ਇਟਲੀ : ਵਿਦੇਸ਼ੀ ਆਪਣੇ ਦੇਸ਼ ਤੋਂ ਪ੍ਰਾਪਤ ਹੋਏ ਲਾਇਸੈਂਸ ਨਾਲ ਵਾਹਨ ਚਲਾ ਸਕਦਾ ਹੈ?

ਰੋਮ (ਇਟਲੀ) 30 ਮਾਰਚ (ਵਰਿੰਦਰ ਕੌਰ ਧਾਲੀਵਾਲ) – ਇਟਲੀ ਵਿਚ ਗੱਡੀ ਚਲਾਉਣ ਲਈ ਡਰਾਈਵਿੰਗ ਲਾਇਸੈਂਸ ਦਾ ਹੋਣਾ ਜਰੂਰੀ ਹੈ, ਜੋ ਕਿ ‘ਦੀਪਾਰਤੀਮੈਂਤੋ ਤਰਾਸਪੋਰਤੀ ਤੇਰੇਸਤਰੀ ਦੈਲ ਮੀਨੀਸਤੇਰੋ ਦੈਲੇ ਇਨਫਰਾਸਤਰੂਤੂਰੇ ਏ ਦੇਈ ਤਰਾਸਪੋਰਤ (ਐਕਸ ਮੋਤੋਰੀਸਾਸੀਓਨੇ ਚੀਵੀਲੇ)’ ਤੋਂ ਜਾਰੀ ਹੋਇਆ ਹੋਵੇ। ਵਿਦੇਸ਼ੀ ਨਾਗਰਿਕ ਇਟਲੀ ਵਿਚ ਇਕ ਸਾਲ ਦੇ ਸਮੇਂ ਲਈ ਆਪਣੇ ਦੇਸ਼ ਦੇ ਲਾਇਸੈਂਸ ‘ਤੇ ਇਟਲੀ ਵਿਚ ਗੱਡੀ ਚਲਾ ਸਕਦੇ ਹਨ, ਜਾਂ ਉਨ੍ਹਾਂ ਕੋਲ ਆਪਣੇ ਦੇਸ਼ ਤੋਂ ਜਾਰੀ ਹੋਇਆ ਅੰਤਰਰਾਸ਼ਟਰੀ ਡਰਾਈਵਿੰਗ ਲਾਇਸੈਂਸ ਹੋਵੇ, ਅਜਿਹਾ ਨਾ ਹੋਣ ‘ਤੇ 400 ਯੂਰੋ ਤੋਂ ਲੈ ਕੇ 1,600 ਯੂਰੋ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ।
ਅਜਿਹਾ ਕਰਨ ਲਈ ਉਨ੍ਹਾਂ ਨੂੰ ਆਪਣਾ ਡਰਾਈਵਿੰਗ ਲਾਇਸੈਂਸ ਇਟਾਲੀਅਨ ਭਾਸ਼ਾ ਵਿਚ ਅਨੁਵਾਦ ਕਰਵਾਉਣਾ ਪਵੇਗਾ। ਅਨੁਵਾਦ ਕਰਵਾਉਣ ਉਪਰੰਤ ਅਨੁਵਾਦਿਤ ਕਾਪੀ ਨੂੰ ਇਟਾਲੀਅਨ ਕੋਰਟ ਜਾਂ ਨੋਟਰੀ ਵੱਲੋਂ ਤਸਦੀਕ ਕਰਵਾਉਣਾ ਲਾਜ਼ਮੀ ਹੈ, ਜਿਸ ਨਾਲ ਇਸਦੀ ਅਸਲ ਪ੍ਰਮਾਣਿਤ ਹੋ ਸਕੇ। ਅਨੁਵਾਦਿਤ ਨੂੰ ਤਸਦੀਕ ਕਰਨ ਲਈ ਵਿਦੇਸ਼ੀ ਆਪਣੇ ਦੇਸ਼ ਦੀ ਇਟਲੀ ਸਥਿਤ ਅੰਬੈਸੀ ਜਾਂ ਕੌਂਸਲੇਟ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਅੰਬੈਸੀ ਜਾਂ ਕੌਂਸਲੇਟ ਵੱਲੋਂ ਤਸਦੀਕ ਕੀਤੇ ਗਏ ਦਸਤਾਵੇਜ਼ ਨੂੰ ਪਰੇਫੇਤੂਰਾ ਤੋਂ ਮੁੜ ਤਸਦੀਕ ਕਰਵਾਉਣਾ ਲਾਜ਼ਮੀ ਹੈ।
