ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਬਰਤਾਨਵੀ ਪੁਲਿਸ ਵਲੋਂ ਗ੍ਰਿਫ਼ਤਾਰ

julian-assange-interpol-warrant-570x320ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਨੂੰ ਅੱਜ ਬਰਤਾਨਵੀ ਪੁਲਿਸ ਵਲੋਂ ਆਖਰ ਕਈ ਸਾਲਾਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਇਕਵਾਡੋਰ ਨੇ ਅਸਾਂਜੇ ਨੂੰ ਅੱਜ ਵੀਰਵਾਰ ਨੂੰ ਆਪਣੇ ਸਫਾਰਤਖਾਨੇ ‘ਚੋਂ ਬਾਹਰ ਕੱਢ ਦਿੱਤਾ ਸੀ, ਜਿਸ ਤੋਂ ਤੁਰੰਤ ਬਾਅਦ ਬਰਤਾਨਵੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਜ਼ਿਕਰਯੋਗ ਹੈ ਕਿ ਬਹੁ-ਚਰਚਿਤ ਅਸਾਂਜੇ ਨੇ ਪਿਛਲੇ 7 ਸਾਲ ਤੋਂ ਇਕਵਾਡੋਰ ਦੇ ਸਫਾਰਤਖਾਨੇ ਵਿਚ ਪਨਾਹ ਲਈ ਹੋਈ ਸੀ। ਉਸ ਵਲੋਂ ਜਾਰੀ ਕੀਤੇ ਖੁਫੀਆ ਦਸਤਾਵੇਜ਼ਾਂ ਕਾਰਨ ਅਮਰੀਕਾ ਨੂੰ ਵਿਸ਼ਵ ਪੱਧਰ ‘ਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਮੈਟਰੋਪੋਲੀਟਨ ਪੁਲਿਸ ਨੇ ਇੱਕ ਬਿਆਨ ਵਿਚ ਕਿਹਾ ਹੈ ਕਿ ਅਸਾਂਜੇ ਖ਼ਿਲਾਫ਼ ਸਾਲ 2012 ਵਿਚ ਵੈਸਟਮਿਨਸਟਰ ਮੈਜਿਸਟਰੇਟ ਅਦਾਲਤ ਵਲੋਂ ਜਾਰੀ ਵਾਰੰਟ ‘ਤੇ ਸਰੰਡਰ ਕਰਨ ਵਿਚ ਅਸਫਲ ਰਹਿਣ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। 7 ਸਾਲ ਪਹਿਲਾਂ ਉਹ ਇਕ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਸਵੀਡਨ ਹਵਾਲਗੀ ਦਾ ਸਾਹਮਣਾ ਕਰ ਰਿਹਾ ਸੀ, ਇਹ ਕੇਸ ਬਾਅਦ ਵਿਚ ਵਾਪਸ ਲੈ ਲਿਆ ਗਿਆ ਸੀ। ਸਕਾਟਲੈਂਡ ਯਾਰਡ ਦੇ ਅਧਿਕਾਰੀ ਨੇ ਕਿਹਾ ਕਿ ਇਕਵਾਡੋਰ ਦੇ ਰਾਜਦੂਤ ਵਲੋਂ ਅੰਬੈਸੀ ਵਿਚ ਬੁਲਾਇਆ ਗਿਆ ਸੀ ਤੇ ਉਨ੍ਹਾਂ ਅਸਾਂਜੇ ਦੀ ਰਾਜਨੀਤਕ ਸ਼ਰਨ ਰੱਦ ਕਰ ਦਿੱਤੀ ਹੈ। ਅਮਰੀਕਾ ਦੇ ਨਿਆਂ ਵਿਭਾਗ ਨੇ 47 ਸਾਲਾ ਅਸਾਂਜੇ ਖਿਲਾਫ ਅਪਰਾਧਕ ਦਸਤਾਵੇਜ਼ਾਂ ਦੇ ਪ੍ਰਕਾਸ਼ਨ ਨਾਲ ਸਬੰਧਿਤ ਅਪਰਾਧਕ ਦੋਸ਼ ਦਾਇਰ ਕੀਤਾ ਹੈ। ਜਦ ਕਿ ਬਚਾਅ ਪੱਖ ਦਾ ਕਹਿਣਾ ਹੈ ਕਿ ਇਹ ਖੁਫੀਆ ਦਸਤਾਵੇਜ਼ ਗਲਤੀ ਨਾਲ ਨਵੰਬਰ ਵਿਚ ਜਨਤਕ ਹੋ ਗਏ ਸਨ। ਅਸਾਂਜੇ ‘ਤੇ ਸਾਲ 2016 ਦੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਹਿਲੇਰੀ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਕੰਪਿਊਟਰਾਂ ਤੋਂ ਚੋਰੀ ਕੀਤੀ ਗਈ ਸਮੱਗਰੀ ਨੂੰ ਜਾਰੀ ਕਰਕੇ ਰੂਸੀ ਦਖ਼ਲ ਦੀ ਹਮਾਇਤ ਕਰਨ ਦੇ ਵੀ ਦੋਸ਼ ਹਨ। ਬਰਤਾਨੀਆ ਦੇ ਗ੍ਰਹਿ ਮੰਤਰੀ ਸਾਜਿਦ ਜਾਵੇਦ ਨੇ ਵੀ ਅਸਾਂਜੇ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਉਹ ਹੁਣ ਯੂ.ਕੇ. ਵਿਚ ਕਾਨੂੰਨ ਦਾ ਸਾਹਮਣਾ ਕਰੇਗਾ।
ਅਸਾਂਜੇ ਦੀ ਮੌਤ ਦੀ ਸਜ਼ਾ ਦੇ ਨਾਲ ਨਹੀਂ ਕੀਤੀ ਜਾਵੇਗੀ ਹਵਾਲਗੀ: ਰਾਸ਼ਟਰਪਤੀ ਲੈਨਿਨ
ਕਿਉਟੋ, ਇਕਵਾਡੋਰ ਦੇ ਰਾਸ਼ਟਰਪਤੀ ਲੈਨਿਨ ਮੋਰੇਨੋ ਨੇ ਵਿਕੀਲੀਕਸ ਦੇ ਸੰਸਥਾਪਕ ਜੁੂਲੀਅਨ ਅਸਾਂਜੇ ਬਾਰੇ ਇਕ ਵੀਡਿਓ ਜਾਰੀ ਕਰਦੇ ਹੋਏ ਕਿਹਾ ਕਿ ਉਹ ਉਸ ਕਿਸੇ ਵੀ ਦੇਸ਼ ਨੂੰ ਜੂਲੀਅਨ ਦੀ ਹਵਾਲਗੀ ਨਹੀਂ ਦੇਣਗੇ, ਜਿੱਥੇ ਉਸ ਨੂੰ ਤਸੀਹਿਆਂ ਜਾਂ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪਵੇ।
ਅਸਾਂਜੇ ਦੀ ਗ੍ਰਿਫਤਾਰੀ ‘ਪ੍ਰੈੱਸ ਆਜ਼ਾਦੀ ਦੇ ਕਾਲੇ ਪਲ’
ਮਾਸਕੋ, ਜੂਲੀਅਨ ਅਸਾਂਜੇ ਦੀ ਲੰਡਨ ਵਿਚ ਗ੍ਰਿਫਤਾਰੀ ਦੀ ਆਲੋਚਨਾ ਕਰਦੇ ਹੋਏ ਸਾਬਕਾ ਅਮਰੀਕੀ ਸਰਕਾਰੀ ਠੇਕੇਦਾਰ ਐਡਵਰਡ ਸਨੋਡੇਨ ਨੇ ਇਸ ਨੂੰ ਪ੍ਰੈੱਸ ਆਜ਼ਾਦੀ ਦਾ ਇਕ ਕਾਲਾ ਸਮਾਂ ਦੱਸਿਆ ਹੈ।