ਇਟਲੀ ਵਿੱਚ ਲੱਗਾ “ਸੱਪਾਂ ਦਾ ਮੇਲਾ” ਹਜ਼ਾਰਾਂ ਇਟਾਲੀਅਨ ਸਿਆਣਿਆਂ ਅਤੇ ਨਿਆਣਿਆਂ ਨੇ ਸੱਪਾਂ ਨਾਲ ਕੀਤੀਆਂ ਦਿਲ ਖੋਲ ਕੇ ਕਲੋਲਾਂ

ਸੱਪਾਂ ਦੀ ਜ਼ਹਿਰ ਅਤੇ ਡੰਗ ਤੋਂ ਬਚਣ ਲਈ 10ਵੀਂਂ ਸਦੀ ਤੋਂ ਚੱਲ ਰਹੀ ਹੈ ਪੁਰਾਤਨ ਰਵਾਇਤ

snake1ਰੋਮ (ਇਟਲੀ) (ਦਲਵੀਰ ਕੈਂਥ) – ਇਟਲੀ ਇੱਕ ਇਤਿਹਾਸਕ ਦੇਸ਼ ਹੋਣ ਕਾਰਨ ਇਸ ਵਿੱਚ ਕਈ ਅਜਿਹੇ ਦਿਨ ਤਿਉਹਾਰ ਮਨਾਏ ਜਾਂਦੇ ਹਨ ਜਿਸ ਬਾਰੇ ਬਹੁਤੇ ਵਿਦੇਸ਼ੀ ਲੋਕ ਨਹੀਂ ਜਾਣਦੇ ਤੇ ਕੁਝ ਲੋਕਾਂ ਨੂੰ ਇਹ ਤਿਉਹਾਰ ਅੰਧਵਿਸ਼ਵਾਸੀ ਲੱਗਦਾ ਹੈ ਪਰ ਇਹ ਦਿਨ ਤਿਉਹਾਰ ਇਟਾਲੀਅਨ ਲੋਕਾਂ ਵਿੱਚ ਵਿਸੇæਸ ਸ਼ਰਧਾ ਅਤੇ ਸਥਾਨ ਰੱਖਦੇ ਹਨ ਅਜਿਹਾ ਹੀ ਇੱਕ ਤਿਉਹਾਰ ਹੈ “ਫੇਸਤਾ ਦੇਈਂ ਸੇਰਪਾਰੀ ਜਾਂ ਸੇਰਪੇਂਟ ਫੈਸਟੀਵਲ” ਜਿਸ ਨੂੰ ਪੰਜਾਬੀ ਭਾਸ਼ਾ ਵਿੱਚ “ਸੱਪਾਂ ਦਾ ਮੇਲਾ “ਵੀ ਕਿਹਾ ਜਾ ਸਕਦਾ ਹੈ ਇਹ ਤਿਉਹਾਰ 1 ਮਈ ਨੂੰ ਹਰ ਸਾਲ ਇਟਲੀ ਦੇ ਅਬਰੂਸੋ ਦੇ ਕਸਬਾ ਕੋਕੂਲੋ ਵਿੱਚ ਹਜ਼ਾਰਾ ਇਟਾਲੀਅਨ ਲੋਕਾਂ ਵੱਲੋਂ ਸੈਂਕੜੇ ਸੱਪਾਂ ਨਾਲ ਮਨਾਇਆ ਜਾਂਦਾ ਹੈ ਇਹ ਸੱਪ ਇਲਾਕੇ ਦੇ ਆਲੇ-ਦੁਆਲੇ ਸਥਿਤ ਜੰਗਲਾਂ ਵਿੱਚੋਂ ਇੱਕਠੇ ਕੀਤੇ ਜਾਂਦੇ ਹਨ ।ਸੱਪਾਂ ਨਾਲ ਸੰਬਧਤ ਇਸ ਮੇਲੇ ਦਾ ਇਤਿਹਾਸ 10ਵੀਂ ਸਦੀ ਦੇ ਸਨ ਡੋਮੈਨੀਕੋ ਨਾਲ ਸਬੰਧਤ ਹੈ ਜੋ ਕਿ ਸਦੀ ਦੇ ਆਖ਼ਿਰ ਵਿੱਚ ਕਸਬਾ ਕੋਕੂਲੋ ਵਿੱਚ 7 ਸਾਲ ਰਹੇ ਸਨ ।