ਪੰਜਾਬ ਦੀਆਂ ਜੇਲ੍ਹਾਂ ਵਿਚਲੇ ਤਸਕਰਾਂ ਦੀ ਪੈਰੋਲ ਬੰਦ

ਜੇਲ੍ਹਾਂ ਵਿਚ ਬੰਦ ਨਸ਼ਾ ਤਸਕਰਾਂ ਨੂੰ ਹੁਣ ਛੁੱਟੀ ਨਹੀਂ ਮਿਲੇਗੀ। ਲੋਕ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਹੀ ਨਸ਼ਾ ਤਸਕਰ ਛੁੱਟੀ ’ਤੇ ਜੇਲ੍ਹਾਂ ਵਿਚੋਂ ਬਾਹਰ ਆ ਸਕਣਗੇ। ਚੋਣ ਕਮਿਸ਼ਨ ਨੇ ਜੇਲ੍ਹਾਂ ਵਿਚ ਬੰਦ ਨਸ਼ਾ ਤਸਕਰਾਂ ਦੀ ਪੈਰੋਲ ’ਤੇ ਚੋਣਾਂ ਕਾਰਨ ਪਾਬੰਦੀ ਲਗਾਈ ਹੈ। ਪੰਜਾਬ ਦੀਆਂ ਜੇਲ੍ਹਾਂ ਵਿਚ ਸਜ਼ਾ ਯਾਫ਼ਤਾ ਤਸਕਰ ਵੱਡੀ ਗਿਣਤੀ ਵਿਚ ਹਨ ਅਤੇ ਲੰਘੇ ਪੰਜ ਵਰ੍ਹਿਆਂ ਦੌਰਾਨ ਕਰੀਬ 17,714 ਨਸ਼ਾ ਤਸਕਰਾਂ ਨੂੰ ਸਜ਼ਾ ਹੋਈ ਹੈ। ਚੋਣ ਕਮਿਸ਼ਨ ਨੇ ਹੁਕਮ ਜਾਰੀ ਕੀਤੇ ਹਨ ਕਿ ਜੇ ਕਿਸੇ ਬਹੁਤ ਹੀ ਐਮਰਜੈਂਸੀ ਵਿਚ ਕਿਸੇ ਤਸਕਰ ਨੂੰ ਪੈਰੋਲ ਦੇਣ ਦੀ ਲੋੜ ਪੈਂਦੀ ਹੈ ਤਾਂ ਪਹਿਲਾਂ ਮੁੱਖ ਚੋਣ ਅਫ਼ਸਰ ਤੋਂ ਪ੍ਰਵਾਨਗੀ ਲਈ ਜਾਵੇ।
ਚੋਣ ਕਮਿਸ਼ਨ ਅਨੁਸਾਰ ਜੇ ਐਮਰਜੈਂਸੀ ਵਿਚ ਕੋਈ ਨਸ਼ਾ ਤਸਕਰ ਪੈਰੋਲ ’ਤੇ ਜਾਂਦਾ ਹੈ ਤਾਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਪੈਰੋਲ ਦੌਰਾਨ ਉਹ ਕਿਸੇ ਚੋਣ ਗਤੀਵਿਧੀ ਵਿਚ ਸ਼ਾਮਲ ਨਾ ਹੋਵੇ। ਐਮਰਜੈਂਸੀ ਵਿਚ ਪੈਰੋਲ ਪ੍ਰਾਪਤ ਕਰਨ ਵਾਲੇ ਨਸ਼ਾ ਤਸਕਰਾਂ ਬਾਰੇ ਪੁਲੀਸ ਅਤੇ ਐਨਫੋਰਸਮੈਂਟ ਏਜੰਸੀਆਂ ਨੂੰ ਅਗਾਊਂ ਸੂਚਨਾ ਭੇਜਣੀ ਪਵੇਗੀ ਤਾਂ ਜੋ ਪੁਲੀਸ, ਤਸਕਰ ਦੀ ਪੈਰੋਲ ਦੌਰਾਨ ਦੀ ਗਤੀਵਿਧੀ ’ਤੇ ਨਜ਼ਰ ਰੱਖ ਸਕੇ। ਜ਼ਿਲ੍ਹਾ ਚੋਣ ਅਫ਼ਸਰ ਨੂੰ ਵੀ ਅਜਿਹੇ ਤਸਕਰ ਬਾਰੇ ਸਬੰਧਿਤ ਚੋਣ ਆਬਜ਼ਰਵਰ ਨੂੰ ਅਗਾਊਂ ਸੂਚਨਾ ਦੇਣੀ ਪਵੇਗੀ।
