ਅਮਰੀਕਾ ਦੇ ਸਿੱਖਾਂ ਵੱਲੋਂ ਪੰਜਾਬ ਦਾ ਜਾਰੀ ਕੀਤਾ ਗਿਆ ਝੰਡਾ

ਨੋਰਵਿੱਚ ਸ਼ਹਿਰ ਦੇ ਡਾਉਨਟਾਊਨ ਦੀ ਬਣਿਆ ਸ਼ਾਨ

 

flagਕੈਨੇਕਟਿਕਟ (ਅਮਰੀਕਾ) 15 ਜੂਨ (ਹੁਸਨ ਲੜੋਆ ਬੰਗਾ) – ਬੀਤੇ ਦਿਨੀਂ, ਜਿੱਥੇ ਅਮਰੀਕਾ ਦੇ ਸੂਬੇ ਕੈਨੇਕਟਿਕਟ ਨੇ ਦਰਬਾਰ ਸਾਹਿਬ ਉਤੇ ਹੋਏ ਹਮਲੇ ਦੀ ਨਿੰਦਾ ਕੀਤੀ ਅਤੇ 1984 ਸਿੱਖ ਕਤਲੇਆਮ ਦੀ ਯਾਦਗਾਰ ਬਣਾਈ ਜਿਸ ਵਿਚ ਵਿਸ਼ਵ ‘ਚ ਵੱਸਦੇ ਸਿੱਖ ਭਾਈਚਾਰੇ ਨੂੰ ਇਕ ਵਾਰ ਫਿਰ ਪੰਜਾਬ ਦੀ ਆਜ਼ਾਦੀ ਦੀ ਕਮਾਨ ਸੰਭਾਲਣ ਦਾ ਸੁਨੇਹਾ ਦਿੱਤਾ, ਉੱਥੇ ਨੋਰਵਿੱਚ ਸ਼ਹਿਰ ਵਿਚ ਕੈਨੇਕਟਿਕਟ ਦੇ ਸਿੱਖਾਂ ਵਲੋਂ ਪੰਜਾਬ ਦਾ ਜਾਰੀ ਕੀਤਾ ਝੰਡਾ ਡਾਉਨਟਾਊਨ ਵਿੱਚ ਲਹਿਰਾਇਆ| ਇਸ ਝੰਡੇ ਨੂੰ ਲਹਿਰਾਉਣ ਦੀ ਰੂਪ ਰੇਖਾ ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਅਤੇ ਨੋਰਵਿੱਚ ਪਲੇਨਿੰਗ ਬੋਰਡ ਦੇ ਮੈਂਬਰ ਸਵਰਨਜੀਤ ਸਿੰਘ ਖਾਲਸਾ ਵੱਲੋਂ ਕੀਤੀ ਗਈ| ਉਨ੍ਹਾਂ ਦੱਸਿਆ ਕਿ, ਅਸੀਂ ਆਪਣੇ ਸ਼ਹਿਰ ਵਿੱਚ ਤਕਰੀਬਨ ਹਰ ਮੁਲਕ ਦਾ ਝੰਡਾ ਡਾਊਨਟਾਊਨ ਵਿੱਚ ਸਥਾਪਿਤ ਕੀਤਾ ਹੈ ਤਾਂ ਜੋ ਹਰ ਕੋਈ ਆਪਣੀ ਪਹਿਚਾਣ ਉੱਤੇ ਮਾਣ ਕਰ ਸਕੇ| ਉਨ੍ਹਾਂ ਦੱਸਿਆ ਕਿ, ਇਹ ਡਿਜਾਇਨ ਓਹਨਾ ਕਾਫੀ ਡੂੰਘੀ ਰਿਸਰਚ ਕਰਕੇ ਬਣਾਇਆ ਹੈ ਤੇ ਉਹ ਉਮੀਦ ਕਰਦੇ ਹਨ ਕਿ ਪੰਜਾਬ ਦੇ ਵਸਨੀਕ ਵੀ ਇਸ ਨੂੰ ਅਪਨਾਉਣਗੇ| ਇਸ ਝੰਡੇ ਵਿੱਚੋਂ ਅਸੀਂ ਪੰਜਾਬ ਦੀ ਝਲਕ ਦੁਨੀਆ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਸਿੱਖੀ ਦਾ ਸੁਨੇਹਾ ਘਰ ਘਰ ਪਹੁੰਚਾਉਣ ਦਾ ਯਤਨ ਕੀਤਾ ਹੈ| ਉਨ੍ਹਾਂ ਦੱਸਿਆ ਕਿ, ਕਣਕ ਪੰਜਾਬ ਦੀ ਖੇਤੀਬਾੜੀ ਦਰਸਾਉਂਦੀ ਹੈ ਤੇ ਪੰਜ ਲਾਈਨਾਂ ਪੰਜਾਬ ਦੇ ਪੰਜ ਦਰਿਆ| ਇਸ ਤੋਂ ਇਲਾਵਾ ਕਿਰਪਾਨ ਧਾਰਮਿਕ ਆਜ਼ਾਦੀ ਦਾ ਪ੍ਰਤੀਕ ਹੈ ਅਤੇ ਦੇਗ ਤੇਗ ਫਤਹਿ ਜੋ ਕਿ ਸਿੱਖਾਂ ਦਾ ਮਿਸ਼ਨ ਹੈ ਇਸ ਝੰਡੇ ਵਿੱਚੋਂ ਪ੍ਰਗਟ ਹੁੰਦਾ ਹੈ| ਉਨ੍ਹਾਂ ਕਿਹਾ ਕਿ, ਆਉਣ ਵਾਲੇ ਸਮੇਂ ਵਿੱਚ ਗਵਰਨਰ ਤੋਂ ਅਪੀਲ ਕਰਕੇ ਉਹ ਇਸ ਨੂੰ ਸੂਬੇ ਦੀ ਪਾਰਲੀਮੈਂਟ ਉੱਤੇ ਵੀ ਅਮਰੀਕਾ ਦੇ ਝੰਡੇ ਨਾਲ ਲਹਿਰਾਉਣ ਦੇ ਯਤਨ ਕਰਨਗੇ| ਇਸ ਤੋਂ ਇਲਾਵਾ ਸਿੱਖਾਂ ਦਾ ਕੌਮੀ ਝੰਡਾ ਸ਼ਹਿਰ ਦੀ ਲਾਇਬ੍ਰੇਰੀ ਵਿਚ ਵੀ ਸੁਸ਼ੋਭਿਤ ਹੈ|