ਜੇ ਤੁਹਾਨੂੰ ਇਟਲੀ ਵਿਚ ਰਹਿੰਦਿਆਂ ਇਕ ਸਾਲ ਤੋਂ ਵਧੇਰਾ ਸਮਾਂ ਹੋ ਚੁੱਕਿਆ ਹੈ, ਤਾਂ ਤੁਸੀਂ ਆਪਣੇ ਡਾਈਵਿੰਗ ਲਾਇਸੈਂਸ ਨੂੰ ਇਟਾਲੀਅਨ ਡਰਾਈਵਿੰਗ ਲਾਇਸੈਂਸ ਵਿਚ ਤਬਦੀਲ ਕਰਨ ਦੀ ਦਰਖਾਸਤ ਦੇ ਸਕਦੇ ਹੋ। ਸਮਾਂ ਲੰਘ ਚੁੱਕੇ ਡਰਾਇਵਿੰਗ ਲਾਇਸੈਂਸ ‘ਤੇ ਗੱਡੀ ਚਲਾਉਣ ਦੇ ਜੁਰਮ ਵਿਚ 168 ਯੂਰੋ ਤੋਂ ਲੈ ਕੇ 674 ਯੂਰੋ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਯਾਦ ਰਹੇ ਕਿ ਇਹ ਤਬਦੀਲੀ ਉਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਲਈ ਹੋ ਸਕਦੀ ਹੈ, ਜਿਨ੍ਹਾਂ ਨਾਲ ਇਟਲੀ ਦਾ ਇਸ ਸਬੰਧੀ ਆਪਸੀ ਸਮਝੌਤਾ ਹੋਇਆ ਹੋਵੇ।
15 ਅਗਸਤ 2009 ਤੋਂ ਅਲਜੀਰੀਆ ਨਾਲ ਹੋਏ ਸਮਝੌਤੇ ਦੀ ਮਣਿਆਦ 5 ਸਾਲ ਤੱਕ ਹੈ। ਸਮੇਂ ਸਮੇਂ ‘ਤੇ ਇਸ ਸਬੰਧੀ ਜਾਣਕਾਰੀ ਵੀ ਲੈਣੀ ਚਾਹੀਦੀ ਹੈ, ਵਾਹਨ ਚਲਾਉਣ ਤੋਂ ਇਸ ਬਾਰੇ ਜਾਣਕਾਰੀ ਲੈ ਲੈਣੀ ਲਾਭਦਾਇਕ ਹੈ ਕਿ ਇਟਲੀ ਦਾ ਨਾਗਰਿਕ ਦੇ ਦੇਸ਼ ਨਾਲ ਇਸ ਸਬੰਧੀ ਸਮਝੌਤਾ ਹੋਇਆ ਹੈ ਕਿ ਨਹੀਂ। 
ਕੈਨੇਡਾ, ਯੂ ਐਸ, ਜਾਂਬੀਆ, ਚਿੱਲੀ ਦੇ ਆਮ ਨਾਗਰਿਕਾਂ ਦਾ ਡਰਾਈਵਿੰਗ ਲਾਇਸੈਂਸ ਤਬਦੀਲ ਨਹੀਂ ਹੋ ਸਕਦਾ, ਬਸ਼ਰਤੇ ਕਿ ਉਹ ਡਿਪਲੋਮੇਟ ਜਾਂ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਿਤ ਹੋਣ ਜਾਂ ਇਨ੍ਹਾਂ ਦੇਸ਼ਾਂ ਦੇ ਨਾਗਰਿਕ ਸਰਕਾਰੀ ਮਿਸ਼ਨ ‘ਤੇ ਇਟਲੀ ਆਏ ਹੋਣ।

