ਬੀਜੇਪੀ ਵਿਧਾਇਕ ਦੀ ਗੁੰਡਾਗਰਦੀ, ਅਫਸਰ ਨੂੰ ਬੱਲੇ ਨਾਲ ਕੁੱਟਿਆ

908ਇੰਦੌਰ: ਸ਼ਹਿਰ ‘ਚ ਅਤੀ ਖ਼ਤਰਨਾਕ ਘਰਾਂ ਨੂੰ ਤੋੜਣ ਦੀ ਕਾਰਵਾਈ ਦੌਰਾਨ ਭਾਜਪਾ ਵਿਧਾਇਕ ਆਕਾਸ਼ ਵਿਜੈਵਰਗੀਆ ਨੇ ਨਿਗਮ ਅਧਿਕਾਰੀ ਨਾਲ ਕੁੱਟਮਾਰ ਕੀਤੀ। ਵਿਧਾਇਕ ਨੇ ਪਹਿਲਾਂ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਧਮਕਾਇਆ ਫੇਰ ਬੱਲੇ ਨਾਲ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇੰਦੌਰ-3 ਤੋਂ ਵਿਧਾਇਕ ਆਕਾਸ਼ ਭਜਾਪਾ ਜਨਰਲ ਸੱਕਤਰ ਕੈਲਾਸ਼ ਵਿਜੈਵਰਗੀਆ ਦੇ ਬੇਟੇ ਹਨ।
ਬੁੱਧਵਾਰ ਨੂੰ ਨਿਗਮ ਦਾ ਅਮਲਾ ਗੰਜੀ ਕੰਪਾਉਂਡ ਸਥਿਤ ਬੇਹੱਦ ਖ਼ਤਰਨਾਕ ਘਰ ਨੂੰ ਤੋੜਣ ਪਹੁੰਚਿਆ ਸੀ। ਨਿਗਮ ਦੀ ਟੀਮ ਨੂੰ ਦੇਖ ਕੇ ਸਥਾਨਕ ਲੋਕਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸਥਾਨਕ ਵਿਧਾਇਕ ਆਕਾਸ਼ ਨੂੰ ਵੀ ਸੂਚਨਾ ਦੇ ਕੇ ਬੁਲਾ ਲਿਆ ਗਿਆ। ਉਸ ਨੇ ਆਉਂਦੇ ਹੀ ਜੇਸੀਬੀ ਦੀ ਚਾਬੀ ਕੱਢ ਲਈ। ਇਸ ਤੋਂ ਬਾਅਦ ਵਿਜੈਵਰਗੀਆ ਨੇ ਨਿਗਮ ਅਧਿਕਾਰੀਆਂ ਤੇ ਕਰਚਾਰੀਆਂ ਨੂੰ ਚੇਤਾਵਨੀ ਦਿੱਤੀ ਤੇ ਕਿਹਾ ਕਿ 10 ਮਿੰਟ ‘ਚ ਇੱਥੋਂ ਨਿਕਲ ਜਾਓ ਨਹੀ ਤਾਂ ਜੋ ਹੋਵੇਗਾ, ਉਸ ਦੇ ਜਿੰਮੇਵਾਰ ਤੁਸੀਂ ਆਪ ਹੋਵੋਗੇ।ਨਿਗਮ ਅਧਿਕਾਰੀਆਂ ਨੇ ਵਿਧਾਇਕ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ। ਇਸ ਦੌਰਾਨ ਹੋਈ ਤੂੰ-ਤੂੰ ਮੈਂ-ਮੈਂ ‘ਚ ਵਿਵਾਦ ਹੋਰ ਵਧ ਗਿਆ। ਇਸੇ ਦੌਰਾਨ ਵਿਧਾਇਕ ਨੇ ਆਪਣਾ ਆਪਾ ਖੋ ਦਿੱਤਾ ਤੇ ਅਧਿਕਾਰੀਆਂ ‘ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਤੇ ਲੋਕਾਂ ਨੇ ਆਕਾਸ਼ ਨੂੰ ਫੜ੍ਹ ਕੇ ਉਸ ਦਾ ਗੁੱਸਾ ਸ਼ਾਂਤ ਕੀਤਾ। ਇਸ ਬਾਰੇ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ਹੋ ਰਹੀ ਹੈ।