ਕਰਮਚਾਰੀ ਦੇ ਤੌਰ ‘ਤੇ ਇਟਲੀ ਆਉਣ ਦਾ ਤਰੀਕਾ ਅਤੇ ਕਾਨੂੰਨ

ਰੋਮ, (ਇਟਲੀ) 14 ਅਕਤੂਬਰ (ਵਰਿੰਦਰ ਕੌਰ ਧਾਲੀਵਾਲ) – ਗੈਰ ਯੂਰਪੀ ਨਾਗਰਿਕ ਜੇ ਇਟਲੀ ਕੰਮਕਾਜ ਲਈ ਆਉਣ ਦੀ ਇੱਛਾ ਰੱਖਦੇ ਹੋਣ ਤਾਂ ਉਨ੍ਹਾਂ ਦਾ ਇਹ ਸੁਪਨਾ ਕਾਨੂੰਨੀ ਢੰਗ ਨਾਲ ਪੂਰਾ ਹੋ ਸਕਦਾ ਹੈ। ਇਸ ਲਈ ਇਟਲੀ ਸਥਿਤ ਮਾਲਕ ਜਾਂ ਕੰਪਨੀ ਵੱਲੋਂ ਵਿਦੇਸ਼ੀ ਨੂੰ ਇਟਲੀ ਬੁਲਾਉਣ ਲਈ ਦਰਖ਼ਾਸਤ ਭਰੀ ਜਾ ਸਕਦੀ ਹੈ। ਵਿਦੇਸ਼ੀ ਕਰਮਚਾਰੀਆਂ ਲਈ ਇਟਲੀ ਦੀ ਸਰਕਾਰ ਵੱਲੋਂ ਪ੍ਰਤੀ ਸਾਲ ਕੋਟਾ ਐਗਰੀਮੈਂਟ ਦੇਕਰੇਤੋ ਫਲੂਸੀ ਤਹਿਤ ਖੋਲ੍ਹਿਆ ਜਾਂਦਾ ਹੈ, ਜਿਸ ਵਿਚ ਇਟਲੀ ‘ਚ ਦਾਖਲ ਹੋਣ ਵਾਲੇ ਵਿਦੇਸ਼ੀਆਂ ਦੀ ਗਿਣਤੀ ਨਿਰਧਾਰਤ ਪਹਿਲਾਂ ਤੋਂ ਹੀ ਕੀਤੀ ਜਾਂਦੀ ਹੈ। ਜਿਸ ਉਪਰੰਤ ਵਿਦੇਸ਼ੀ ਇਟਲੀ ਵਿਚ ਦਾਖਲ ਹੋ ਕੇ ਕੰਮ ਦੇ ਅਧਾਰ ‘ਤੇ ਨਿਵਾਸ ਆਗਿਆ ਪ੍ਰਾਪਤ ਕਰਦਾ ਹੈ। ਆਮ ਤੌਰ ‘ਤੇ ਇਟਲੀ ਦੇ ਕੌਂਸਲੇਟ ਤੋਂ ਸਿਧੇ ਤੌਰ ‘ਤੇ ਕੰਮਕਾਜ ਲਈ ਵੀਜ਼ਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਸਿਰਫ ਉਨ੍ਹਾਂ ਨੂੰ ਕਰਮਚਾਰੀ ਦੇ ਤੌਰ ‘ਤੇ ਇਟਲੀ ਜਾਣ ਲਈ ਵੀਜਾ ਪ੍ਰਾਪਤ ਕਰਵਾਇਆ ਜਾਂਦਾ ਹੈ ਜਿਨ੍ਹਾਂ ਦੀ ਦਰਖ਼ਾਸਤ ਇਟਲੀ ਤੋਂ ਮਾਲਕ ਜਾਂ ਕੰਪਨੀ ਵੱਲੋਂ ਭਰੀ ਗਈ ਹੋਵੇ ਅਤੇ ਦਰਖ਼ਾਸਤ ਨੇਪਰੇ ਚੜ੍ਹਨ ਉਪਰੰਤ ਇਸ ਦੀ ਇਜਾਜਤ ਮਿਲੀ ਹੋਵੇ। ਕੰਮ ਦੀ ਆਗਿਆ ਕਿਵੇਂ ਪ੍ਰਾਪਤ ਕੀਤੀ ਜਾਵੇ: ਕੋਟਾ ਐਗਰੀਮੈਂਟ ਦੇ ਜਾਰੀ ਹੋਣ ਉਪਰੰਤ ਜਦੋਂ ਦਰਖ਼ਾਸਤ ਭਰਨ ਦੀ ਮਿਤੀ ਨਿਰਧਾਰਤ ਹੋ ਜਾਵੇ ਤਾਂ ਜਰੂਰੀ ਹੈ ਕਿ ਮਾਲਕ ਜਿੰਨੀ ਜਲਦੀ ਹੋ ਸਕੇ ਆਪਣੇ ਦਸਤਾਵੇਜ ਪੂਰੇ ਕਰ ਦਰਖ਼ਾਸਤ ਨੂੰ ਜਮਾਂ ਕਰਵਾਏ। ਆਮ ਤੌਰ ‘ਤੇ ਜਾਰੀ ਹੋਏ ਕੋਟੇ ਨਾਲੋਂ ਵਧੇਰੀਆਂ ਦਰਖ਼ਾਸਤਾਂ ਜਮਾਂ ਹੋ ਜਾਂਦੀਆ ਹਨ ਅਤੇ ਦਰਖ਼ਾਸਤ ਸਮੇਂ ਦੇ ਅਧਾਰ ‘ਤੇ ਵਿਚਾਰੀ ਜਾਂਦੀ ਹੈ। ਪਹਿਲਾਂ ਆਈ ਦਰਖ਼ਾਸਤ ਪਹਿਲਾਂ ਨੇਪਰੇ ਚੜ੍ਹਦੀ ਹੈ। ਉਦਾਹਰਣ ਦੇ ਤੌਰ ‘ਤੇ ਜੇ ਕੋਟਾ ਐਗਰੀਮੈਂਟ 30 ਜਨਵਰੀ 2014 ਨੂੰ ਸਵੇਰ ਦੇ 8 ਵਜੇ ਤੋਂ ਖੁੱਲ੍ਹਣਾ ਹੋਵੇ ਤਾਂ ਮਾਲਕ ਵੱਲੋਂ ਨਿਸ਼ਚਤ ਕੀਤਾ ਜਾਵੇ ਕਿ ਦਰਖ਼ਾਸਤ ਸਵੇਰੇ 8:00 ਵਜੇ ਜਾਂ ਥੋੜੇ ਸਕਿੰਟਾਂ ਮਗਰੋਂ ਜਮਾਂ ਕਰਵਾਈ ਜਾਵੇ। ਦਰਖ਼ਾਸਤ ਗ੍ਰਹਿ ਮੰਤਰਾਲੇ ਦੀ ਵੈਬਸਾਈਟ ਤੋਂ ਭਰੀ ਜਾਂਦੀ ਹੈ। ਇਸ ਲਈ ਬਿਹਤਰ ਹੋਵੇਗਾ ਜੇ ਮਾਲਕ ਆਪਣੀ ਜਾਣਕਾਰੀ ਅਤੇ ਤਫ਼ਸੀਲ ਪਹਿਲਾਂ ਤੋਂ ਹੀ ਵੈਬਸਾਈਟ ‘ਤੇ ਦਰਜ ਕਰ ਕੇ ਰੱਖਣ ਅਤੇ ਮੌਕੇ ‘ਤੇ ਇੰਟਰਨੈਟ ਰਾਹੀਂ ਦਰਖ਼ਾਸਤ ਭੇਜਣ ਲਈ ਸਿਰਫ ਕਲਿੱਕ ਕਰਨ ਦੀ ਲੋੜ ਪਵੇ। ਦਰਖ਼ਾਸਤ ਭੇਜਣ ਤੋਂ ਬਾਅਦ ਇਸ ਨੂੰ ਪ੍ਰੈਫੇਤੂਰਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਪੜਚੋਲਿਆ ਜਾਂਦਾ ਹੈ, ਜਿਥੇ ਕੰਮ ਦੀ ਪਹਿਚਾਣ ਕੀਤੀ ਜਾਂਦੀ ਹੈ। ਜਦੋਂ ਕੰਮ ਦੀ ਇਜਾਜਤ ਲਈ ਦਰਖ਼ਾਸਤ ਭਰੀ ਗਈ ਹੋਵੇ ਤਾਂ ਮਾਲਕ ਜਾਂ ਕੰਪਨੀ ਵੱਲੋਂ ਰਿਹਾਇਸ਼, ਕੰਤਰਾਤੋ ਦੀ ਸਜੋਰਨੋ, ਆਮਦਨ ਦੇ ਸਰੋਤ ਜਿਸ ਨਾਲ ਤਨਖਾਹ ਅਤੇ ਟੈਕਸ ਦੇ ਭੁਗਤਾਨ ਨੂੰ ਨਿਸ਼ਚਤ ਕੀਤਾ ਜਾ ਸਕੇ। ਮਾਲਕ ਜਾਂ ਕੰਪਨੀ ਵੱਲੋਂ ਸਫਰ ‘ਤੇ ਹੋਣ ਵਾਲਾ ਖਰਚ ਵੀ ਪ੍ਰਦਾਨ ਕਰਵਾਇਆ ਜਾਵੇਗਾ ਅਤੇ ਭਵਿੱਖ ਵਿਚ ਹਰ ਤਰ੍ਹਾਂ ਦੀ ਜਿੰਮੇਵਾਰੀ ਮਾਲਕ ਦੀ ਹੋਵੇਗੀ। ਮਾਲਕ ਜਾਂ ਕੰਪਨੀ ਦਰਖ਼ਾਸਤ ਤਾਂ ਹੀ ਭਰ ਸਕਦੇ ਹਨ ਜੇ ਉਹ ਜਰੂਰੀ ਸ਼ਰਤਾਂ ਪੂਰੀਆਂ ਕਰਦੇ ਹੋਣ। ਸਪੋਰਤੈਲੋ ਇਮੀਗ੍ਰਾਸਿਓਨੇ ਵੱਲੋਂ ਵਿਦੇਸ਼ੀ ਦੇ ਦੇਸ਼ ਵਿਚ ਸਥਿਤ ਇਟਾਲੀਅਨ ਅੰਬੈਸੀ ਜਾਂ ਕੌਂਸੋਲੇਟ ਨੂੰ ਇਸ ਦੀ ਸੂਚਨਾ ਭੇਜੀ ਜਾਵੇਗੀ, ਜਿਸ ਉਪਰੰਤ ਵਿਦੇਸ਼ੀ ਨੂੰ ਆਪਣਾ ਮਣਿਆਦਸ਼ੁਦਾ ਪਾਸਪੋਰਟ ਕੰਮਕਾਜੀ ਵੀਜੇ ਲਈ ਅੰਬੈਸੀ ਨੂੰ ਜਮਾਂ ਕਰਵਾਉਣਾ ਪਵੇਗਾ। ਧਿਆਨਦੇਣਯੋਗ ਹੈ ਕਿ ਬਹੁਤ ਸਾਰੀਆਂ ਸ਼੍ਰੇਣੀਆ ਲਈ ਕੋਟਾ ਐਗਰੀਮੈਂਟ ਤਹਿਤ ਦਰਖ਼ਾਸਤ ਭਰਨ ਦੀ ਇਜਾਜਤ ਨਹੀਂ ਹੈ, ਇਸ ਲਈ ਦਰਖ਼ਾਸਤ ਭਰੀ ਜਾਣ ਤੋਂ ਪਹਿਲਾਂ ਸੂਚੀ ਨੂੰ ਘੋਖ ਲੈਣਾ ਬਿਹਤਰ ਹੋਵੇਗਾ। ਕੰਮਕਾਜੀ ਵੀਜ਼ੇ ਲਈ ਦਰਖ਼ਾਸਤ ਦੇਣੀ : ਗ੍ਰਹਿ ਮੰਤਰਾਲੇ ਦੀ ਇਜ਼ਾਜਤ ਉਪਰੰਤ ਅਤੇ ਘੋਖੀ ਗਈ ਦਰਖ਼ਾਸਤ ਦੇ ਨੇਪਰੇ ਚੜ੍ਹਨ ਮਗਰੋਂ ਜਾਰੀ ਕੀਤਾ ਗਿਆ ‘ਨੂਲਾ ਔਸਤਾ’ ਕਰਮਚਾਰੀ ਨੂੰ ਭੇਜਿਆ ਜਾਂਦਾ ਹੈ, ਜਿਸ ਦੇ ਅਧਾਰ ‘ਤੇ ਕਰਮਚਾਰੀ ਆਪਣੇ ਦੇਸ਼ ਵਿਚ ਸਥਿਤ ਇਟਾਲੀਅਨ ਅੰਬੈਸੀ ਨਾਲ ਵੀਜ਼ਾ ਲੈਣ ਲਈ ਸੰਪਰਕ ਕਰਦਾ ਹੈ। ਨਿਵਾਸ ਆਗਿਆ ਦੀ ਦਰਖ਼ਾਸਤ ਦੇਣ ਲਈ : ਵੀਜ਼ਾ ਪ੍ਰਾਪਤ ਕਰਨ ਉਪਰੰਤ ਇਟਲੀ ਵਿਚ ਦਾਖਲ ਹੋਣ ਦੇ 8 ਦਿਨਾਂ ਅੰਦਰ ਮਾਲਕ ਅਤੇ ਕਰਮਚਾਰੀ ਦੋਵੇਂ ਇਮੀਗ੍ਰੇਸ਼ਨ ਵਿਭਾਗ ਵਿਚ ਸੰਪਰਕ ਕਰਨ, ਜਿਸ ਉਪਰੰਤ ਕਰਮਚਾਰੀ ਦੀ ਨਿਵਾਸ ਆਗਿਆ ਦੀ ਦਰਖ਼ਾਸਤ ਦਿੱਤੀ ਜਾ ਸਕੇ। ਜੇ 8 ਦਿਨਾਂ ਦੇ ਅੰਦਰ ਅੰਦਰ ਇਮੀਗ੍ਰੇਸ਼ਨ ਵਿਭਾਗ ਨਾਲ ਸੰਪਰਕ ਨਾ ਕੀਤਾ ਜਾਵੇ ਤਾਂ ਬਹੁਤੀ ਉਮੀਦ ਹੈ ਕਿ ਵਿਦੇਸ਼ੀ ਨੂੰ ਦੇਸ਼ ਅੰਦਰ ਗੈਰ ਕਾਨੂੰਨੀ ਘੋਸ਼ਿਤ ਕੀਤਾ ਜਾ ਸਕਦਾ ਹੈ।