ਵੇਰਵਿਆਂ ਅਨੁਸਾਰ ਸਾਲ 2014 ਦੀਆਂ ਲੋਕ ਸਭਾ ਚੋਣਾਂ ਮੌਕੇ ਚੋਣ ਜ਼ਾਬਤੇ ਦੌਰਾਨ ਦੇਸ਼ ਭਰ ’ਚੋਂ 804 ਕਰੋੜ ਦਾ ਨਸ਼ਾ ਫੜਿਆ ਗਿਆ ਸੀ, ਜਿਸ ਵਿਚੋਂ ਇਕੱਲੇ ਪੰਜਾਬ ਵਿਚ 783.44 ਕਰੋੜ ਦਾ ਨਸ਼ਾ ਫੜਿਆ ਗਿਆ, ਜੋ ਕਿ ਦੇਸ਼ ਭਰ ਵਿਚੋਂ ਫੜੇ ਗਏ ਨਸ਼ੇ ਦਾ 97 ਫ਼ੀਸਦੀ ਬਣਦਾ ਸੀ। ਉਦੋਂ ਇਕੱਲੇ ਪੰਜਾਬ ਵਿਚੋਂ 19,135 ਕਿਲੋਗ੍ਰਾਮ ਨਸ਼ਾ ਫੜਿਆ ਗਿਆ ਸੀ। ਮੌਜੂਦਾ ਲੋਕ ਸਭਾ ਚੋਣਾਂ ਦੌਰਾਨ ਹੁਣ ਵੀ ਪੰਜਾਬ ਇਸ ਮਾਮਲੇ ਵਿਚ ਅੱਗੇ ਨਿਕਲ ਚੱਲਿਆ ਹੈ। ਚੋਣ ਜ਼ਾਬਤੇ ਦੌਰਾਨ ਹੁਣ ਤਕ 145 ਕਰੋੜ ਦਾ ਨਸ਼ਾ ਫੜਿਆ ਜਾ ਚੁੱਕਾ ਹੈ, ਜੋ ਕਿ 5,371 ਕਿੱਲੋ ਬਣਦਾ ਹੈ।
ਰਿਪੋਰਟ ਅਨੁਸਾਰ ਪੰਜਾਬ ਵਿਚੋਂ ਲੰਘੇ ਇਕ ਹਫ਼ਤੇ ਦੌਰਾਨ 28 ਕਰੋੜ ਦਾ ਨਸ਼ਾ ਫੜਿਆ ਗਿਆ ਹੈ। ਚੋਣ ਜ਼ਾਬਤੇ ਦੌਰਾਨ ਪੰਜਾਬ ਵਿਚੋਂ ਹੁਣ ਤਕ 4.91 ਲੱਖ ਲਿਟਰ ਸ਼ਰਾਬ ਫੜੀ ਜਾ ਚੁੱਕੀ ਹੈ, ਜਿਸ ਦੀ ਕੀਮਤ 6.31 ਕਰੋੜ ਰੁਪਏ ਬਣਦੀ ਹੈ। ਇਕੋ ਹਫ਼ਤੇ ਦੌਰਾਨ ਪੰਜਾਬ ਵਿਚੋਂ 2.40 ਕਰੋੜ ਲਿਟਰ ਸ਼ਰਾਬ ਫੜੀ ਗਈ ਹੈ। ਸ਼ਰਾਬ ਦੀ ਫੜੋ-ਫੜੀ ਹਫ਼ਤੇ ਦੌਰਾਨ ਕਾਫ਼ੀ ਵਧ ਗਈ ਹੈ। ਪੰਜਾਬ ਵਿਚ ਚੋਣਾਂ ਅਖ਼ੀਰਲੇ ਗੇੜ ਵਿਚ ਹੋਣੀਆਂ ਹਨ, ਜਿਸ ਕਰਕੇ ਸੰਭਾਵਨਾ ਹੈ ਕਿ ਵਿਸਾਖੀ ਮਗਰੋਂ ਨਸ਼ਿਆਂ ਦਾ ਬੋਲਬਾਲਾ ਵਧ ਜਾਵੇਗਾ। ਰਾਜਸਥਾਨ ਵਿਚੋਂ ਭੁੱਕੀ ਅਤੇ ਮੱਧ ਪ੍ਰਦੇਸ਼ ਤੇ ਹਰਿਆਣਾ ਵਿਚੋਂ ਅਫ਼ੀਮ ਆਉਂਦੀ ਹੈ।
