ਮਕਾਨ ਦੀ ਕੁਰਕੀ ਤੋਂ ਤੰਗ ਆਏ ਕਿਸਾਨ ਨੇ ਕੀਤੀ ਖ਼ੁਦਕੁਸ਼ੀ

farmer committed suicide in barnala

ਬਰਨਾਲਾ: ਸ਼ਹਿਰ ਦੇ ਨੇੜਲੇ ਪਿੰਡ ਪੱਤੀ ਸੇਖਵਾਂ ਦੇ 35 ਸਾਲਾ ਕਿਸਾਨ ਵੱਲੋਂ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ ਜਗਵਿੰਦਰ ਸਿੰਘ ਉਰਫ਼ ਬਿੱਟੂ ਵਜੋਂ ਹੋਈ ਹੈ। ਕਿਸਾਨ ਆਪਣੇ ਘਰ ਦੀ ਕੁਰਕੀ ਤੇ ਪਤਨੀ ਤੋਂ ਤੰਗ ਸੀ।

ਪ੍ਰਾਪਤ ਜਾਣਕਾਰੀ ਮੁਤਾਬਕ ਕਿਸਾਨ ਜਗਵਿੰਦਰ ਸਿੰਘ ਕੋਲ ਤਕਰੀਬਨ 13 ਏਕੜ ਜ਼ਮੀਨ ਸੀ, ਪਰ ਕਰਜ਼ਾ ਉਤਾਰਨ ਲਈ 11 ਕਿੱਲੇ ਵੇਚ ਦਿੱਤੇ ਸਨ। ਕਿਸਾਨ ਸਿਰ 30 ਲੱਖ ਰੁਪਏ ਬੈਂਕ ਤੇ ਤਕਰੀਬਨ 10 ਲੱਖ ਰੁਪਏ ਦੇ ਹੋਰ ਕਰਜ਼ਾ ਸੀ। ਸਿਰਫ਼ ਦੋ ਏਕੜ ਹੀ ਬਚੀ ਸੀ, ਪਰ ਉਸ ਦਾ ਕਰਜ਼ਾ ਨਾ ਉੱਤਰਿਆ, ਜਿਸ ਕਾਰਨ ਬੈਂਕ ਨੇ ਕਿਸਾਨ ਦਾ ਮਕਾਨ ਕੁਰਕ ਕਰ ਦਿੱਤਾ।

ਉਸ ਨੇ ਆਪਣੀ ਪਤਨੀ ਨੂੰ ਉਸ ਦੇ ਹਿੱਸੇ ਆਉਂਦੀ ਜ਼ਮੀਨ ਵੇਚਣ ਲਈ ਦਬਾਅ ਵੀ ਪਾਇਆ ਪਰ ਉਹ ਨਾ ਮੰਨੀ। ਕਿਸਾਨ ਆਪਣੀ ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਵੀ ਸਬੰਧ ਸਨ। ਇਸ ਕਾਰਨ ਜਗਵਿੰਦਰ ਸਿੰਘ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ ਅਤੇ ਐਤਵਾਰ ਸ਼ਾਮ ਉਸ ਨੇ ਸਲਫਾਸ ਖਾ ਲਈ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪਰ ਬਚਾਇਆ ਨਾ ਜਾ ਸਕਿਆ। ਪੁਲਿਸ ਨੇ ਮ੍ਰਿਤਕ ਦੀ ਪਤਨੀ ਤੇ ਉਸ ਦੇ ਸਾਥੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।