ਜੇਕਰ ਜਾਇਦਾਦ ਦੇ ਪੇਪਰ ਗੁਆਚ ਜਾਣ ਤਾਂ ਕੀ ਕਰੀਏ?

altਕਿਸੇ ਵੀ ਤਰ੍ਹਾਂ ਦੀ ਜਾਇਦਾਦ ਸਬੰਧੀ ਪੇਪਰ ਹੀ ਤੁਹਾਨੂੰ ਉਸਦਾ ਮਾਲਕ ਸਾਬਿਤ ਕਰਨ ਦਾ ਸਰਲ ਜਰੀਆ ਹੈ। ਜੇਕਰ ਕਿਸੇ ਸਮੇਂ ਕੋਈ ਆਰਥਿਕ ਜਰੂਰਤ ਪੂਰੀ ਕਰਨ ਲਈ ਸਾਨੂੰ ਪੈਸੇ ਦੀ ਜਰੂਰਤ ਪੈਂਦੀ ਹੈ ਤਾਂ ਆਪਣੀ ਜਾਇਦਾਦ ਦੇ ਪੇਪਰ ਬੈਂਕ ਵਿਚ ਰੱਖ ਕੇ ਲੋਨ ਪ੍ਰਾਪਤ ਕਰਨਾ ਬਹੁਤ ਆਸਾਨ ਹੋ ਜਾਂਦਾ ਹੈ, ਲੇਕਿਨ ਕਦੇ ਕਿਸੇ ਕਾਰਨਵਸ਼ ਜਾਇਦਾਦ ਦੇ ਪੇਪਰ ਗੁੰਮ ਹੋ ਜਾਣ ਤਾਂ ਇਸ ਸਬੰਧੀ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਅਤੇ ਦੁਬਾਰਾ ਪੇਪਰ ਕਿਵੇਂ ਹਾਸਿਲ ਕੀਤੇ ਜਾ ਸਕਦੇ ਹਨ, ਇਸ ਬਾਰੇ ਵਿਚ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ।
– ਜਾਇਦਾਦ ਦੇ ਪੇਪਰ ਗੁਆਚ ਜਾਣ ਦੀ ਸੂਰਤ ਵਿਚ ਸਭ ਤੋਂ ਪਹਿਲਾ ਕੰਮ ਇਹ ਕਰਨਾ ਚਾਹੀਦਾ ਹੈ ਕਿ ਇਸ ਸਬੰਧੀ ਪੁਲਿਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ। ਐਫ ਆਈ ਆਰ ਦਰਜ ਕਰਵਾ ਕੇ ਜਾਇਦਾਦ ਕਿਸ ਦੇ ਨਾਮ ‘ਤੇ ਹੈ, ਬਾਰੇ ਪੂਰੀ ਜਾਣਕਾਰੀ ਦੇਣੀ ਚਾਹੀਦੀ ਹੈ। ਜਾਇਦਾਦ ਜਿਸ ਵਿਅਕਤੀ ਦੇ ਨਾਮ ‘ਤੇ ਹੈ, ਸ਼ਿਕਾਇਤ ਵੀ ਉਸਨੂੰ ਖੁਦ ਹੀ ਦਰਜ ਕਰਵਾਉਣੀ ਚਾਹੀਦੀ ਹੈ, ਇਸ ਨਾਲ ਕਾਰਵਾਈ ਵਿਚ ਆਸਾਨੀ ਹੁੰਦੀ ਹੈ। ਐਫ ਆਈ ਆਰ ਦੀ ਇਕ ਕਾਪੀ ਥਾਣੇ ਤੋਂ ਲੈ ਕੇ ਆਪਣੇ ਕੋਲ ਰੱਖ ਲੈਣੀ ਚਾਹੀਦੀ ਹੈ।