ਇਤਿਹਾਸਕਾਰ ਮੰਨਦੇ ਹਨ ਮੱਧ ਇਟਲੀ ਵਿੱਚ ਰਹਿਣ ਵਾਲੇ ਮਾਰਸੀ ਲੋਕ ਸੱਪ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸਨ ਜਿਹਨਾਂ ਲੋਕ ਜ਼ਹਿਰਲੇ ਸੱਪਾਂ ਨੂੰ ਕਾਬੂ ਕਰਨ ਅਤੇ ਉਹਨਾਂ ਦੇ ਜ਼ਹਿਰ ਜਾਂ ਉਹਨਾਂ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਵਿਸੇæਸ ਜਾਦੂਈ ਸ਼ਕਤੀਆਂ ਸਨ।ਉਦੋਂ ਤੋਂ ਹੀ ਇਲਾਕੇ ਦੇ ਲੋਕ ਸੱਪਾਂ ਦੇ ਜ਼ਹਿਰ ,ਉਹਨਾਂ ਦੇ ਡੰਗ ਅਤੇ ਆਪਣੀ ਸਿਹਤਯਾਬੀ ਖਾਸਕਰ ਦੰਦਾਂ ਨੂੰ ਰੋਗ ਮੁੱਕਤ ਕਰਨ ਲਈ ਇਸ “ਸੱਪ ਮੇਲੇ” ਦਾ ਆਯਜੋਨ ਕਰਦੇ ਹਨ ।ਮੇਲੇ ਵਾਲੇ ਦਿਨ ਲੋਕ ਸਨ ਡੋਮੈਨੀਕੋ ਦਾ ਆਸ਼ੀਰਵਾਦ ਲੈਣ ਸਵੇਰੇ-ਸਵੇਰੇ ਗਿਰਜ਼ਾਘਰ ਜਾ ਕੇ ਆਪਣੇ ਦੰਦਾਂ ਨਾਲ ਗਿਰਜ਼ਾਘਰ ਵਿੱਚ ਲੱਗੇ ਟੱਲ ਦੀ ਰੱਸੀ ਆਪਣੇ ਦੰਦਾਂ ਨਾਲ ਖਿੱਚਦੇ ਹਨ ।ਇਸ ਮੌਕੇ ਜਿੱਥੇ ਸਨ ਡੋਮੈਨੀਕੋ ਦੀ ਮੂਰਤੀ ਨੂੰ ਸੱਪਾਂ ਨਾਲ ਲੱਦਿਆ ਜਾਂਦਾ ਹੈ ਉੱਥੇ ਲੋਕਾਂ ਵੱਲੋਂ ਇੱਕਠੇ ਕੀਤੇ ਸੱਪਾਂ ਨੂੰ ਵੀ ਬਿਨ੍ਹਾਂ ਡਰ ਦੇ ਆਪਣੇ ਗਲ੍ਹਾਂ ਵਿੱਚ ਪਾਇਆ ਜਾਂਦਾ ਹੈ ਤਾਂ ਜੋ ਉਹਨਾਂ ਉਪੱਰ ਕਿਰਪਾ ਬਣੀ ਰਹੇ।”ਸੱਪ ਮੇਲੇ” ਦੀ ਤਿਆਰੀ ਇਟਾਲੀਅਨ ਲੋਕ ਮੇਲੇ ਤੋਂ ਇੱਕ ਮਹੀਨਾਂ ਪਹਿਲਾਂ ਹੀ ਆਰੰਭ ਦਿੰਦੇ ਹਨ ਅਤੇ ਮੁੱਖ ਚਾਰ ਕਿਸਮ ਦੇ ਅਜਿਹੇ ਸੱਪ ਫੜ੍ਹਦੇ ਹਨ ਜਿਹੜੇ ਕਿ ਜ਼ਹਿਰਲੇ ਨਹੀਂ ਹੁੰਦੇ।