ਬ੍ਰਿਟੇਨ ਵਿਚ ਵਿਆਹ ਲਈ ਅੰਗਰੇਜੀ ਭਾਸ਼ਾ ਦਾ ਗਿਆਨ ਜਰੂਰੀ

ਲੰਡਨ, 10 ਜੂਨ (ਵਰਿੰਦਰ ਕੌਰ ਧਾਲੀਵਾਲ) – ਬ੍ਰਿਟਿਸ਼ ਸਰਕਾਰ ਬ੍ਰਿਟੇਨ ਵਿਚ ਵਿਆਹ ਸਬੰਧੀ ਇਕ ਨਵਾਂ ਕਾਨੂੰਨ ਲੈ ਕੇ ਆ ਰਹੀ ਹੈ। ਜਿਸ ਅਨੁਸਾਰ ਜੇ ਕੋਈ ਵਿਅਕਤੀ ਕਿਸੇ ਬ੍ਰਿਟਿਸ਼ ਨਾਗਰਿਕ ਨਾਲ ਵਿਆਹ ਕਰਵਾ ਕੇ ਉਥੇ ਵੱਸਣਾ ਚਾਹੁੰਦਾ ਹੈ ਤਾਂ ਉਸ ਨੂੰ ਅੰਗਰੇਜੀ ਭਾਸ਼ਾ ਦਾ ਗਿਆਨ ਹੋਣਾ ਬਹੁਤ ਜਰੂਰੀ ਹੈ।
ਇਹ ਕਾਨੂੰਨ ਸਮਲਿੰਗੀ ਜੋੜਿਆਂ ਅਤੇ ਮੰਗੇਤਰਾਂ ਲਈ ਵੀ ਲਾਗੂ ਹੁੰਦਾ ਹੈ।
ਇਸ ਕਾਨੂੰਨ ਦੇ ਦਾਇਰੇ ਵਿਚ ਸਿਰਫ ਯੂਰਪੀ ਸੰਘ ਦੇ ਬਾਹਰਲੇ ਵਿਦੇਸ਼ੀ ਹੀ ਸ਼ਾਮਿਲ ਹੋਣਗੇ। ਇਸ ਕਾਨੂੰਨ ਨੂੰ ਲੈ ਕੇ ਆਉਣ ਦਾ ਮੰਤਵ ਇਹ ਹੈ ਕਿ ਬ੍ਰਿਟੇਨ ਵਿਚ ਨਾਗਰਿਕ ਨੂੰ ਰੋਜਾਨਾ ਜਿੰਦਗੀ ਵਿਚ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਨਵੀਂ ਬਣੀ ਸਰਕਾਰ ਇਸ ਕਾਨੂੰਨ ਨੂੰ ਇਸੇ ਸਾਲ ਹੀ ਜਨਤਕ ਤੌਰ ’ਤੇ ਲਿਆਉਣਾ ਚਾਹੁੰਦੀ ਹੈ, ਵੈਸੇ ਇਸ ਕਾਨੂੰਨ ਦਾ ਪ੍ਰਸਤਾਵ ਪਹਿਲੀ ਵਾਰ ਲੇਬਰ ਸਰਕਾਰ ਨੇ 2007 ਵਿਚ ਰੱਖਿਆ ਸੀ ਅਤੇ ਲੇਬਰ ਸਰਕਾਰ ਅਗਲੇ ਸਾਲ ਜੁਲਾਈ 2011 ਵਿਚ ਇਸ ਕਾਨੂੰਨ ਨੂੰ ਲੈ ਕੇ ਆਉਣਾ ਚਾਹੁੰਦੀ ਸੀ। ਜਿਕਰਯੋਗ ਹੈ ਕਿ, ਕੁਝ ਸਮਾਂ ਪਹਿਲਾਂ ਹੋਈਆਂ ਚੋਣਾਂ ਵਿਚ ਲੇਬਰ ਸਰਕਾਰ ਹਾਰ ਗਈ ਅਤੇ ਕੰਜ਼ਰਵੇਟਿਵ ਪਾਰਟੀ ਅਤੇ ਲਿਬਰਲ ਡੈਮੋਕਰੇਟਸ ਦੀ ਗਠਿਤ ਸਰਕਾਰ ਬਣੀ। ਇਸ ਕਾਨੂੰਨ ਦੇ ਪਾਸ ਹੋਣ ਤੋਂ ਬਾਅਦ ਬ੍ਰਿਟੇਨ ਦੇ ਵੀਜ਼ੇ ਲਈ ਦਰਖਾਸਤ ਦੇਣ ਵਾਲੇ ਨੂੰ ਇਹ ਸਬੂਤ ਪੇਸ਼ ਕਰਨਾ ਵੀ ਜਰੂਰੀ ਹੋਵੇਗਾ ਕਿ ਉਸਨੂੰ ਅੰਗਰੇਜੀ ਭਾਸ਼ਾ ਦੀ ਬੁਨਿਆਦੀ ਜਾਣਕਾਰੀ ਹੈ। ਹੁਣ ਤੱਕ ਦੇ ਕਾਨੂੰਨ ਅਨੁਸਾਰ ਬ੍ਰਿਟੇਨ ਵਿਚ ਵੀਜ਼ਾ ਦੀ ਦਰਖਾਸਤ ਦੇਣ ਵਾਲਿਆਂ ਨੂੰ ਸਿਰਫ ਵਿਆਹ ਦਾ ਸਬੂਤ ਦੇਣਾ ਪੈਂਦਾ ਹੈ ਅਤੇ ਸਾਬਿਤ ਕਰਨਾ ਪੈਂਦਾ ਹੈ ਕਿ ਉਹ ਆਪਣੇ ਪਤੀ/ਪਤਨੀ ਜਾਂ ਨਾਲ ਰਹਿਣ ਵਾਲੇ ਸਾਥੀ ਦੀ ਆਰਥਿਕ ਮਦਦ ਕਰ ਸਕਦੇ ਹਨ। ਪ੍ਰਵਾਸੀਆਂ ਲਈ ਕੰਮ ਕਰ ਰਹੇ ਕੁਝ ਸੰਗਠਨਾ ਦਾ ਮੰਨਣਾ ਹੈ ਕਿ, ਇਸ ਕਾਨੂੰਨ ਨਾਲ ਦੱਖਣ ਏਸ਼ੀਆ ਅਤੇ ਅਫਰੀਕਾ ਦੇ ਕੁਝ ਦੇਸ਼ਾਂ ਦੇ ਲੋਕ ਪ੍ਰਭਾਵਿਤ ਹੋਣਗੇ, ਪ੍ਰੰਤੂ ਬ੍ਰਿਟੇਨ ਵੀਜ਼ਾ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਕਾਨੂੰਨ ਦੇ ਪਾਸ ਹੋ ਜਾਣ ਨਾਲ ਵੀਜ਼ਾ ਦਰਖਾਸਤਾਂ ਵਿਚ ਕਮੀ ਆਏਗੀ।