ਹਸਪਤਾਲ ਦੇ ‘ਸਤਾਏ ਅਣਪਛਾਤੇ’ ਨੇ ਰਿਕਾਰਡ ਰੂਮ ‘ਚ ਲਿਆਂਦਾ ਭੂਚਾਲ (ਵੀਡੀਓ)

 ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਜਨਮ ਤੇ ਮੌਤ ਸਰਟੀਫਿਕੇਟ ਤੋਂ ਲੈ ਕੇ ਰਿਪੋਰਟਾਂ ਤੱਕ ਜਿੰਨਾਂ ਵੀ ਹਸਪਤਾਲ ਦਾ ਰਿਕਾਰਡ ਸੀ, ਉਹ ਸਭ ਪਾੜ ਤੇ ਖਿਲਾਰ ਦਿੱਤਾ ਗਿਆ। ਪਹਿਲੀ ਨਜ਼ਰੇ ਇਹ ਕੰਮ ਕਿਸੇ ਚੋਰ ਦਾ ਲੱਗਦਾ ਹੈ ਪਰ ਅਜਿਹਾ ਨਹੀਂ ਹੈ। ਪਤਾ ਲੱਗਾ ਹੈ ਕਿ ਰਿਕਾਰਡ ਪਾੜਣ ਵਾਲੇ ਵੱਲੋਂ ਉਥੇ ਇਕ ਸਲਿੱਪ ਰੱਖੀ ਗਈ, ਜਿਸ ਵਿਚ ਲਿਖਿਆ ਹੈ ‘ਨਾ ਦਿਓ ਰਿਪੋਰਟਾਂ’। ਇਸ ਸਲਿੱਪ ਨੂੰ ਵੇਖ ਕੇ ਲੱਗਦਾ ਹੈ ਕਿ ਕਿਸੇ ਨੇ ਜਾਣਬੁੱਝ ਕੇ ਖੁੰਦਕ ਕੱਢਦਿਆਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਹਸਪਤਾਲ ਦੇ ਜਿਸ ਐੱਸ. ਏ. ਰੂਮ ‘ਚ ਇਹ ਰਿਕਾਰਡ ਪਿਆ ਸੀ, ਉਥੋਂ ਦੇ ਸੀ.ਸੀ.ਟੀ.ਵੀ. ਕੈਮਰੇ ਵੀ ਬੰਦ ਸਨ ਜਾਂ ਫਿਰ ਖਰਾਬ ਸਨ, ਜਿਸ ਕਾਰਨ ਰਿਕਾਰਡ ਪਾੜਣ ਵਾਲੇ ਦਾ ਪਤਾ ਨਹੀਂ ਲੱਗ ਸਕਿਆ। ਹਾਲਾਂਕਿ ਸਟੋਰ ਇੰਚਾਰਜ ਦਾ ਕਹਿਣਾ ਹੈ ਕਿ ਸਾਰਾ ਰਿਕਾਰਡ ਆਨਲਾਈਨ ਸੇਵ ਹੈ।

PunjabKesariਬਿਨਾਂ ਸ਼ੱਕ ਹਸਪਤਾਲ ਵਲੋਂ ਸਾਰਾ ਰਿਕਾਰਡ ਸੁਰੱਖਿਅਤ ਹੋਣ ਦੀ ਗੱਲ ਕਹੀ ਜਾ ਰਹੀ ਹੈ ਪਰ ਰਿਕਾਰਡ ਪਾੜਣ ਵਾਲੇ ਵਿਅਕਤੀ ਵਲੋਂ ਲਗਾਈ ਗਈ ਇਹ ਸਲਿੱਪ ਅਜਿਹੇ ਕਈ ਸਵਾਲ ਪੈਦਾ ਕਰਦੀ ਹੈ, ਜੋ ਹਸਪਤਾਲ ਦੀ ਕਾਰਗੁਜ਼ਾਰੀ ‘ਤੇ ਪ੍ਰਸ਼ਨ ਚਿੰਨ੍ਹ ਲਗਾਉਂਦੇ ਹਨ।