ਅਮਰੀਕਾ ਦੀ ਐਫ ਬੀ ਆਈ ਨੇ ਸਿੱਖ ਮਾਰਸ਼ਲ ਆਰਟ ਗਤਕਾ ਨੂੰ ਮਾਨਤਾ ਦਿੱਤੀ

ਸਿੱਖਾਂ ਨੂੰ ਸੁਰੱਖਿਆ ਤੇ ਇੰਟੈਲੀਜੈਂਸੀ ਫੋਰਸਾਂ ਵਿਚ ਵਧ ਚੜ੍ਹ ਕੇ ਸ਼ਾਮਲ ਹੋਣਾ ਚਾਹੀਦਾ

gatkaਵਾਸ਼ਿੰਗਟਨ ( ਹੁਸਨ ਲੜੋਆ ਬੰਗਾ) – ਬੀਤੇ ਦਿਨੀਂ ਦੁਨੀਆਂ ਦੇ ਸਭ ਤੋਂ ਤਾਕਤਵਰ ਇੰਟੈਂਲੀਜੈਂਸੀ ਏਜੰਸੀ ਐਫਬੀਆਈ ਨੇ ਇਕ ਵਿਸ਼ਾਲ ਪ੍ਰੋਗਰਾਮ ਕਰਵਾਇਆ।ਕਮਿਊਨਿਟੀ ਕਾਪਸ ਐਂਡ ਕਲਚਰ ਐਫਬੀਆਈ ਨਿਊਹੇਵਨ ਡਵਿਜ਼ਨ ਕਨੈਟੀਕਟ ਯੂਐਸਏ ਕੋਨੀਪੇਕ ਯੂਨੀਵਰਸਿਟੀ ਦੇ ਪ੍ਰੋਗਰਾਮ ਵਿਚ ਸਿੱਖ ਮਾਰਸ਼ਲ ਆਰਟ ਗਤਕਾ ਸਵਰਨਜੀਤ ਸਿੰਘ ਖਾਲਸਾ ਪ੍ਰਧਾਨ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸਹਿਯੋਗ ਨਾਲ ਸ਼ਾਮਲ ਕਰਵਾਇਆ ਗਿਆ। ਅਮਰੀਕਾ ਦੇ ਸਿੱਖਾਂ ਦੀ ਇਹ ਇਕ ਵੱਡੀ ਪ੍ਰਾਪਤੀ ਹੈ ਕਿ ਐਫਬੀਆਈ ਨੇ ਸਿੱਖ ਮਾਰਸ਼ਲ ਆਰਟ ਨੂੰ ਮਾਨਤਾ ਦੇ ਦਿੱਤੀ ਹੈ। ਇਹ ਗਤਕਾ ਟੀਮ ਅਕਾਲ ਗਤਕਾ ਗੁਰਮਤਿ ਗਰੁੱਪ ਵਲੋਂ ਅਯੋਜਿਤ ਕਰਵਾਈ ਗਈ। ਇਸ ਮੌਕੇ ਐਫਬੀਆਈ ਦੇ ਉੱਚ ਅਧਿਕਾਰੀ ਚਾਲਸ ਗਰੇਡੀ, ਜੌਨ ਬੇਸਨ, ਪ੍ਰਵਾਸੀ ਪੰਜਾਬਣ ਅਫ਼ਸਰ ਮਨਮੀਤ ਕੌਲਨ, ਮਨਪ੍ਰੀਤ ਕੌਰ ਸੰਧੂ, ਨੂਰਪ੍ਰੀਤ ਕੌਰ ਸੰਧੂ ਆਦਿ ਸ਼ਾਮਲ ਸਨ। ਇਸ ਮੌਕੇ ਉੱਚ ਅਧਿਕਾਰੀ ਚਾਲਸ ਗਰੇਡੀ ਨੇ ਕਿਹਾ ਕਿ ਸਮਾਜ ਤੇ ਅਮਰੀਕਾ ਦੀ ਸ਼ਾਂਤੀ ਲਈ ਸਵਰਨਜੀਤ ਸਿੰਘ ਖਾਲਸਾ ਦੀਆਂ ਸੇਵਾਵਾਂ ਮਹਾਨ ਹਨ ਤੇ ਉਹ ਨਸਲਵਾਦ ਵਿਰੁੱਧ ਉਸਾਰੂ ਢੰਗ ਨਾਲ ਸਰਗਰਮ ਹਨ ਤੇ ਅਮਰੀਕਾ ਪ੍ਰਸ਼ਾਸ਼ਨ ਨੂੰ ਵਧੀਆ ਢੰਗ ਨਾਲ ਸਹਿਯੋਗ ਦੇ ਰਹੇ ਹਨ। ਐਫਬੀਆਈ ਉਨ੍ਹਾਂ ਦੀ ਧੰਨਵਾਦੀ ਹੈ ਤੇ ਇਸ ਮਾਮਲੇ ਵਿਚ ਉਨ੍ਹਾਂ ਦਾ ਹਰੇਕ ਕਿਸਮ ਦਾ ਸਹਿਯੋਗ ਦੇਣ ਲਈ ਵਚਨਬੱਧ ਹੈ। ਪ੍ਰਵਾਸੀ ਪੰਜਾਬਣ ਅਫ਼ਸਰ ਮਨਮੀਤ ਕੌਲਨ, ਮਨਪ੍ਰੀਤ ਕੌਰ ਸੰਧੂ, ਨੂਰਪ੍ਰੀਤ ਕੌਰ ਸੰਧੂ ਆਦਿ ਅਫ਼ਸਰਾਂ ਨੇ ਕਿਹਾ ਕਿ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਨੂੰ ਸੁਰੱਖਿਆ ਤੇ ਇੰਟੈਲੀਜੈਂਸੀ ਫੋਰਸਾਂ ਵਿਚ ਵਧ ਚੜ੍ਹ ਕੇ ਸ਼ਾਮਲ ਹੋਣਾ ਚਾਹੀਦਾ ਹੈ, ਜਿਸ ਨਾਲ ਪੰਜਾਬੀ ਤੇ ਸਿੱਖ ਭਾਈਚਾਰੇ ਦਾ ਮਾਣ ਵੱਧ ਸਕੇ ਤੇ ਸਿੱਖਾਂ ਉੱਪਰ ਨਸਲਵਾਦੀ ਹਮਲੇ ਖਤਮ ਹੋ ਸਕਣ। ਸਵਰਨਜੀਤ ਸਿੰਘ ਖਾਲਸਾ ਪ੍ਰਧਾਨ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਮੈਂਬਰ ਡਿਪਾਰਟਮੈਂਟ ਆਫ ਜਸਟਿਸ ਅਤੇ ਪਲੇਨਿੰਗ ਬੋਰਡ ਕਨੈਕਟੀਕਟ ਨੇ ਦੱਸਿਆ ਕਿ ਇਸ ਮੌਕੇ ਵਿਲੀਅਮ ਬੇਨਡੈ ਪ੍ਰੈਜੀਡੈਂਟ ਐਫਬੀਆਈ ਨਿਊਹੇਵਨ ਸਿਟੀਜ਼ਨ ਅਕੈਡਮੀ ਐਲਬੀਸੀ ਐਸੋਸੀਏਸ਼ਨ ਵਲੋਂ ਮੈਨੂੰ ਮੈਂਬਰਸ਼ਿਪ ਵੀ ਦਿੱਤੀ ਗਈ, ਜਿਸ ਲਈ ਮੈਂ ਇਨ੍ਹਾਂ ਦਾ ਧੰਨਵਾਦ ਕਰਦਾ ਹਾਂ।
ਉਨ੍ਹਾਂ ਸਮੂਹ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਸਰਬੱਤ ਭਲੇ ਦੇ ਮੁਹਿੰਮ ਉਜਾਗਰ ਕਰਨ ਦੇ ਲਈ ਸਿੱਖ ਸਭਿਆਚਾਰ ‘ਤੇ ਪਹਿਰੇ ਦੇਣ ਤੇ ਆਪਸੀ ਮਤਭੇਦ ਭੁਲਾ ਕੇ ਯਹੂਦੀ ਭਾਈਚਾਰੇ ਵਾਂਗ ਕੁਆਲਿਟੀ ਵਾਲੀ ਕੌਮ ਉਸਾਰਨ ਲਈ ਯਤਨਸ਼ੀਲ ਹੋਣ, ਜੋ ਕਿ ਗੁਰੂ ਸਾਹਿਬਾਨਾਂ ਦਾ ਸੁਪਨਾ ਸੀ। ਉਨ੍ਹਾਂ ਕਿਹਾ ਕਿ ਸਾਨੂੰ ਜਾਤ-ਪਾਤ, ਨਸਲਵਾਦ ਤੋਂ ਉੱਪਰ ਉੱਠ ਕੇ ਦੁਨੀਆਂ ਦੇ ਵਧੀਆ ਮਨੁੱਖ ਵਜੋਂ ਪੇਸ਼ ਹੋਣਾ ਚਾਹੀਦਾ ਹੈ, ਸੱਤਾ, ਰਾਜ ਸਾਡੇ ਪੈਰਾਂ ਹੇਠ ਰੁਲਣਗੇ।