ਪੰਜਾਬ ਪੁਲੀਸ ਨੇ ਅੰਤਰਰਾਜੀ ਸੀਮਾ ’ਤੇ ਨਾਕੇ ਲਗਾਏ ਹੋਏ ਹਨ। ਰਾਜਸਥਾਨ ਦੀ ਸੀਮਾ ਨੇੜਲੇ ਪਿੰਡਾਂ ’ਤੇ ਵੀ ਪੁਲੀਸ ਨਜ਼ਰ ਰੱਖ ਰਹੀ ਹੈ। ਜੋ ਨਸ਼ਾ ਤਸਕਰ ਭਗੌੜੇ ਹਨ ਜਾਂ ਜੇਲ੍ਹਾਂ ਵਿਚੋਂ ਪੈਰੋਲ ’ਤੇ ਆਉਣ ਮਗਰੋਂ ਫ਼ਰਾਰ ਹੋ ਗਏ ਹਨ, ਉਨ੍ਹਾਂ ਦੀ ਸੂਚਨਾ ਵੀ ਪੰਜਾਬ ਪੁਲੀਸ ਨੇ ਗੁਆਂਢੀ ਸੂਬਿਆਂ ਦੀ ਪੁਲੀਸ ਨਾਲ ਸਾਂਝੀ ਕੀਤੀ ਹੈ। ਅੰਤਰਰਾਜੀ ਨਾਕਾਬੰਦੀ ਮਗਰੋਂ ਹਰਿਆਣਾ ਵਿਚੋਂ ਆਉਂਦੀ ਸ਼ਰਾਬ ਨੂੰ ਠੱਲ੍ਹ ਪਈ ਹੈ। ਪੁਲੀਸ ਨੇ ਅੰਤਰਰਾਜੀ ਬੱਸ ਸੇਵਾ ਦੀ ਤਲਾਸ਼ੀ ਮੁਹਿੰਮ ਵੀ ਸ਼ੁਰੂ ਕੀਤੀ ਹੈ।

18.57 ਕਰੋੜ ਦੇ ਗਹਿਣੇ ਫੜੇ
ਪੰਜਾਬ ਵਿਚੋਂ ਚੋਣ ਜ਼ਾਬਤੇ ਦੌਰਾਨ ਹੁਣ ਤਕ 295 ਕਿੱਲੋ ਸੋਨੇ ਤੇ ਚਾਂਦੀ ਦੇ ਜ਼ੇਵਰਾਤ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦੀ ਕੀਮਤ 18.57 ਕਰੋੜ ਬਣਦੀ ਹੈ। ਇਕੋ ਹਫ਼ਤੇ ਵਿਚ 36 ਕਿੱਲੋ ਸੋਨਾ/ਚਾਂਦੀ ਆਦਿ ਦੇ ਜ਼ੇਵਰਾਤ ਫੜੇ ਗਏ ਹਨ। ਇਸੇ ਤਰ੍ਹਾਂ ਪੰਜਾਬ ਵਿਚੋਂ ਹੁਣ ਤੱਕ 18.98 ਕਰੋੜ ਦੀ ਨਗਦੀ ਬਰਾਮਦ ਕੀਤੀ ਜਾ ਚੁੱਕੀ ਹੈ ਅਤੇ ਇਸ ਹਫ਼ਤੇ ਦੌਰਾਨ ਕਰੀਬ ਢਾਈ ਕਰੋੜ ਦੀ ਰਾਸ਼ੀ ਫੜੀ ਗਈ ਹੈ। ਪੰਜਾਬ ਵਿਚ ਹੁਣ ਤਕ ਸਮੇਤ ਨਸ਼ਿਆਂ ਦੇ ਹਰ ਤਰ੍ਹਾਂ ਦੀ 189.08 ਕਰੋੜ ਦੀ ਬਰਾਮਦਗੀ ਕੀਤੀ ਜਾ ਚੁੱਕੀ ਹੈ।