– ਇੱਕ ਰਾਸ਼ਟਰੀ ਅਤੇ ਇੱਕ ਸਥਾਨਕ ਅਖ਼ਬਾਰ ਵਿਚ ਜਾਇਦਾਦ ਦੇ ਪੇਪਰ ਗੁਆਚਣ ਸਬੰਧੀ ਇਸ਼ਤਿਹਾਰ ਛਪਵਾਉਣਾ ਚਾਹੀਦਾ ਹੈ।
– ਕਿਸੇ ਫਲੈਟ ਦੇ ਸਬੰਧ ਵਿਚ ਆਪਣੀ ਸੁਸਾਇਟੀ ਵਿੱਚ ਪੁਲਿਸ ਐਫ ਆਈ ਆਰ ਦੇ ਆਧਾਰ ਉੱਤੇ ਸ਼ੇਅਰ ਸਰਟੀਫਿਕੇਟ ਜਾਰੀ ਕਰਨ ਦਾ ਆਵੇਦਨ ਕਰੋ। ਸੁਸਾਇਟੀ ਤੁਹਾਡੇ ਆਵੇਦਨ ਦੇ ਆਧਾਰ ਉੱਤੇ ਇੱਕ ਸ਼ੇਅਰ ਸਰਟੀਫਿਕੇਟ ਜਾਰੀ ਕਰ ਦਿੰਦੀ ਹੈ। ਸੁਸਾਇਟੀ ਤੋਂ ਆਪਣੀ ਜਾਇਦਾਦ ਦਾ ਇੱਕ ਐਨ ਓ ਸੀ ਸਰਟੀਫਿਕੇਟ ਵੀ ਲੈ ਕੇ ਆਪਣੇ ਕੋਲ ਰੱਖ ਲਓ।
– ਨੋਟਰੀ ਵਿਚ, ਥਾਣੇ ਵਿੱਚ ਦਰਜ ਕਰਾਈ ਗਈ ਐਫ ਆਈ ਆਰ ਦੀ ਕਾਪੀ, ਅਖ਼ਬਾਰ ਵਿੱਚ ਦਿੱਤਾ ਇਸ਼ਤਿਹਾਰ ਅਤੇ ਸੁਸਾਇਟੀ ਤੋਂ ਮਿਲਿਆ ਸ਼ੇਅਰ ਸਰਟੀਫਿਕੇਟ ਸਭ ਦੀ ਕਾਪੀ ਜਮਾਂ ਕਰਵਾਉਣੀ ਹੋਵੇਗੀ। ਇਨਾਂ ਕਾਗਜਾਂ ਦੇ ਅਧਾਰ ‘ਤੇ ਨੋਟਰੀ ਇੱਕ ਹਲਫਨਾਮਾ ਤਿਆਰ ਕਰੇਗਾ ਕਿ ਤੁਹਾਡੀ ਜਾਇਦਾਦ ਦੇ ਕਾਗਜ ਗੁੰਮ ਹੋ ਗਏ ਹਨ।
– ਇਸ ਲਈ ਡੁਪਲੀਕੇਟ ਸੇਲ ਡੀਡ ਪ੍ਰਾਪਤ ਕਰਨੀ ਚਾਹੀਦੀ ਹੈ। ਇਸ ਲਈ ਐਫ ਆਈ ਆਰ, ਅਖ਼ਬਾਰ ਦਾ ਇਸ਼ਤਿਹਾਰ, ਸ਼ੇਅਰ ਸਰਟੀਫਿਕੇਟ ਅਤੇ ਨੋਟਰੀ ਕੋਲ ਪੰਜੀਕ੍ਰਿਤ ਹਲਫਨਾਮੇ ਦੀ ਕਾਪੀ ਸਭ ਨੂੰ ਰਜਿਸਟਰਾਰ ਦੇ ਦਫ਼ਤਰ ਵਿਚ ਜਮਾਂ ਕਰਵਾਉਣਾ ਪਵੇਗਾ। ਤੈਅਸ਼ੁਦਾ ਫੀਸ ਜਮਾਂ ਕਰਵਾਉਣ ਤੋਂ ਬਾਅਦ ਰਜਿਸਟਰਾਰ ਦਫ਼ਤਰ ਵੱਲੋਂ ਜਾਇਦਾਦ ਦਾ ਡੁਪਲੀਕੇਟ ਸੇਲ ਡੀਡ ਜਾਰੀ ਕਰ ਦਿੱਤਾ ਜਾਵੇਗਾ।