈ ਸੀ, ਜਿਸ ਤਹਿਤ ਜਿਸ ਵੀ ਮੁਲਾਜ਼ਮ ਦੀ ਸੇਵਾ 24 ਸਾਲ ਦੀ ਪੂਰੀ ਹੋ ਜਾਂਦੀ ਹੈ ਤਾਂ ਉਸ ਨੰੂ ਹੌਲਦਾਰ ਤੋਂ ਏ. ਐਸ. ਆਈ. ਬਣਾ ਦਿੱਤਾ ਜਾਂਦਾ ਹੈ | ਨੀਤੀ ਅਨੁਸਾਰ ਤਰੱਕੀ ਪ੍ਰਾਪਤ ਕਰਨ ਵਾਲੇ ਮੁਲਾਜ਼ਮਾਂ ਨੂੰ ਸਿਰਫ਼ ਰੈਂਕ ਦਿੱਤਾ ਜਾ ਰਿਹਾ ਹੈ ਪਰ ਤਨਖ਼ਾਹ ‘ਚ ਕੋਈ ਵਾਧਾ ਨਹੀਂ ਦਿੱਤਾ ਜਾ ਰਿਹਾ | ਸਟਾਰ ਲੱਗਣ ਨਾਲ ਮੁਲਾਜ਼ਮ ਦੀ ਵਰਦੀ ਦੀ ਸ਼ਾਨ ਤਾਂ ਵੱਧ ਗਈ ਹੈ ਪਰ ਉਨ੍ਹਾਂ ਦੀ ਜੇਬ ਦਾ ਭਾਰ ਨਹੀਂ ਵਧਿਆ | ਜਾਣਕਾਰੀ ਅਨੁਸਾਰ ਸਾਲ 2018-19 ਦੌਰਾਨ ਜ਼ਿਲ੍ਹਾ ਪੁਲਿਸ ਦੇ ਨੰਬਰਾਂ ‘ਚੋਂ 13004 ਤੇ ਪੀ.ਏ.ਪੀ. ਦੇ ਨੰਬਰਾਂ ‘ਚੋਂ 1315 ਮੁਲਾਜ਼ਮਾਂ ਨੰੂ ਤਰੱਕੀ ਦੇ ਕੇ ਹੌਲਦਾਰ ਤੋਂ ਏ.ਐਸ.ਆਈ. ਬਣਾਇਆ ਗਿਆ ਹੈ | ਅਜਿਹਾ ਕਰਨ ਨਾਲ ਪੰਜਾਬ ਭਰ ਦੇ ਥਾਣਿਆਂ ਤੇ ਚੌਕੀਆਂ ‘ਚ ਹੁਣ ਹਾਲਾਤ ਇਹ ਬਣ ਗਏ ਹਨ ਕਿ ਜਿੱਥੇ ਪਹਿਲਾਂ ਇਕ ਜਾਂ ਦੋ ਏ.ਐਸ.ਆਈ. ਹੁੰਦੇ ਸਨ, ਉੱਥੇ ਹੁਣ ਸਾਰੇ ਹੀ ਮੁਲਾਜ਼ਮ ਏ.ਐਸ.ਆਈ. ਬਣ ਗਏ ਹਨ ਅਤੇ ਇਕ-ਦੋ ਹੀ ਸਿਪਾਹੀ ਬਚੇ ਹਨ | ਇੱਥੋਂ ਤੱਕ ਕਿ ਗੱਡੀਆਂ ਦੇ ਡਰਾਈਵਰ, ਅਰਦਲੀ, ਡਾਕ ਲੈ ਕੇ ਜਾਣ ਵਾਲੇ ਸਾਰੇ ਹੀ ਏ.ਐਸ.ਆਈ. ਬਣ ਕੇ ਡਿਊਟੀ ਨਿਭਾਅ ਰਹੇ ਹਨ | ਇਹ ਵੀ ਦੇਖਣ ‘ਚ ਆਇਆ ਹੈ ਕਿ ਅਰਦਲੀ ਦੀ ਸੇਵਾ ਕਰਨ ਵਾਲੇ ਮੁਲਾਜ਼ਮਾਂ ਦੀ ਤਰੱਕੀ ਹੋ ਜਾਣ ‘ਤੇ ਉਹ ਏ.ਐਸ.ਆਈ. ਤਾਂ ਬਣ ਗਏ ਹਨ ਪਰ ਅਜੇ ਵੀ ਉਹ ਦਫ਼ਤਰਾਂ ‘ਚ ਚਾਹ-ਪਾਣੀ ਪਿਲਾਉਣ ਦਾ ਹੀ ਕੰਮ ਕਰ ਰਹੇ ਹਨ, ਜਿਸ ਨਾਲ ਵਰਦੀ ਦੀ ਸ਼ਾਨ ਘੱਟ ਰਹੀ ਹੈ | ਨੀਤੀ ਅਨੁਸਾਰ ਹਰ ਸਾਲ 24 ਸਾਲ ਪੂਰੇ ਕਰਨ ਵਾਲੇ ਸਿਪਾਹੀ ਜਾਂ ਹੌਲਦਾਰ ਨੰੂ ਤਰੱਕੀ ਦੇ ਦਿੱਤੀ ਜਾਂਦੀ ਹੈ, ਜਿਸ ਨਾਲ ਦਫ਼ਤਰਾਂ ਤੇ ਥਾਣਿਆਂ ‘ਚ ਸਿਪਾਹੀਆਂ ਦੀ ਗਿਣਤੀ ਘੱਟ ਗਈ ਹੈ ਤੇ ਇਸ ਨਾਲ ਦਫ਼ਤਰਾਂ ਦੇ ਕੰਮਕਾਜ ਪ੍ਰਭਾਵਿਤ ਹੋ ਰਹੇ ਹਨ ਜਦੋਂ ਕਿ ਤਰੱਕੀ ਪ੍ਰਾਪਤ ਏ.ਐਸ.ਆਈ. ਅਜੇ ਵੀ ਸਿਪਾਹੀ ਦੀ ਡਿਊਟੀ ਨਿਭਾਅ ਰਹੇ ਹਨ ਪਰ ਕੁਝ ਕੁ ਮੁਲਾਜ਼ਮ ਏ.ਐਸ.ਆਈ. ਦਾ ਰੈਂਕ ਮਿਲਣ ਦੇ ਬਾਅਦ ਸਿਪਾਹੀ ਦੀ ਡਿਊਟੀ ਕਰਨਾ ਵਰਦੀ ਦੀ ਸ਼ਾਨ ਦੇ ਉਲਟ ਸਮਝਦੇ ਹਨ | ਅਜਿਹੇ ਹਾਲਾਤ ਹਨ ਕਿ ਚੌਕੀਆਂ ‘ਚ 4 ਤੋਂ 5 ਏ.ਐਸ.ਆਈ. ਹਨ ਪਰ ਸਿਪਾਹੀ ਇਕ ਜਾਂ ਦੋ ਹਨ |