29 ਸਾਲ ਪੁਰਾਣੇ ਹਿਰਾਸਤੀ ਮੌਤ ਮਾਮਲੇ ‘ਚ ਸੰਜੀਵ ਭੱਟ ਨੂੰ ਉਮਰ ਕੈਦ

5 ਹੋਰ ਪੁਲਿਸ ਮੁਲਾਜ਼ਮਾਂ ਨੂੰ ਵੀ ਸੁਣਾਈ ਸਜ਼ਾ

ਗੁਜਰਾਤ ਦੀ ਇਕ ਅਦਾਲਤ ਨੇ ਅੱਜ ਨੌਕਰੀ ਤੋਂ ਹਟਾਏ ਗਏ ਆਈ.ਪੀ.ਐਸ. ਅਧਿਕਾਰੀ ਸੰਜੀਵ ਭੱਟ ਨੂੰ 1990 ਦੇ ਇਕ ਹਿਰਾਸਤੀ ਮੌਤ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਾਮਨਗਰ-ਆਧਾਰਿਤ ਅਦਾਲਤ ਦੇ ਸੈਸ਼ਨ ਜੱਜ ਡੀ.ਐਨ. ਵਿਆਸ ਨੇ ਇਸ ਮਾਮਲੇ ‘ਚ ਸੰਜੀਵ ਭੱਟ ਅਤੇ ਕਾਂਸਟੇਬਲ ਪ੍ਰਵੀਨ ਸਿੰਹ ਜ਼ਾਲਾ ਨੂੰ ਧਾਰਾ 302 (ਹੱਤਿਆ) ਦਾ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਸ ਮਾਮਲੇ ‘ਚ ਦੋਸ਼ੀ ਠਹਿਰਾਏ 5 ਹੋਰ ਪੁਲਿਸ ਮੁਲਾਜ਼ਮਾਂ ਸਬ-ਇੰਸਪੈਕਟਰ ਦੀਪਕ ਸ਼ਾਹ ਤੇ ਸਲੇਸ਼ ਪਾਂਡੀਆ, ਕਾਂਸਟੇਬਲ ਪ੍ਰਵੀਨ ਸਿੰਹ ਜਡੇਜਾ, ਅਨੂਪ ਸਿੰਹ ਜੇਠਵਾ ਤੇ ਕੇਸ਼ੂਭਾਅ ਜੇਠਵਾ ਨੂੰ 2-2 ਸਾਲ ਦੀ ਸਜ਼ਾ ਸੁਣਾਈ ਹੈ। ਜ਼ਿਕਰਯੋਗ ਹੈ ਕਿ ਇਹ ਮਾਮਲਾ 30 ਅਕਤੂਬਰ 1990 ਦਾ ਹੈ ਜਦੋਂ 1990 ‘ਚ ਸੰਜੀਵ ਭੱਟ ਗੁਜਰਾਤ ਦੇ ਜਾਮਨਗਰ ਜ਼ਿਲ੍ਹੇ ਦੇ ਵਧੀਕ ਪੁਲਿਸ ਕਪਤਾਨ ਸਨ ਅਤੇ ਉਨ੍ਹਾਂ ਜਾਮ ਜੋਧਪੁਰ ਕਸਬੇ ਦੇ ਫਿਰਕੂ ਦੰਗਿਆਂ ਦੌਰਾਨ 150 ਲੋਕਾਂ ਨੂੰ ਹਿਰਾਸਤ ‘ਚ ਲਿਆ ਸੀ, ਜੋ ਭਾਜਪਾ ਦੇ ਸੀਨੀਅਰ ਨੇਤਾ ਐਲ.ਕੇ. ਅਡਵਾਨੀ ਵਲੋਂ ਅਯੁੱਧਿਆ ‘ਚ ਰਾਮ ਮੰਦਰ ਨਿਰਮਾਣ ਲਈ ਕੱਢੀ ਜਾ ਰਹੀ ‘ਰੱਥ ਯਾਤਰਾ’ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। ਇਨ੍ਹਾਂ ਗ੍ਰਿਫ਼ਤਾਰ ਲੋਕਾਂ ‘ਚੋਂ ਪ੍ਰਭੂਦਾਸ ਵੈਸ਼ਨਾਨੀ ਨਾਂਅ ਦੇ ਇਕ ਵਿਅਕਤੀ ਦੀ ਰਿਹਾਈ ਤੋਂ ਬਾਅਦ ਹਸਪਤਾਲ ‘ਚ ਮੌਤ ਹੋ ਗਈ ਸੀ ਅਤੇ ਉਸ ਦੇ ਭਰਾ ਨੇ ਸੰਜੀਵ ਭੱਟ ਤੇ 6 ਹੋਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਹਿਰਾਸਤ ਦੌਰਾਨ ਉਸ ਦੇ ਭਰਾ ਨੂੰ ਤਸੀਹੇ ਦੇਣ ਦਾ ਇਲਜ਼ਾਮ ਲਗਾਉਂਦਿਆਂ ਮਾਮਲਾ ਦਰਜ ਕਰਵਾਇਆ ਸੀ।