ਦਰਖਾਸਤ ਦੇਣ ਲਈ
ਡਰਾਈਵਿੰਗ ਲਾਇਸੈਂਸ ਨੂੰ ਤਬਦੀਲ ਕਰਵਾਉਣ ਲਈ ਦਰਖਾਸਤ ‘ਦੀਪਾਰਤੀਮੈਂਤੋ ਤਰਾਸਪੋਰਤੀ ਤੇਰੇਸਤਰੀ ਦੈਲ ਮੀਨੀਸਤੇਰੋ ਦੈਲੇ ਇਨਫਰਾਸਤਰੂਤੂਰੇ ਏ ਦੇਈ ਤਰਾਸਪੋਰਤ (ਐਕਸ ਮੋਤੋਰੀਸਾਸੀਓਨੇ ਚੀਵੀਲੇ)’ ਦੇ ਸਥਾਨਕ ਦਫ਼ਤਰ ਵਿਚ ਦਿੱਤੀ ਜਾਵੇ।

ਇਹ ਦਰਖਾਸਤ ਡਰਾਈਵਿੰਗ ਲਾਇਸੈਂਸ ਧਾਰਕ ਵੱਲੋਂ ਵਿਦੇਸ਼ੀ ਵਜੋਂ ਜਮਾਂ ਕਰਵਾਈ ਜਾਵੇ। ਲਿਖਤੀ ਰੂਪ ਵਿਚ ਆਪਣੀ ਤਫ਼ਸੀਲ ਅਤੇ ਪਹਿਚਾਣ ਪੱਤਰ ਨਾਲ ਨੱਥੀ ਕਰਨਾ ਲਾਜ਼ਮੀ ਹੈ।
ਗੈਰਯੂਰਪੀ ਵਿਦੇਸ਼ੀ ਨਾਗਰਿਕਾਂ ਨੂੰ ਨਿਵਾਸ ਆਗਿਆ ਦੀ ਅਸਲ ਅਤੇ ਫੋਟੋ ਕਾਪੀ ਦਰਖਾਸਤ ਨਾਲ ਨੱਥੀ ਕਰਨੀ ਪਵੇਗੀ। ਤਬਦੀਲ ਹੋਇਆ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਵੇਲੇ ਨਿਵਾਸ ਆਗਿਆ ਘੋਖੀ ਜਾਵੇਗੀ।
ਜੇ ਇਹ ਦਰਖਾਸਤ ਪ੍ਰਤੀਨਿਧੀ ਵੱਲੋਂ ਜਮਾਂ ਕਰਵਾਈ ਹੋਵੇ ਤਾਂ ਡਰਾਈਵਿੰਗ ਲਾਇਸੈਂਸ ਧਾਰਕ ਦੀ ਨਿਵਾਸ ਆਗਿਆ ਦੀ ਫੋਟੋ ਕਾਪੀ ਨਾਲ ਨੱਥੀ ਕਰਨੀ ਲਾਜ਼ਮੀ ਹੈ। ਇਹ ਦਰਖਾਸਤ ਫਾਰਮ ਟੀਟੀ-2112 ਜਰੀਏ ਜਮਾਂ ਕਰਵਾਈ ਜਾਵੇ। ਇਹ ਫਾਰਮ ਸਬੰਧਿਤ ਵਿਭਾਗ ਤੋਂ ਮੁਫਤ ਪ੍ਰਾਪਤ ਕੀਤਾ ਜਾ ਸਕਦਾ ਹੈ। ਫਾਰਮ ਨੂੰ ਭਰੇ ਜਾਣ ਉਪਰੰਤ ਬਿਨੇਕਾਰ ਵੱਲੋਂ ਦਸਤਖ਼ਤ ਕਰਨਾ ਜਰੂਰੀ ਹੈ।

