ਬਾਬਾ ਧੁੰਮਾ ਦੇ ਦੋ ਨਜ਼ਦੀਕੀਆਂ ਦੀ ਜ਼ਮਾਨਤ ਅਰਜ਼ੀਆਂ ਖ਼ਾਰਜ

ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ ਸਾਲ 2016 ਵਿਚ ਲੁਧਿਆਣਾ ਵਿਖੇ ਹੋਏ ਹਮਲੇ ਦੌਰਾਨ ਭਾਈ ਭੁਪਿੰਦਰ ਸਿੰਘ ਦੀ ਮੌਤ ਦੇ ਮਾਮਲੇ ਵਿਚ ਨਾਮਜ਼ਦ ਜਸਪਾਲ ਸਿੰਘ ਸਿੱਧੂ ਅਤੇ ਅਮਰਜੀਤ ਸਿੰਘ ਖ਼ਾਲਸਾ ਦੀਆਂ ਅਗਾਊਂ ਜ਼ਮਾਨਤਾਂ ਰੱਦ ਹੋ ਗਈਆਂ ਹਨ। ਇਹ ਦੋਵੇਂ ਕਥਿਤ ਤੌਰ ‘ਤ ਬਾਬਾ ਧੁੰਮਾ ਦੇ ਨਜ਼ਦੀਕੀ ਮੰਨੇ ਜਾਂਦੇ ਹਨ। ਭਾਈ ਭੁਪਿੰਦਰ ਸਿੰਘ ਦੀ ਮੌਤ ਦੇ ਸਬੰਧ ਵਿਚ ਉਕਤ ਦੋਵਾਂ ਨੂੰ ਪੁਲਿਸ ਵੇ ਬਾਅਦ ਵਿਚ ਨਾਮਜ਼ਦ ਕੀਤਾ ਸੀ ਤੇ ਪਿਛਲੇ ਡੇਢ ਸਾਲ ਤੋਂ ਉਨ੍ਹਾਂ ਦੀ ਭਾਲ ਜਾਰੀ ਹੈ। ਇਸੇ ਦੌਰਾਨ ਜਸਪਾਲ ਸਿੰਘ ਸਿੱਧੂ ਤੇ ਅਮਰਜੀਤ ਸਿੰਘ ਖ਼ਾਲਸਾ ਨੇ ਲੁਧਿਆਣਾ ਕੋਰਟ ਤੋਂ ਇਹ ਕਹਿੰਦਿਆਂ ਅਗਾਊਂ ਜ਼ਮਾਨਤ ਮੰਗੀ ਕਿ ਉਨ੍ਹਾਂ ਦਾ ਨਾਂਅ ਬਾਅਦ ਵਿਚ ਜੋੜਿਆ ਗਿਆ, ਜਦੋਂਕਿ ਢੱਡਰੀਆਂ ਵਾਲਿਆਂ ਦ ਪੱਖ ਵੱਲੋਂ ਪੇਸ਼ ਹੋਏ ਹਾਈਕੋਰਟ ਦੇ ਵਕੀਲਾਂ ਨੇ ਜ਼ਮਾਨਤ ਦਾ ਵਿਰੋਧ ਕਰਦਿਆਂ ਪੈਰਵੀ ਕੀਤੀ ਕਿ ਸਿੱਧੂ ਦੇ ਇਸ਼ਾਰੇ ‘ਤੇ ਢੱਡਰੀਆਂ ਵਾਲਿਆਂ ਦੀ ਗੱਡੀ ਰੇਕੀ ਗਈ ਤੇ ਅਮਰਜੀਤ ਸਿੰਘ ਵੀ ਮੌਕੇ ‘ਤੇ ਮੌਜੂਦ ਸੀ। ਦੋਵੇਂ ਧਿਰਾਂ ਨੂੰ ਸੁਣਨ ਉਪਰੰਤ ਵਧੀਕ ਸੈਸ਼ਨ ਜੱਜ ਲੁਧਿਆਣਾ ਨੇ ਫ਼ੈਸਲਾ ਰਾਖਵਾਂ ਰੱਖ ਲਿਆ ਸੀ ਤੇ ਹੁਣ ਦੋਵਾਂ ਦੀਆਂ ਅਰਜ਼ੀਆਂ ਖ਼ਾਰਜ ਕਰ ਦਿੱਤੀਆਂ ਹਨ।