ਸਮੁੱਚੇ ਵਿਸ਼ਵ ‘ਚ 12 ਜੁਲਾਈ ਨੂੰ ਰਿਲੀਜ਼ ਹੋਵੇਗੀ ਪੰਜਾਬੀ ਫਿਲਮ “ਫੇਰ ਮਾਮਲਾ ਗੜਬੜ ਗੜਬੜ” (Video News)

ਸਫਲਤਾ ਲਈ ਕੋਈ ਸ਼ਾਰਟ ਕੱਟ ਨਹੀ ਹੁੰਦਾ, ਸਿਰ ਫਿਰੇ ਫਿਲਮ ‘ਚ ਕੰਮ ਕਰਨ ਦੀ ਅੱਜ ਤੱਕ ਨਮੌਸ਼ੀ ਹੈ – ਰੋਸ਼ਨ ਪ੍ਰਿੰਸ

ਸੰਤੁਲਿਤ ਮਿਆਰੀ ਫਿਲਮ ਹੈ ਫੇਰ ਮਾਮਲਾ ਗੜਬੜ ਗੜਬੜ – ਜਪੁਜੀ ਖੈਹਿਰਾ

ਮੋਗਾ, 6 ਜੁਲਾਈ, (ਕਸ਼ਿਸ਼ ਸਿੰਗਲਾ) – ਜਿੰਦਗੀ ਵਿੱਚ ਸਫਲਤਾ ਲਈ ਕਦੀ ਕੋਈ ਸ਼ਾਰਟ ਕੱਟ ਨਹੀ ਹੁੰਦਾ ਤੇ ਕਾਮਯਾਬੀ ਲਈ ਦ੍ਰਿੜ ਇਰਾਦੇ ਨਾਲ ਮਿਹਨਤ ਕਰਨੀ ਪੈਂਦੀ ਹੈ ਤੇ ਜਲਦਬਾਜੀ ਵਿੱਚ ਸਫਲਤਾ ਲਈ ਕੀਤੀ ਕਾਹਲੀ ਹਮੇਸ਼ਾਂ ਗੜਬੜ ਹੀ ਪੈਦਾ ਕਰਦੀ ਹੈ ਇਹ ਸੰਦੇਸ਼ ਦੇ ਰਹੀ ਹੈ 12 ਜੁਲਾਈ ਨੂੰ ਵਿਸ਼ਵ ਭਰ ਵਿੱਚ ਜਾਰੀ ਹੋ ਰਹੀ ਸੰਗੀਤ ਮੁਕਾਬਲੇ ਰਾਂਹੀਂ ਜੇਤੂ ਬਣਕੇ ਪੰਜਾਬੀ ਗਾਇਕ ਤੇ ਫਿਰ ਅਦਾਕਾਰ ਬਣੇ ਰੌਸ਼ਨ ਪ੍ਰਿੰਸ ਦੀ ਨਵੀਂ ਪੰਜਾਬੀ ਫਿਲਮ ਫੇਰ ਮਾਮਲਾ ਗੜਬੜ ਗੜਬੜ ਜਿਸ ਦੇ ਪ੍ਰਚਾਰ ਲਈ ਅੱਜ ਫਿਲਮ ਦੇ ਸਾਥੀ ਕਲਾਕਾਰਾਂ ਨਾਲ ਮੋਗਾ ਦੇ ਔਰਬਿਟ ਮਾਲਟੀਪਲੈਕਸ ਵਿਖੇ ਪੁੱਜਣ ‘ਤੇ ਔਰਬਿਟ ਦੇ ਸੰਚਾਲਕ ਤੁਸ਼ਾਰ ਗੋਇਲ ਵੱਲੋਂ ਮਲਟੀਪਲੈਕਸ ਵਿਖੇ ਪੁੱਜੀ ਫਿਲਮ ਦੀ ਸਟਾਰ ਕਾਸਟ ਜਿਸ ਵਿੱਚ ਫਿਲਮ ਦੀ ਨਾਇਕਾ ਜਪੁਜੀ ਖੈਹਿਰਾ, ਭਾਨੂੰ ਮਹਿਰਾ ਹਾਸਰਸ ਕਲਾਕਾਰ ਕਰਮਜੀਤ ਅਨਮੋਲ ਸ਼ਾਮਿਲ ਸਨ ਦਾ ਨਿੱਘਾ ਸਵਾਗਤ ਕੀਤਾ ਗਿਆ ਜਿਸ ਉਪਰੰਤ ਪੱਤਰਕਾਰਾਂ ਦੇ ਰੂਬਰੂ ਹੋਏ ਰੌਸ਼ਨ ਪ੍ਰਿੰਸ ਨੇ ਫਿਲਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੇਰ ਮਾਮਲਾ ਗੜਬੜ ਗੜਬੜ ਗੁੰਦਵੀਂ ਕਹਾਣੀ ਤੇ ਅਧਾਰਿਤ ਮਨੋਰੰਜਨ ਭਰਪੂਰ ਮੁਕੰਮਲ ਪਰਵਾਰਕ ਫਿਲਮ ਹੈ ਜੋ ਦਰਸ਼ਕਾਂ ਨੂੰ ਨਾਲ ਜੋੜਕੇ ਨਿਰੰਤਰ ਅੱਗੇ ਵਧਦੀ ਹੈ ਤੇ ਹਾਸਰਸ ਕਲਾਕਾਰਾਂ ਨਾਲ ਲੈਸ ਇਹ ਫਿਲਮ ਸਾਰੇ ਪੱਖਾਂ ਤੋਂ ਸੰਪੂਰਨ ਹੈ ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ ਤੇ ਹਰੇਕ ਵਰਗ ਦੇ ਦਰਸ਼ਕ ਨੂੰ ਸੰਤੁਸ਼ਟ ਕਰੇਗੀ। ਪਿੰ੍ਰਸ ਨੇ ਦੱਸਿਆ ਕਿ ਨਾਮੀ ਨਿਰਦੇਸ਼ਕ ਜੋੜੀ ਰਿੰਪੀ, ਪ੍ਰਿੰਸ ਵੱਲੋਂ ਨਿਰਦੇਸ਼ਤ ਦੂਜੀ ਪੰਜਾਬੀ ਫਿਲਮ ਇਕ ਅਜਿਹੇ ਨੌਜਵਾਨ ਦੀ ਕਹਾਣੀ ਹੈ ਜੋ ਹੀਰੋ ਬਨਣ ਦੀ ਖੁਆਹਿਸ਼ ਰੱਖਦਾ ਹੈ ਤੇ ਆਪਣਾ ਸੁਪਨਾ ਕਾਹਲੀ ਵਿੱਚ ਪੂਰਾ ਕਰਨਾ ਚਾਹੁੰਦਾ ਹੈ ਜਿਸ ਵੱਲੋਂ ਕੀਤੀ ਜਲਦਬਾਜੀ ਗੜਬੜ ਪੈਦਾ ਕਰ ਦਿੰਦੀ ਹੈ ਤੇ ਇਹੀ ਗੜਬੜ ਦਰਸ਼ਕਾਂ ਦੇ ਮਨੋਰੰਜਨ ਦਾ ਸਬੱਬ ਬਣਦੀ ਹੈ ਤੇ ਸੰਦੇਸ਼ ਦਿੰਦੀ ਹੈ ਕਿ ਸਫਲਤਾ ਦਾ ਕੋਈ ਛੋਟਾ ਰਸਤਾ ਨਹੀਂ ਹੈ ਜਿਸ ਦੀ ਕਹਾਣੀ ਤੇ ਸੰਦੇਸ਼ ਵਿਸ਼ੇਸ਼ ਹੈ ਜੋ ਦਰਸ਼ਕਾਂ ਦੀਆਂ ਉਮੀਦਾਂ ਪੂਰੀਆਂ ਕਰੇਗਾ। ਪਹਿਲਾਂ ਆਈ ਫਿਲਮ ਸਿਰ ਫਿਰੇ ਦੀ ਅਸ਼ਲੀਲਤਾ ਕਾਰਨ ਹੋਈ ਅਲੋਚਨਾ ਬਾਰੇ ਪੁੱਛੇ ਜਾਣ ਤੇ ਪ੍ਰਿੰਸ ਨੇ ਕਿਹਾ ਕਿ ਸਿਰ ਫਿਰੇ ਲਈ ਉਨ੍ਹਾਂ ਨੂੰ ਅੱਜ ਤੱਕ ਨਮੋਸ਼ੀ ਹੈ ਜੋ ਫਿਲਮ ਦੇ ਪ੍ਰੀਮੀਅਰ ਸਮੇਂ ਹੀ ਸ਼ੁਰੂ ਹੋ ਗਈ ਸੀ ਤੇ ਉਨ੍ਹਾਂ ਨੂੰ ਅੱਜ ਤੱਕ ਅਫਸੋਸ ਹੈ ਕਿ ਉਨ੍ਹਾਂ ਨੇ ਅਜਿਹੀ ਫਿਲਮ ਕਿਉ ਕੀਤੀ ਜਿਸ ਦਾ ਕਾਰਨ ਪ੍ਰਪੱਕਤਾ ਦੀ ਘਾਟ ਤੇ ਸਮੇਂ ਦੀਆਂ ਪ੍ਰਸਥਿਤੀਆਂ ਸਨ ਪਰ ਹੁਣ ਉਹ ਆਪਣੀ ਗਲਤੀ ਦੇ ਸੁਧਾਰ ਲਈ ਵੱਧ ਤੋਂ ਵੱਧ ਚੰਗਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਤੇ ਇਹ ਫਿਲਮ ਉਸ ਦੀ ਉਦਾਹਰਨ ਬਣੇਗੀ ਜਿਸ ਲਈ ਦਰਸ਼ਕਾਂ ਦਾ ਸਹਿਯੋਗ ਜਰੂਰੀ ਹੈ। ਫਿਲਮ ਦੀ ਨਾਇਕਾ ਜਪੁਜੀ ਖੈਹਿਰਾ ਨੇ ਕਿਹਾ ਕਿ ਜੱਗੀ ਸਿੰਘ ਦੇ ਗੀਤਾਂ ਤੇ ਸੰਗੀਤ ਨਾਲ ਸ਼ਿੰਗਾਰੀ ਇਹ ਫਿਲਮ ਸੰਤੁਲਿਤ ਮਿਆਰੀ ਫਿਲਮ ਹੈ ਜਿਸ ਦੇ ਗੀਤ ਸੰਗੀਤ ਨੇ ਸਰੋਤਿਆਂ ਤੇ ਜਾਦੂ ਕਰ ਦਿੱਤਾ ਹੈ ਤੇ ਇਸ ਫਿਲਮ ਵਿੱਚ ਉਨ੍ਹਾਂ ਦਾ ਕਿਰਦਾਰ ਰਵਾਇਤੀ ਪਹਿਰਾਵੇ ਵਾਲੀ ਠੇਠ ਪੇਂਡੂ ਪੰਜਾਬਣ ਮੁਟਿਆਰ ਦਾ ਹੈ ਜੋ ਸੱਭਿਆਚਾਰ ਨਾਲ ਜੁੜੀ ਹੋਈ ਪੰਜਾਬੀਅਤ ਦੀ ਤਰਜ਼ੁਮਾਨੀ ਕਰਦੀ ਹੈ ਤੇ ਹੀਰੋਇਨ ਬਨਣਾ ਚਾਹੁੰਦੀ ਹੈ ਪਰ ਮਾਮਲਾ ਗੜਬੜ ਹੋ ਜਾਂਦਾ ਹੈ। ਦੂਜੀ ਨਾਇਕਾ ਭਾਨੂੰ ਮਹਿਰਾ ਨੇ ਕਿਹਾ ਕਿ ਫਿਲਮ ਵਿੱਚ ਕੁੱਲ 32 ਕਲਾਕਾਰਾਂ ਨੇ ਆਪਣੀ ਅਦਾਕਾਰੀ ਦੇ ਜੌਹਰ ਵਿਖਾਏ ਹਨ ਜਿਨ੍ਹਾਂ ਵਿੱਚ ਰੰਗਮੰਚ ਨਾਲ ਜੁੜੇ ਸੁਲਝੇ ਹੋਏ ਕਲਾਕਾਰ ਸ਼ਾਮਲ ਹਨ ਜਿਨ੍ਹਾਂ ਵਿਚੋਂ ਉਸ ਦਾ ਕਿਰਦਾਰ ਆਧੁਨਿਕ ਸ਼ਹਿਰੀ ਡਾਕਟਰ ਕੁੜੀ ਦਾ ਹੈ ਜਿਸ ਨਾਲ ਉਸ ਦੀ ਪੰਜਾਬ ਵਿੱਚ ਘਰ ਵਾਪਸੀ ਹੋਈ ਹੈ ਤੇ ਉਸ ਨੂੰ ਆਪਣੀ ਪਹਿਲੀ ਪੰਜਾਬੀ ਫਿਲਮ ਤੋਂ ਭਰਪੂਰ ਉਮੀਦਾਂ ਹਨ। ਹਾਸਰਸ ਕਲਾਕਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਹਾਸਾ ਪੰਜਾਬੀਆਂ ਦੀ ਫਿਤਰਤ ਹੈ ਜੋ ਇਸ ਮਿੱਟੀ ਵਿੱਚ ਸਮਾਇਆ ਹੋਇਆ ਹੈ ਤੇ ਪਰਵਾਰਿਕ ਕਮੇਡੀ ਫਿਲਮਾਂ ਦਾ ਚੱਲ ਰਿਹਾ ਦੌਰ ਪੰਜਾਬੀ ਸਨੇਮੇ ਦਾ ਸੁਨਿਹਰਾ ਸਮਾਂ ਹੈ ਜੋ ਜਾਰੀ ਰਹੇਗਾ ਕਿਉਕਿ ਹੱਸੇ ਠੱਠੇ ਨੂੰ ਪੰਜਾਬੀ ਜੀਵਨ ਵਿਚੋਂ ਮਨਫੀ ਨਹੀਂ ਕੀਤਾ ਜਾ ਸਕਦਾ ਤੇ ਮਨੋਰੰਜਕ ਫਿਲਮਾਂ ਦੇ ਚਾਹਵਾਨ ਦਰਸ਼ਕਾਂ ਨੂੰ ਫੇਰ ਮਾਮਲਾ ਗੜਬੜ ਗੜਬੜ ਜਰੂਰ ਵੇਖਣੀ ਚਾਹੀਦੀ ਹੈ ਜੋ ਉਮੀਦਾਂ ਤੇ ਖਰੀ ਉਤਰੇਗੀ। ਇਸ ਮੌਕੇ ਫਿਲਮ ਦੇ ਕਲਾਕਾਰਾਂ ਵੱਲੋਂ ਫਿਲਮ ਦਾ ਮੁੱਖ ਗੀਤ ਵੀ ਗਾਕੇ ਸੁਣਾਇਆ ਗਿਆ।