ਵਾਸ਼ਿੰਗਟਨ ਡੀ ਸੀ ਵਿੱਚ ”ਸਿੱਖ ਵਾਰੀਅਰਜ਼ ਇਨ ਵਰਲਡ ਵਾਰਜ਼” ਪੁਸਤਕ ਰਿਲੀਜ

ਵਾਸ਼ਿੰਗਟਨ ਡੀ ਸੀ, 4 ਦਸੰਬਰ (ਹੁਸਨ ਲੜੋਆ ਬੰਗਾ) – ਸਾਬਕਾ ਫੌਜੀ ਅਫਸਰ ਸ: ਸਤਨਾਮ ਸਿੰਘ ਔਲਖ ਵਲੋਂ ਪਹਿਲੀ ਸੰਸਾਰ ਜੰਗ ਅਤੇ ਦੂਜੀ ਸੰਸਾਰ ਜੰਗ ਦੌਰਾਨ ਸਿੱਖ ਫੌਜੀਆਂ ਦੇ ਜੰਗੀ ਇਤਹਾਸ ਤੇ ਅਧਾਰਤ ਲਿਖੀ ਕਿਤਾਬ ”ਸਿੱਖ ਵਾਰੀਅਰਜ਼ ਇਨ ਵਰਲਡ ਵਾਰਜ਼” ਇੱਥੇ ਗੁਰਦੁਆਰਾ ਸਿੱਖ ਸੈਂਟਰ ਆਫ ਵਰਜੀਨੀਆ, ਮਨੈਸਸ ਵਿਖੇ ਰਿਲੀਜ਼ ਕੀਤੀ ਗਈ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਕਿਤਾਬ ਦੀ ਪਹਿਲੀ ਕਾਪੀ ਵਾਸ਼ਿੰਗਟਨ ਤੋਂ ਡਾæ ਅਮਰਜੀਤ ਸਿੰਘ ਅਤੇ ਗੁਰੂਘਰ ਮੈਨੇਜਮੈਂਟ ਨੂੰ ਭੇਟ ਕੀਤੀ ਗਈ। ਡਾæ ਅਮਰਜੀਤ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਜਿੱਥੇ ਸਿੱਖ ਯੋਧਿਆਂ ਦੇ ਗੌਰਵਮਈ ਇਤਿਹਾਸ ਤੋਂ ਸੰਗਤਾਂ ਨੂੰ ਜਾਣੂੰ ਕਰਾਇਆ, ਉੱਥੇ ਹੀ ਉਨਾਂ ਕਿਹਾ ਕਿ ਅੱਜ ਸਾਨੂੰ ਲੋੜ ਹੈ ਕਿ ਅਸੀਂ ਸਿੱਖ ਇਤਾਹਾਸ ਨੂੰ ਪੜੀਏ ਅਤੇ ਵਿਚਾਰੀਏ ਤਾਂ ਜੋ ਅਸੀਂ ਆਪਣਾ ਇਤਿਹਾਸ ਆਉਣ ਵਾਲੀਆਂ ਪੀੜੀਆਂ ਤੱਕ ਪਹੁੰਚਾ ਸਕੀਏ। ਪੁਸਤਕ ਦੇ ਲੇਖਕ ਸ਼ ਸਤਨਾਮ ਸਿੰਘ ਔਲਖ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਲ 2004 ਵਿੱਚ ਸਿੱਖ ਫੌਜੀਆਂ ਬਾਰੇ ਉਨਾਂ ਨੇ ਖੋਜ ਸ਼ੁਰੂ ਕੀਤੀ ਸੀ ਅਤੇ ਇਨਾਂ 11 ਸਾਲਾਂ ਦੇ ਲੰਬੇ ਸਮੇਂ ਅਤੇ ਮੁਸ਼ੱਕਤ ਤੋਂ ਬਾਅਦ ਉਹ ਵਿਸ਼ਵ ਯੁੱਧਾਂ ਦੌਰਾਨ ਸਿੱਖ ਫੌਜੀਆਂ ਦੀਆਂ ਗੌਰਵਮਈ ਕੁਰਬਾਨੀਆਂ ਨੂੰ ਕਲਮਬੰਦ ਕਰਨ ਵਿੱਚ ਸਫਲ ਹੋਏ ਹਨ। ਸ਼ ਸਤਨਾਮ ਸਿੰਘ ਔਲਖ ਨੇ ਦੱਸਿਆ ਕਿ ਕਿਵੇਂ ਇਤਿਹਾਸਕ ਤੱਥਾਂ ਨੂੰ ਹਾਸਲ ਕਰਨ ਲਈ ਪਹਿਲਾਂ ਉਨਾਂ ਨੇ ਇੰਗਲੈਂਡ ਅਤੇ ਫਰਾਂਸ ਸਮੇਤ ਯੂਰਪ ਦੇ ਹੋਰ ਦੇਸ਼ਾਂ ਤੱਕ ਪਹੁੰਚ ਕੀਤੀ ਅਤੇ ਇਨਾਂ ਮੁਲਕਾਂ ਦੀਆਂ ਸਰਕਾਰਾਂ ਵਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਨੇ ਇਸ ਕਿਤਾਬ ਨੂੰ ਸੰਪੂਰਨ ਕਰਨ ਵਿੱਚ ਅਹਿਮ ਯੋਗਦਾਨ ਪਾਇਆ। ਸਟੇਜ ਸਕੱਤਰ ਦੀ ਸੇਵਾ ਸ਼ ਹਰਭਜਨ ਸਿੰਘ ਚਾਹਲ ਵਲੋਂ ਬਾਖੂਬੀ ਨਿਭਾਈ ਗਈ। ਗੁਰੂਘਰ ਕਮੇਟੀ ਵਲੋਂ ਸ਼ ਸਤਨਾਮ ਸਿੰਘ ਔਲਖ ਦੇ ਸਿੱਖ ਵਿਰਾਸਤ ਵਿੱਚ ਪਾਏ ਗਏ ਯੋਗਦਾਨ ਲਈ ਉਨਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਬਾਹਰ ਸਟਾਲ ਲਗਾ ਕੇ ਕਿਤਾਬ ਸੰਗਤਾਂ ਨੂੰ ਮੁਹੱਈਆ ਵੀ ਕਰਵਾਈ ਗਈ, ਜਿੱਥੇ ਕਿਤਾਬ ਪ੍ਰਤੀ ਸੰਗਤਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ।