ਸੁਖਬੀਰ ਦੀ ਮੀਟਿੰਗ ਤੋਂ ਪਹਿਲਾਂ ਹੀ ਭਿੜੇ ਅਕਾਲੀ ਲੀਡਰ, ਗੱਲ ਹੱਥੋਪਾਈ ਤੱਕ ਪਹੁੰਚੀ

sarabjit makkar and hs walia scuffle in jalandhar
ਜਲੰਧਰ: ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਅੰਦਰ ਵੀ ਖਿੱਚੋਤਾਣ ਵਧ ਗਈ ਹੈ। ਵੀਰਵਾਰ ਨੂੰ ਜਲੰਧਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਆਪਸ ਹੀ ਖਹਿਬੜ ਪਏ। ਗੱਲ ਹੱਥੋਪਾਈ ਤੱਕ ਪਹੁੰਚ ਗਈ। ਮਾਮਲਾ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਕੋਲ ਪਹੁੰਚ ਗਿਆ ਹੈ ਜਿਸ ਮਗਰੋਂ ਉਨ੍ਹਾਂ ਨੇ ਜਲੰਧਰ ਵਿੱਚ ਹੋਣ ਵਾਲੀ ਮੀਟਿੰਗ ਵੀ ਟਾਲ ਦਿੱਤੀ ਹੈ।
 
ਦਰਅਸਲ ਸੁਖਬੀਰ ਬਾਦਲ ਨੇ ਜਲੰਧਰ ਛਾਉਣੀ ਹਲਕੇ ਵਿੱਚ 16 ਮਾਰਚ ਨੂੰ ਵਰਕਰਾਂ ਨਾਲ ਮੀਟਿੰਗ ਕਰਨੀ ਸੀ। ਮੀਟਿੰਗ ਨੂੰ ਲੈ ਕੇ ਹੀ ਤਿਆਰੀਆਂ ਚੱਲ਼ ਰਹੀਆਂ ਸੀ ਕਿ ਜਲੰਧਰ ਛਾਉਣੀ ਹਲਕੇ ਦੇ ਇੰਚਰਾਜ ਸਰਬਜੀਤ ਸਿੰਘ ਮੱਕੜ ਤੇ ‘ਆਪ’ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਆਏ ਐਚਐਸ ਵਾਲੀਆ ਵਿੱਚ ਤਿੱਖੀਆਂ ਝੜਪਾਂ ਹੋ ਗਈਆਂ। ਦੋਵੇਂ ਆਗੂਆਂ ਵਿਚਾਲੇ ਇੱਕ-ਦੂਜੇ ਦੇ ਕਾਲਰ ਫੜਨ ਤੱਕ ਨੌਬਤ ਆ ਗਈ।
 

ਦੱਸਿਆ ਜਾਂਦਾ ਹੈ ਕਿ ਦੋਹਾਂ ਆਗੂਆਂ ਵਿਚਾਲੇ ਤਲਖਕਲਾਮੀ ਦਾ ਮੁੱਢ ਉਦੋਂ ਬੱਝਾ ਜਦੋਂ ਬਾਠ ਕੈਸਲ ਵਿੱਚ ਵਾਲੀਆ 16 ਮਾਰਚ ਨੂੰ ਹੋਣ ਵਾਲੀ ਮੀਟਿੰਗ ਦੇ ਪ੍ਰਬੰਧ ਦੇਖ ਰਹੇ ਸਨ। ਇਸ ਦੌਰਾਨ ਉੱਥੇ ਜਦੋਂ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਪਹੁੰਚੇ ਤਾਂ ਉਹ ਵਾਲੀਆ ਨੂੰ ਦੇਖ ਕੇ ਲੋਹੇ-ਲਾਖੇ ਹੋ ਗਏ। ਇੱਥੇ ਹੀ ਦੋਵਾਂ ਲੀਡਰਾਂ ਵਿਚਾਲੇ ਝਗੜਾ ਹੋ ਗਿਆ।