ਅਮਰੀਕਾ: ਗਰੀਨ ਕਾਰਡ ਲੈਣ ਲਈ ਛੱਡਣਾ ਹੋਵੇਗਾ ਸਰਕਾਰੀ ਸਹਾਇਤਾ ਦਾ ਲਾਭ

americaਟਰੰਪ ਪ੍ਰਸ਼ਾਸਨ ਨੇ ਇਸ ਤਰ੍ਹਾਂ ਦੇ ਨਿਯਮਾਂ ਦੀ ਤਜ਼ਵੀਜ ਰੱਖੀ ਹੈ ਜਿਸ ਤਹਿਤ ਜੇਕਰ ਪ੍ਰਵਾਸੀ ਨਾਗਰਿਕ ਸਿਹਤ ਸਹਾਇਤਾ, ਫੂਡ ਸਟਾਮਪ ਅਤੇ ਹੋਰ ਪ੍ਰਕਾਰ ਦੀ ਸਰਕਾਰੀ ਸਹਾਇਤਾ ਦਾ ਲਾਭ ਲੈਂਦੇ ਹਨ ਤਾਂ ਉਨ੍ਹਾਂ ਨੂੰ ਗ੍ਰੀਨ ਕਾਰਡ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਸੰਘੀ ਕਾਨੂੰਨ ਵਿਚ ਪਹਿਲਾਂ ਹੀ ਇਹ ਸ਼ਰਤ ਸੀ ਕਿ ਗ੍ਰੀਨ ਕਾਰਡ ਪਾਉਣ ਦੀ ਤਾਂਘ ਰੱਖਣ ਵਾਲਿਆਂ ਨੂੰ ਸਾਬਤ ਕਰਨਾ ਹੋਵੇਗਾ ਕਿ ਉਹ ਬੋਝ ਨਹੀਂ ਬਣਨਗੇ ਅਤੇ ਸਰਕਾਰੀ ਸਹਾਇਤਾ ਦਾ ਲਾਭ ਨਹੀਂ ਲੈਣਗੇ, ਪਰ ਨਵੇਂ ਨਿਯਮਾਂ ਵਿਚ ਸ਼ਰਤਾਂ ਦੀ ਲੰਬੀ ਸੂਚੀ ਹੈ। ਗ੍ਰਹਿ ਸੁਰੱਖਿਆ ਮੰਤਰਾਲੇ ਨੇ ਦੱਸਿਆ ਕਿ ਵਰਤਮਾਨ ਅਤੇ ਅਤੀਤ ਵਿਚ ਇਕ ਹੱਦ ਤੋਂ ਵੱਧ ਕੁਝ ਖਾਸ ਸਰਕਾਰੀ ਲਾਭ ਪਾਉਣ ਨੂੰ ਗ੍ਰੀਨ ਕਾਰਡ ਅਤੇ ਅਸਥਾਈ ਪ੍ਰਵਾਸ ਦੀ ਮਨਜ਼ੂਰੀ ਦੇਣ ਲਈ ਭਾਰੀ ਨਕਰਾਤਮਕ ਤੱਥ ਮੰਨਿਆ ਜਾਵੇਗਾ| ਮੰਤਰਾਲੇ ਨੇ ਕਿਹਾ ਕਿ, ਇਸ ਪ੍ਰਸਤਾਵ ਵਿਚ ਇਹ ਸਪਸ਼ਟ ਹੈ ਕਿ ਜੋ ਵੀ ਅਮਰੀਕਾ ਸਥਾਈ ਜਾਂ ਅਸਥਾਈ ਰੂਪ ਵਿਚ ਆਉਣਾ ਅਤੇ ਇੱਥੇ ਰਹਿਣਾ ਚਾਹੁੰਦਾ ਹੈ ਉਸ ਨੂੰ ਆਪਣਾ ਖਰਚ ਖ਼ੁਦ ਚੁੱਕਣਾ ਪਵੇਗਾ ਅਤੇ ਸਰਕਾਰੀ ਲਾਭ ‘ਤੇ ਨਿਰਭਰ ਨਹੀਂ ਰਹਿਣਗੇ। ਮੰਤਰਾਲੇ ਦੀ ਵੈਬਸਾਈਟ ‘ਤੇ 447 ਪੰਨਿਆਂ ਵਾਲਾ ਇਹ ਪ੍ਰਸਤਾਵ ਜਾਰੀ ਕੀਤਾ ਗਿਆ ਹੈ| ਆਉਣ ਵਾਲੇ ਸਮੇਂ ਵਿਚ ਉਸ ਨੂੰ ਸੰਘੀ ਰਜਿਸਟਰ ਵਿਚ ਪਾਇਆ ਜਾਵੇਗਾ ਅਤੇ ਲਾਗੂ ਕਰਨ ਤੋਂ ਪਹਿਲਾਂ 60 ਦਿਨ ਤੱਕ ਇਸ ‘ਤੇ ਲੋਕਾਂ ਦੀ ਰਾਏ ਲਈ ਜਾਵੇਗੀ।