ਦਰਖਾਸਤ ਨਾਲ ਹੇਠ ਦਿੱਤੀ ਜਾਣਕਾਰੀ ਦੇ ਅਧਾਰ ‘ਤੇ ਦਸਤਾਵੇਜ਼ ਨੱਥੀ ਕਰਨਾ ਲਾਜ਼ਮੀ ਹੈ।

–    ਅਕਾਊਂਟ ਨੰਬਰ 9001 ਵਿਚ 10,20 ਯੂਰੋ ਜਮਾਂ ਕਰਵਾਏ ਜਾਣ ਦੀ ਰਸੀਦ।
–    ਅਕਾਊਂਟ ਨੰਬਰ 4028 ਵਿਚ 32 ਯੂਰੋ ਜਮਾਂ ਕਰਵਾਏ ਹੋਣ ਦੀ ਰਸੀਦ। ਇਹ ਰਕਮ ਜਮਾਂ ਕਰਵਾਉਣ ਲਈ ਵਿਭਾਗ ਵੱਲੋਂ ਜਮਾਂ ਫਾਰਮ ਜਾਰੀ ਕੀਤਾ ਜਾਂਦਾ ਹੈ।
–    ਹਲਫੀਆ ਬਿਆਨ, ਜਿਸ ਵਿਚ ਮੌਜੂਦਾ ਰਿਹਾਇਸ਼ੀ ਪਤਾ ਦਿਨ-ਮਹੀਨਾ ਅਤੇ ਸਾਲ ਨਾਲ, ਆਪਣੇ ਦੇਸ਼ ਦਾ ਵੇਰਵਾ।
–    ਡਾਕਟਰ ਵੱਲੋਂ ਤਸਦੀਕ ਕੀਤਾ ਮੈਡੀਕਲ ਸਰਟੀਫਿਕੇਟ, ਜਿਸ ‘ਤੇ ਬਿਨੇਕਾਰ ਦੀ ਫੋਟੋ ਲੱਗੀ ਹੋਵੇ। ਇਹ ਸਰਟੀਫਿਕੇਟ 6 ਮਹੀਨੇ ਤੋਂ ਜਿਆਦਾ ਪੁਰਾਣਾ ਨਾ ਹੋਵੇ।
–    2 ਪਾਸਪੋਰਟ ਸਾਈਜ਼ ਫੋਟੋਆਂ, ਜਿਨਾਂ ਵਿਚ (ਜੇ ਧਾਰਮਿਕ ਮਸਲੇ ਨਾਲ ਸਬੰਧਿਤ ਨਾ ਹੋਵੇ ਤਾਂ) ਸਿਰ ਨਾ ਢੱਕਿਆ ਹੋਵੇ।
ਜੇ ਦਰਖਾਸਤ ਪ੍ਰਤੀਨਿਧੀ ਵੱਲੋਂ ਜਮਾਂ ਕਰਵਾਈ ਜਾਵੇ ਤਾਂ ਫੋਟੋਆਂ ਨੋਟਰੀ ਜਾਂ ਸਿਟੀ ਕੌਂਸਲ ਤੋਂ ਤਸਦੀਕ ਕਰਵਾਉਣੀਆਂ ਜਰੂਰੀ ਹਨ।
–    ਤਬਦੀਲ ਕਰਵਾਏ ਜਾਣ ਵਾਲੇ ਲਾਇਸੈਂਸ ਦੀ ਫੋਟੋ ਕਾਪੀ ਅਤੇ ਉਸਦੀ ਅਨੁਵਾਦਿਤ ਕਾਪੀ ਦਰਖਾਸਤ ਨਾਲ ਨੱਥੀ ਕਰਨੀ ਲਾਜ਼ਮੀ ਹੈ।
–    ਕੋਦੀਚੇ ਫਿਸਕਾਲੇ ਦੀ ਫੋਟੋ ਕਾਪੀ।

