ਮੈਨੂੰ ਵੋਟ ਦਿਓ, ਨਹੀਂ ਤਾਂ ਕੰਮ ਕਰਵਾਉਣ ਵੇਲੇ ਸੋਚ ਲੈਣਾ-ਮੇਨਕਾ 

  • ਸੁਲਤਾਨਪੁਰ (ਯੂ. ਪੀ.), 12 ਅਪ੍ਰੈਲ (ਏਜੰਸੀ)-ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਇਕ ਵਿਵਾਦਤ ਟਿੱਪਣੀ ‘ਚ ਮੁਸਲਮਾਨਾਂ ਨੂੰ ਉਨ੍ਹਾਂ ਨੂੰ ਵੋਟ ਦੇਣ ਲਈ ਕਹਿੰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਖਤਮ ਹੋਣ ਦੇ ਬਾਅਦ ਉਨ੍ਹਾਂ ਨੂੰ ਉਨ੍ਹਾਂ (ਮੇਨਕਾ ਗਾਂਧੀ) ਦੀ ਜ਼ਰੂਰਤ ਪਵੇਗੀ | ਉਨ੍ਹਾਂ ਨੇ ਮੁਸਲਮਾਨਾਂ ਦੀ ਬਹੁ ਗਿਣਤੀ ਵਾਲੇ ਖੇਤਰ ਤੁਰਬਖ਼ਾਨੀ ‘ਚ ਕਿਹਾ ਕਿ ਅਸੀਂ ਮਹਾਤਮਾ ਗਾਂਧੀ ਨਹੀਂ ਹਾਂ ਕਿ ਅਸੀਂ ਦਿੰਦੇ ਰਹਾਂਗੇ ਅਤੇ ਬਦਲੇ ‘ਚ ਕੁਝ ਨਹੀਂ ਲਵਾਂਗੇ | ਸੁਲਤਾਨਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਮੇਨਕਾ ਗਾਂਧੀ ਨੇ ਦਾਅਵਾ ਕੀਤਾ ਕਿ ਉਹ ਜਿੱਤ ਰਹੀ ਹੈ ਤੇ ਮੁਸਲਿਮ ਸਰੋਤਿਆਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਕੱਲ੍ਹ ਨੂੰ ਲੋੜ ਪਵੇਗੀ | ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਇਸ ‘ਤੇ ਤਿੱਖੀ ਪ੍ਰਤੀਕਿਰਿਆ ਕਰਦਿਆਂ ਕਿਹਾ ਕਿ ਮੇਨਕਾ ਲੋਕਾਂ ਨੂੰ ਜਾਤੀ ਅਤੇ ਸੰਪਰਦਾਇਕਤਾ ਦੇ ਆਧਾਰ ‘ਤੇ ਵੰਡ ਰਹੀ ਹੈ | ਮੇਨਕਾ ਨੇ ਕਿਹਾ ਕਿ ਉਹ ਲੋਕਾਂ ਦੀ ਸਹਾਇਤਾ ਅਤੇ ਪਿਆਰ ਕਾਰਨ ਜਿੱਤ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਇਹ ਜਿੱਤ ਮੁਸਲਮਾਨਾਂ ਦੇ ਬਿਨਾਂ ਹੋਈ ਤਾਂ ਉਨ੍ਹਾਂ ਨੂੰ ਬਹੁਤ ਬੁਰਾ ਲੱਗੇਗਾ | ਉਨ੍ਹਾਂ ਦਾ ਮਨ ਖੱਟਾ ਹੋ ਜਾਵੇਗਾ, ਜੇਕਰ ਮੁਸਲਮਾਨ ਕਿਸੇ ਕੰਮ ਲਈ ਉਨ੍ਹਾਂ ਕੋਲ ਆਉਣਗੇ ਤਾਂ ਉਨ੍ਹਾਂ ਦਾ ਰਵੱਈਆ ਵੀ ਉਸੇ ਤਰਾਂ ਦਾ ਹੋਵੇਗਾ | ਉਨ੍ਹਾਂ ਸੁਝਾਅ ਦਿੰਦਿਆਂ ਕਿਹਾ ਕਿ ਇਹ ਮਾਮਲਾ ਲੈਣ-ਦੇਣ ਦਾ ਹੈ | ਅਸੀਂ ਮਹਾਤਮਾ ਗਾਂਧੀ ਦੀ ਔਲਾਦ ਨਹੀਂ ਹਾਂ ਕਿ ਬਦਲ ‘ਚ ਕੁਝ ਲਏ ਬਿਨਾਂ ਦਿੰਦੇ ਰਹਾਂਗੇ |