ਇਹ ਇੱਕਠੇ ਕੀਤੇ ਸੈਂਕੜੇ ਸੱਪਾਂ ਨੂੰ ਮੇਲੇ ਦੇ ਪ੍ਰਬੰਧਕਾਂ ਵੱਲੋਂ ਪੁਰਾਤਨ ਰਵਾਇਤ ਅਨੁਸਾਰ ਮਿੱਟੀ ਦੇ ਭਾਂਡਿਆਂ ਵਿੱਚ ਰੱਖਿਆ ਜਾਂਦਾ ਹੈ ਅਤੇ ਖਾਣ ਵਾਸਤੇ ਉਬਲੇ ਆਂਡੇ ਅਤੇ ਚੂਹੇ ਦਿੱਤੇ ਜਾਂਦੇ ਹਨ।ਪਹਿਲਾਂ ਇਸ ਤਿਉਹਾਰ ਨੂੰ ਮਈ ਮਹੀਨੇ ਦੇ ਪਹਿਲੇ ਵੀਰਵਾਰ ਮਨਾਇਆ ਜਾਂਦਾ ਸੀ ਪਰ ਹੁਣ ਹਰ ਸਾਲ 1 ਮਈ ਨੂੰ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਮਜ਼ਦੂਰ ਦਿਵਸ ਕਾਰਨ ਸਰਕਾਰੀ ਛੁੱਟੀ ਹੁੰਦੀ ਹੈ।ਮੇਲੇ ਵਾਲੇ ਦਿਨ ਚਾਰ ਸੇਵਾਦਾਰ ਗਿਰਜ਼ਾਘਰ ਤੋਂ ਸਨ ਡੋਮੈਨੀਕੋ ਦੀ ਮੂਰਤੀ ਸੱਪਾਂ ਨਾਲ ਲੱਦ ਕੇ ਪੂਰੇ ਸ਼ਹਿਰ ਵਿੱਚ ਜਲੂਸ ਦੇ ਰੂਪ ਵਿੱਚ ਘੁੰਮਾਉਂਦੇ ਹਨ ਤੇ ਬਾਅਦ ਵਿੱਚ ਇੱਕਠੇ ਕੀਤੇ ਸੱਪਾਂ ਨੂੰ ਮੁੱੜ ਜੰਗਲ ਵਿੱਚ ਛੱਡ ਦਿੰਦੇ ਹਨ ਤਾਂ ਕਿ ਅਗਲੇ ਸਾਲ ਫਿਰ ਇਹਨਾਂ ਸੱਪਾਂ ਨੂੰ ਫੜ੍ਹ ਕੇ ਮੇਲਾ ਕਰਵਾਇਆ ਜਾ ਸਕੇ।ਇਸ ਵਾਰ ਵ ਿ1 ਮਈ ਨੂੰ ਹਜ਼ਾਰਾ ਇਟਾਲੀਅਨ ਲੋਕਾਂ ਵੱਲੋਂ ਇਹ “ਸੱਪ ਮੇਲਾ “ਪੂਰੇ ਜੋਸ਼ੋ-ਖਰੋਸ਼ ਨਾਲ ਕਰਵਾਇਆ ਗਿਆ ਜਿਸ ਵਿੱਚ ਸਿਆਣਿਆਂ ਦੇ ਨਾਲ-ਨਾਲ ਨਿਆਣਿਆਂ ਨੂੰ ਵੀ ਸੱਪਾਂ ਨਾਲ ਕਲੋਲ ਕਰਦੇ ਦੇਖਿਆ ਗਿਆ।ਇਸ ਮੇਲੇ ਨੂੰ  ਸਥਾਨਕ ਪ੍ਰਸ਼ਾਸ਼ਨ ਨੇ ਸਖ਼ਤ ਪ੍ਰਬੰਧਾਂ ਹੇਠ ਪੂਰੀ ਜਿੰਮੇਵਾਰੀ ਨਾਲ ਕਰਵਾਇਆ।