ਇਟਾਲੀਅਨ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਉਪਰੰਤ ਵਿਦੇਸ਼ੀ ਡਰਾਈਵਿੰਗ ਲਾਇਸੈਂਸ ਨੂੰ ਜਬਤ ਕਰ ਲਿਆ ਜਾਂਦਾ ਹੈ ਜਾਂ ਸਬੰਧਿਤ ਦੇਸ਼ ਦੀ ਅੰਬੈਸੀ ਜਾਂ ਕੌਂਸਲੇਟ ਨੂੰ ਭੇਜ ਦਿੱਤਾ ਜਾਂਦਾ ਹੈ। ਜੇ ਵਿਦੇਸ਼ੀ ਇਕ ਸਾਲ ਦੇ ਵਧੇਰੇ ਸਮੇਂ ਤੋਂ ਇਟਲੀ ਵਿਚ ਰਹਿ ਰਿਹਾ ਹੋਵੇ ਅਤੇ ਆਪਣੇ ਦੇਸ਼ ਤੋਂ ਜਾਰੀ ਹੋਏ ਡਰਾਈਵਿੰਗ ਲਾਇਸੈਂਸ ‘ਤੇ ਗੱਡੀ ਚਲਾਉਂਦਾ ਫੜਿਆ ਜਾਵੇ ਤਾਂ ਉਸਨੂੰ ਕਾਨੂੰਨ ਦੀ ਉਲੰਘਣਾ ਤਹਿਤ ਲਾਇਸੈਂਸ ਨਾ ਹੋਣ ਦੇ ਜੁਰਮ ਹੇਠ ਬਿਨਾਂ ਲਾਇਸੈਂਸ ਦੇ ਗੱਡੀ ਚਲਾਉਣ ਦੇ ਕਸੂਰ ਤਹਿਤ ਭਾਰੀ ਜੁਰਮਾਨਾ ਹੋ ਸਕਦਾ ਹੈ ਅਤੇ ਲਾਇਸੈਂਸ ਵੀ ਜਬਤ ਕਰ ਲਿਆ ਜਾਵੇਗਾ।
ਜੇ ਬਿਨਾਂ ਲਾਇਸੈਂਸ ਤੋਂ ਜਾਂ ਲਾਇਸੈਂਸ ਜਬਤ ਹੋਣ ਉਪਰੰਤ ਜਾਂ ਮਣਿਆਦ ਖਤਮ ਹੋਣ ਉਪਰੰਤ ਬਿਨਾਂ ਨਵਿਆਉਣ ਦੇ ਗੱਡੀ ਚਲਾਉਂਦਾ ਕੋਈ ਵੀ ਵਿਅਕਤੀ ਫੜਿਆ ਜਾਵੇ, ਤਾਂ ਉਸਨੂੰ ਭਾਰੀ ਜੁਰਮਾਨਾ ਹੋ ਸਕਦਾ ਹੈ।
ਜੇ ਉਪਰੋਕਤ ਗਲਤੀਆਂ ਨੂੰ 2 ਸਾਲ ਦੌਰਾਨ ਦੁਹਰਾਇਆ ਜਾਵੇ ਤਾਂ ਵਿਅਕਤੀ ਨੂੰ ਇਕ ਸਾਲ ਤੱਕ ਲਈ ਜੇਲ ਦੀ ਹਵਾ ਖਾਣੀ ਪੈ ਸਕਦੀ ਹੈ।
ਇਨਾਂ ਹਾਲਾਤਾਂ ਵਿਚ 3 ਮਹੀਨੇ ਲਈ ਵਾਹਨ ਦੇ ਚੱਲਣ ‘ਤੇ ਰੋਕ ਲਗਾਈ ਜਾ ਸਕਦੀ ਹੈ ਅਤੇ ਜੇ ਗਲਤੀ ਦੁਹਰਾਈ ਜਾਵੇ ਤਾਂ ਵਾਹਨ ਪੱਕੇ ਤੌਰ ‘ਤੇ ਜਬਤ ਵੀ ਕੀਤਾ ਜਾ ਸਕਦਾ ਹੈ। ਜੇ ਕਿਸੇ ਕਾਰਨ ਵਾਹਨ ‘ਤੇ ਪਾਬੰਦੀ ਲਗਾਉਣ ਜਾਂ ਜਬਤ ਕਰਨਾ ਸੰਭਵ ਨਾ ਹੋਵੇ ਤਾਂ ਦੋਸ਼ੀ ਦਾ ਡਰਾਈਵਿੰਗ ਲਾਇਸੈਂਸ 3 ਮਹੀਨੇ ਤੋਂ 12 ਮਹੀਨੇ ਤੱਕ ਲਈ ਖਾਰਿਜ਼ ਕੀਤਾ ਜਾ ਸਕਦਾ ਹੈ।