ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਉਪ ਪ੍ਰਧਾਨ ਹਰਵਿੰਦਰ ਸੋਨੀ ਉੱਪਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ

ਗੁਰਦਾਸਪੁਰ, ਸਥਾਨਕ ਸ਼ਹਿਰ ਦੇ ਬਹਿਰਾਮਪੁਰ ਰੋਡ ‘ਤੇ ਸਥਿਤ ਇੱਕ ਹਸਪਤਾਲ ਦੇ ਡਾਕਟਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ਾਂ ਤਹਿਤ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਉਪ ਪ੍ਰਧਾਨ ਹਰਵਿੰਦਰ ਸੋਨੀ ‘ਤੇ ਥਾਣਾ ਸਿਟੀ ਦੀ ਪੁਲਿਸ ਵਲੋਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸੋਨੀ ਵਲੋਂ ਆਪਣੇ ਕੁਝ ਵਿਅਕਤੀਆਂ ਨੂੰ ਮਹਾਂ-ਸ਼ਿਵਰਾਤਰੀ ਦੀ ਸ਼ੋਭਾ ਯਾਤਰਾ ਸੰਬੰਧੀ 5100 ਰੁਪਏ ਦੀ ਸਲਿਪ ਦੇ ਕੇ ਹਸਪਤਾਲ ਤੋਂ ਪੈਸੇ ਲਿਆਉਣ ਲਈ ਭੇਜਿਆ ਗਿਆ ਸੀ ਪਰ ਹਸਪਤਾਲ ਵਿਚ ਡਾਕਟਰ ਨਾ ਮਿਲਣ ਅਤੇ ਡਾ. ਗੋਪਾਲ ਰਾਜ ਵਲੋਂ ਪੈਸੇ ਦੇਣ ਤੋਂ ਇਨਕਾਰ ਕਰਨ ‘ਤੇ ਪਹਿਲਾਂ ਸੋਨੀ ਵਲੋਂ ਡਾ. ਗੋਪਾਲ ਰਾਜ ਨੂੰ ਫ਼ੋਨ ਕਰਕੇ ਗਾਲੀ ਗਲੋਚ ਕੀਤਾ ਗਿਆ। ਇਸ ਤੋਂ ਬਾਅਦ ਬਾਅਦ ‘ਚ ਉਸ ਨੇ ਆਪਣੇ 10-15 ਸੁਰੱਖਿਆ ਗਾਰਡਾਂ ਸਮੇਤ ਹਸਪਤਾਲ ਅੰਦਰ ਦਾਖਲ ਹੋ ਕੇ ਡਾ. ਗੋਪਾਲ ਰਾਜ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਥਾਣਾ ਸਿਟੀ ਦੀ ਪੁਲਿਸ ਵਲੋਂ ਡਾ. ਗੋਪਾਲ ਰਾਜ ਦੇ ਬਿਆਨਾਂ ਦੇ ਆਧਾਰ ‘ਤੇ ਹਰਵਿੰਦਰ ਸੋਨੀ ਵਿਰੁੱਧ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।