ਪੰਜਾਬ ਦੇ ਕੇਂਦਰੀ ਵਿਦਿਆਲਿਆ ‘ਚ ਪੰਜਾਬੀ ਪੜ੍ਹਾਉਣ ‘ਤੇ ਲਗਾਈ ਰੋਕ

  • 2logmtbਪੰਜਾਬ ‘ਚ ਕੇਂਦਰ ਸਰਕਾਰ ਵਲੋਂ ਚਲਾਏ ਜਾ ਰਹੇ ਕੇਂਦਰੀ ਵਿਦਿਆਲਿਆ ‘ਚ ਹੁਣ ਪੰਜਾਬ ਦੇ ਵਿਦਿਆਰਥੀ ਪੰਜਾਬੀ ਭਾਸ਼ਾ ਨਹੀਂ ਪੜ੍ਹ ਸਕਣਗੇ ਕਿਉਂਕਿ ਇਨ੍ਹਾਂ ਸਕੂਲਾਂ ਦਾ ਪ੍ਰਬੰਧ ਦੇਖਣ ਵਾਲੀ ਸੰਸਥਾ ਕੇਂਦਰੀ ਵਿਦਿਆਲਿਆ ਸੰਗਠਨ ਦੇ ਚੰਡੀਗੜ੍ਹ ਸਥਿਤ ਦਫ਼ਤਰ ਨੇ ਜਾਰੀ ਇਕ ਪੱਤਰ ‘ਚ ਕਿਹਾ ਹੈ ਕਿ ਪੰਜਾਬੀ ਭਾਸ਼ਾ ਦੇ ਪੀਰੀਅਡ ਹੁਣ ਸਰੀਰਕ ਸਿੱਖਿਆ ਅਤੇ ਸਿਹਤ ਸਿੱਖਿਆ ਨਾਲ ਤਬਦੀਲ ਕਰ ਦਿੱਤੇ ਗਏ ਹਨ | ਇਨ੍ਹਾਂ ਸਕੂਲਾਂ ‘ਚ ਹੁਣ ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਹੀ ਪੜ੍ਹਾਈਆਂ ਜਾਣਗੀਆਂ | ਪੰਜਾਬੀ ਜਾਂ ਕੋਈ ਹੋਰ ਭਾਸ਼ਾ ਸਿਰਫ਼ ਸ਼ਰਤਾਂ ਅਧੀਨ ਹੀ ਪੜ੍ਹਾਈ ਜਾਵੇਗੀ | ਹੁਣ ਪੰਜਾਬੀ ਭਾਸ਼ਾ ਸਕੂਲ ਸਮੇਂ ਦੌਰਾਨ ਨਹੀਂ ਪੜ੍ਹਾਈ ਜਾਵੇਗੀ | ਸਕੂਲ ਸਮੇਂ ਤੋਂ ਬਾਅਦ ਵੀ ਤਾਂ ਹੀ ਪੜ੍ਹਾਈ ਜਾਵੇਗੀ ਜੇਕਰ ਇਹ ਭਾਸ਼ਾ ਨੰੂ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਘੱਟੋ ਘੱਟ 15 ਹੋਵੇਗੀ | ਇਸ ਸਬੰਧੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਡਾ. ਤੇਜਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਇਹ ਪੰਜਾਬੀ ਵਿਰੋਧੀ ਫ਼ੈਸਲਾ ਤੁਰੰਤ ਰੱਦ ਹੋਣਾ ਚਾਹੀਦਾ ਹੈ | ਉੱਘੇ ਲੇਖਕ ਮੋਹਨ ਸ਼ਰਮਾ ਦਾ ਕਹਿਣਾ ਕਿ ਪੰਜਾਬ ‘ਚ ਪੰਜਾਬੀ ਵਿਸ਼ੇ ਨੰੂ ਅਣਗੌਲਿਆ ਕਰਨਾ ਬਹੁਤ ਹੀ ਦੁਖਾਂਤਮਈ ਹੈ | ਸਬੰਧਿਤ ਸੰਸਥਾ ਦਾ ਇਹ ਕਦਮ ਪੰਜਾਬੀ ਵਿਦਿਆਰਥੀਆਂ ਦਾ ਮਾਂ ਬੋਲੀ ਤੋਂ ਮੰੂਹ ਮੋੜਨ ਲਈ ਚੁੱਕਿਆ ਇਕ ਜ਼ਾਲਮਾਨਾ ਕਦਮ ਹੈ | ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਕਰਮ ਸਿੰਘ ਜ਼ਖਮੀ ਦਾ ਕਹਿਣਾ ਕਿ ਸਰਕਾਰ ਦਾ ਇਹ ਪੰਜਾਬੀ ਵਿਰੋਧੀ ਫ਼ੈਸਲਾ ਹੈ | ਇਸ ਫ਼ੈਸਲੇ ਦਾ ਵਿਰੋਧ ਕੀਤਾ ਜਾਵੇਗਾ ਅਤੇ ਸਰਕਾਰ ਨੰੂ ਇਸ ਫ਼ੈਸਲੇ ਨੰੂ ਵਾਪਸ ਲੈਣ ਲਈ ਮਜਬੂਰ ਕੀਤਾ ਜਾਵੇਗਾ | ਸਾਇੰਟੇਫਿਕ ਅਵੇਅਰਨੈੱਸ ਫੋਰਮ ਦੇ ਪ੍ਰਧਾਨ ਡਾ. ਏ.ਐੱਸ. ਮਾਨ ਦਾ ਕਹਿਣਾ ਕਿ ਇਹ ਫ਼ੈਸਲਾ ਪੰਜਾਬੀ ਵਿਰੋਧੀ ਤਾਂ ਹੈ ਹੀ ਬਲਕਿ ਕੇਂਦਰੀ ਸਰਕਾਰ ਦੀ ਇਸ ਸੰਸਥਾ ਨੰੂ ਇਸ ਫ਼ੈਸਲੇ ਨੰੂ ਵਾਪਸ ਲੈ ਕੇ ਇਹ ਲਾਗੂ ਕਰਨਾ ਚਾਹੀਦਾ ਹੈ ਕਿ ਜਿਸ ਵੀ ਰਾਜ ‘ਚ ਕੇਂਦਰੀ ਵਿਦਿਆਲਿਆ ਸਥਿਤ ਹੈ ਉਸ ਸੂਬੇ ਦੀ ਭਾਸ਼ਾ ਦਾ ਪੜ੍ਹਾਉਣਾ ਉੱਥੇ ਜ਼ਰੂਰੀ ਕੀਤਾ ਜਾਵੇ | ਜਦ ਇਸ ਸਬੰਧੀ ਕੇਂਦਰੀ ਵਿਦਿਆਲਿਆ ਸੰਗਠਨ ਦੇ ਚੰਡੀਗੜ੍ਹ ਸਥਿਤ ਦਫ਼ਤਰ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੋ ਵੀ ਹੁਕਮ ਜਾਰੀ ਹੋਇਆ ਹੈ ਉਹ ਸੰਗਠਨ ਦੇ ਮੁੱਖ ਦਫ਼ਤਰ ਵਲੋਂ ਆਈਆਂ ਹਦਾਇਤਾਂ ਅਨੁਸਾਰ ਹੀ ਜਾਰੀ ਕੀਤਾ ਗਿਆ ਹੈ | ਇੱਥੇ ਜ਼ਿਕਰਯੋਗ ਹੈ ਕਿ ਉਕਤ ਰੋਕ ਲਗਾਉਣ ਦਾ ਫ਼ੈਸਲਾ ਪੰਜਾਬ ਸਰਕਾਰ ਵਲੋਂ ਪੰਜਾਬੀ ਤੇ ਹੋਰ ਭਾਸ਼ਾਵਾਂ ਦੀ ਪੜ੍ਹਾਈ ਸਬੰਧ ਬਣਾਏ ਐਕਟ 2008 ਦੀ ਵੀ ਉਲੰਘਣਾ ਹੈ |