ਮਲਾਲਾ ਦੀ ਪੁਸਤਕ ‘ਮੈਂ ਮਲਾਲਾ ਹਾਂ’ ਨੇ ਇਟਲੀ ਦੇ ਲੋਕਾਂ ਦਾ ਦਿਲ ਜਿੱਤਿਆ

altਰੋਮ (ਇਟਲੀ) 29 ਅਗਸਤ (ਹੈਰੀ ਬੋਪਾਰਾਏ) – ਸਾਲ 2014 ਦਾ ਨੋਬਲ ਸ਼ਾਂਤੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਾਕਿਸਤਾਨੀ ਲੇਖਿਕਾ ਮਲਾਲਾ ਯੂਸਫਜਾਈ ਦੀ ਪੁਸਤਕ ‘ਮੈਂ ਮਲਾਲਾ ਹਾਂ’ ਯੂਰਪ ਦੇ ਦੂਜੇ ਮੁਲਕਾਂ ਦੇ ਨਾਲ ਨਾਲ ਇਟਲੀ ਵਿੱਚ ਵੀ ਪਾਠਕਾਂ ਦੁਆਰਾ ਖੂਬ ਖ੍ਰੀਦੀ ਜਾ ਰਹੀ ਹੈ। ਇਟਾਲੀਅਨ ਵਿੱਚ ਇਸ ਪੁਸਤਕ ਦਾ ਨਾਂ ‘ਈਓ ਸੋਨੋ ਲਾ ਮਲਾਲਾ’ ਰੱਖਿਆ ਗਿਆ ਹੈ। ਇਸ ਪੁਸਤਕ ਰਾਹੀਂ ਮਲਾਲਾ ਨੇ ‘ਲੜਕੀਆਂ ਲਈ ਸਿੱਖਿਆ ਜਰੂਰੀ ਹੈ’ ਦੇ ਸਿਧਾਂਤ ‘ਤੇ ਕਾਰਜ ਕਰਦੇ ਸਮੇਂ ਆਪਣੇ ਨਾਲ ਵਾਪਰੀਆਂ ਘਟਨਾਵਾਂ ਦਾ ਜਿਕਰ ਕੀਤਾ ਹੈ। ਜਿਸ ਅਨੁਸਾਰ ਜਦੋਂ ਮਲਾਲਾ ਨੇ ਪਹਿਲੀ ਵਾਰੀ ਜੂਨ 2012 ਵਿੱਚ ਲੜਕੀਆਂ ਲਈ ਸਿੱਖਿਆ ਦੀ ਗੱਲ ਕੀਤੀ ਤਾਂ ਤਾਲੀਬਾਨੀਆਂ ਨੂੰ ਇਹ ਗੱਲ ਜਚੀ ਨਹੀਂ, ਪਾਕਿਸਤਾਨ ਦੇ ਸਵਾਤ ਜਿਲ੍ਹੇ ਦੇ ਸਕੂਲ ‘ਚੋਂ ਪੜ੍ਹਨ ਉਪਰੰਤ ਵਾਪਸ ਮੁੜਦਿਆਂ ਬੱਸ ਵਿੱਚ ਉਸ ਉੱਤੇ ਕੱਟੜਵਾਦੀ ਤਾਲੀਬਾਨੀਆਂ ਨੇ ਗੋਲੀ ਚਲਾ ਦਿੱਤੀ, ਪ੍ਰੰਤੂ ਕਿਸਮਤ ਨਾਲ ਉਹ ਬਚ ਗਈ। ਉਪਰੰਤ ਯੂ ਕੇ ਨੇ ਇਸ ਲੜਕੀ ਨੂੰ ਆਪਣੇ ਦੇਸ਼ ਵਿੱਚ ਰਹਿਣ ਦੀ ਪੱਕੇ ਤੌਰ ‘ਤੇ ਸ਼ਰਨ ਦਿੱਤੀ ਅਤੇ ਉਸ ਦੀ ਪੂਰਨ ਰੂਪ ਵਿੱਚ ਹਿਫਾਜਤ ਵੀ ਕੀਤੀ। ਮਨੁੱਖੀ ਅਧਿਕਾਰਾਂ ਖਾਤਿਰ ਕਾਰਜ ਕਰਨ ਲਈ ਬੀਤੇ ਵਰ੍ਹੇ ਉਸ ਨੂੰ ਨਾਰਵੇ ਦੇ ਸ਼ਹਿਰ ਓਸਲੋ ਵਿਖੇ ‘ਸਾਲ 2014 ਦੇ ਵਕਾਰੀ ਨੌਬਲ ਸ਼ਾਂਤੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਉਦੋਂ ਉਸ ਦੀ ਉਮਰ ਸਿਰਫ 17 ਸਾਲ ਸੀ। ਪਾਕਿਸਤਾਨ ਦੇ ਸਵਾਤ ਜਿਲ੍ਹੇ ਦੇ ਪਿੰਡ ਮੀਨਗੋਰਾ ‘ਚ 12 ਜੁਲਾਈ 1997 ਨੂੰ ਜਨਮੀ ਇਸ ਲੇਖਿਕਾ ਮਲਾਲਾ ਦੀ ਪੁਸਤਕ ‘ਚੋਂ ਇਸ ਵਰ੍ਹੇ ਇਕ ਸਵਾਲ ਇਟਲੀ ਦੀ ਹਾਈ ਐਜੂਕਸੇæਨ ਦੇ ਸਮਾਜ ਵਿਗਿਆਨ ਦੀ ਪ੍ਰੀਖਿਆ ਵਿੱਚ ਵੀ ਪਾਇਆ ਗਿਆ ਹੈ।