ਵਿਦੇਸ਼ੀ ਇਟਾਲੀਅਨ ਯੂਨੀਵਰਸਿਟੀ ਵਿਚ ਦਾਖਲਾ ਲੈ ਸਕਦੇ ਹਨ

http://offertaformativa.miur.it/studenti/elenco2010/ ਤੋਂ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ

ਰੋਮ, 7 ਜੂਨ (ਵਰਿੰਦਰ ਕੌਰ ਧਾਲੀਵਾਲ) – ਵਿਦੇਸ਼ੀ ਜਿਹੜੇ ਇਟਲੀ ਆ ਕੇ ਸਿੱਖਿਆ ਪ੍ਰਾਪਤ ਕਰਨ ਦੇ ਚਾਹਵਾਨ ਹੋਣ, ਉਹ ਇਟਾਲੀਅਨ ਯੂਨੀਵਰਸਿਟੀ ਵਿਚ ਆਉਣ ਵਾਲੇ ਸਾਲ ਲਈ ਕਿਸੇ ਵੀ ਕੋਰਸ ਵਿਚ ਆਪਣੀ ਅਰਜੀ ਦੇ ਸਕਦੇ ਹਨ। ਇਹ ਦਰਖਾਸਤ ਉਹ ਆਪਣੇ ਦੇਸ਼ ਸਥਿਤ ਇਟਾਲੀਅਨ ਅੰਬੈਸੀ ਵਿਚ ਜਮਾਂ ਕਰਵਾਉਣ। ਦਰਖਾਸਤ ਨੂੰ ਜਮਾਂ ਕਰਵਾਉਣ ਦੀ ਆਖਿਰੀ ਮਿਤੀ ਅੰਬੈਸੀ ਵੱਲੋਂ ਤੈਅ ਕੀਤੀ ਜਾਵੇਗੀ। ਇਸ ਲਈ ਲਾਜ਼ਮੀ ਹੈ ਕਿ ਆਪਣੇ ਦੇਸ਼ ਵਿਚ ਸਥਿਤ ਅੰਬੈਸੀ ਤੋਂ ਵਿਦਿਆਰਥੀ ਇਸ ਸਬੰਧੀ ਜਾਣਕਾਰੀ ਪ੍ਰਾਪਤ ਕਰ ਲੈਣ। ਜੁਲਾਈ 2010 ਤੋਂ ਅੰਬੈਸੀਆਂ ਵੱਲੋਂ ਚੁਣੀਆਂ ਗਈਆਂ ਯੂਨੀਵਰਸਿਟੀਆਂ ਨੂੰ ਦਰਖਾਸਤਾਂ ਭੇਜ ਦਿੱਤੀਆਂ ਜਾਣਗੀਆਂ। ਯੂਨੀਵਰਸਿਟੀਆਂ ਵੱਲੋਂ ਅਗਸਤ ਵਿਚ ਵਿਦਿਆਰਥੀਆਂ ਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਜਿਸ ਅਨੁਸਾਰ ਪਹਿਲਾਂ ਇਟਾਲੀਅਨ ਭਾਸ਼ਾ ਦਾ ਟੈਸਟ ਅਤੇ ਹੋਰ ਮੁੱਢਲੀ ਕਾਰਵਾਈ ਕੀਤੀ ਜਾਵੇਗੀ। ਆਮ ਤੌਰ ’ਤੇ ਇਹ ਪ੍ਰੀਖਿਆ ਸਤੰਬਰ ਵਿਚ ਹੁੰਦੀ ਹੈ। ਵਿਦਿਆਰਥੀ ਸਿੱਖਿਆ ਅਧਾਰਿਤ ਵੀਜ਼ੇ ’ਤੇ ਇਟਲੀ ਆਏਗਾ। ਭਾਸ਼ਾ ਜਾਂ ਦਾਖਲਾ ਇਮਤਿਹਾਨ ਪਾਸ ਕਰਨ ਉਪਰੰਤ ਉਸਨੂੰ ਯੂਨੀਵਰਸਿਟੀ ਵਿਚ ਦਾਖਲ ਕਰ ਲਿਆ ਜਾਵੇਗਾ। ਹਰ ਯੂਨੀਵਰਸਿਟੀ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਲਈ ਸੀਟਾਂ ਨਿਰਧਾਰਤ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਲੈਣ ਲਈ ਯੂਨੀਵਰਸਿਟੀ ਮੰਤਰਾਲੇ ਦੀ ਵੈੱਬਸਾਈਟ  http://offertaformativa.miur.it/studenti/elenco2010/ਤੋਂ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ।
ਯਾਦ ਰੱਖੋ ਕਿ ਯੂਨੀਵਰਸਿਟੀਆਂ ਵੱਲੋਂ ਜਾਰੀ ਕੀਤਾ ਗਿਆ ਸਿੱਖਿਆ ਦਾ ਕੋਟਾ ਸਿਰਫ ਗੈਰਯੂਰਪੀ ਵਿਦੇਸ਼ੀ ਵਿਦਿਆਰਥੀਆਂ ਲਈ ਹੈ। ਜਿਹੜੇ ਗੈਰਯੂਰਪੀ ਵਿਦੇਸ਼ੀ ਇਟਲੀ ਵਿਚ ਕਾਨੂੰਨੀ ਤੌਰ ’ਤੇ ਰਹਿ ਰਹੇ ਹਨ, ਉਹ ਬਾਕੀ ਇਟਾਲੀਅਨ ਨਾਗਰਿਕਾਂ ਵਾਂਗ ਕਿਸੇ ਵੀ ਕੋਰਸ ਵਿਚ ਦਾਖਲਾ ਲੈ ਸਕਦੇ ਹਨ। ਦਾਖਲਾ ਲੈਣ ਲਈ ਉਨ੍ਹਾਂ ਕੋਲ ਸਿੱਖਿਆ ਸਬੰਧੀ ਲੌੜੀਂਦੇ ਸਰਟੀਫਿਕੇਟ ਹੋਣੇ ਲਾਜ਼ਮੀ ਹਨ।