ਐਲਕ ਗਰੋਵ ‘ਚ ਵੈਟਰਨਸ ਡੇਅ ਪਰੇਡ ਮੌਕੇ ਸਿੱਖਾਂ ਦਾ ਫਲੋਟ ਰਿਹਾ ਸਲਾਹੁਣਯੋਗ

ਸੈਕਰਾਮੈਂਟੋ, ਕੈਲੀਫੋਰਨੀਆ, 16 ਨਵੰਬਰ ( ਹੁਸਨ ਲੜੋਆ ਬੰਗਾ) – ਫੌਜ ਵਿੱੱਚ ਸੇਵਾ ਨਿਭਾਅ ਚੁੱਕੇ ਜਵਾਨਾਂ ਦੇ ਸਨਮਾਨ ਵਿੱਚ ਅਮਰੀਕਾ ਭਰ ਵਿੱਚ ਵੈਟਰਨਸ ਡੇਅ ਮਨਾਇਆ ਜਾਂਦਾ ਹੈ। ਵੱਖ-ਵੱਖ ਸ਼ਹਿਰਾਂ ਵਿੱਚ ਇਸ ਸੰਬੰਧੀ ਪਰੇਡਾਂ ਕੱਢੀਆਂ ਜਾਂਦੀਆਂ ਹਨ ਅਤੇ ਸਮਾਗਮ ਕਰਾਏ ਜਾਂਦੇ ਹਨ।

ਇਸੇ ਤਰ੍ਹਾਂ ਸੈਕਰਾਮੈਂਟੋ ਦੇ ਸ਼ਹਿਰ ਐਲਕ ਗਰੋਵ ਦੇ ਵਿੱਚ ਵੀ ਇਸ ਵਾਰ 16ਵਾਂ ਸਲਾਨਾ ਵੈਟਰਨਸ ਡੇਅ ਦਾ ਆਯੋਜਨ ਸਿਟੀ ਵੱਲੋਂ ਕੀਤਾ ਗਿਆ। ਇਸ ਮੌਕੇ ਕੱਢੀ ਗਈ ਪਰੇਡ ਵਿੱਚ ਜਿਥੇ ਅਮਰੀਕੀ ਫੌਜੀ ਟੁਕੜੀਆਂ, ਬੈਂਡ ਅਤੇ ਹੋਰ ਕਈ ਤਰ੍ਹਾਂ ਦੀਆਂ ਝਾਕੀਆਂ ਕੱਢੀਆਂ ਗਈਆਂ, ਉੱਥੇ ਸਿੱਖ ਕੌਮ ਵੱਲੋਂ ਵੀ ਇਸ ਪਰੇਡ ਵਿਚ ਆਪਣਾ ਫਲੋਟ ਸ਼ਾਮਿਲ ਕੀਤਾ ਗਿਆ, ਜੋ ਕਿ ਕਾਫੀ ਪ੍ਰਭਾਵਸ਼ਾਲੀ ਰਿਹਾ। ਇਸ ਝਾਕੀ ਵਿੱਚ ਜਿਥੇ ਅਮਰੀਕੀ ਫੌਜ ਵਿੱਚ ਉੱਚ ਅਹੁਦਿਆਂ ‘ਤੇ ਰਹੇ ਸਿੱਖ ਅਧਿਕਾਰੀਆਂ ਦੀਆਂ ਫੋਟੋਆਂ ਲਗਾਈਆਂ ਗਈਆਂ ਸਨ, ਉੱਥੇ ਇੱਕ ਸਿੱਖ ਨੌਜਵਾਨ ਕਾਰਪੋਰਲ ਗੁਰਪ੍ਰੀਤ ਸਿੰਘ ਜਿਹੜਾ ਕਿ ਅਮਰੀਕੀ ਫੌਜ ਵੱਲੋਂ ਅਫਗਾਨਿਸਤਾਨ ਵਿੱਚ ਸ਼ਹੀਦ ਹੋ ਗਿਆ ਸੀ, ਦੀਆਂ ਵੱਖ-ਵੱਖ ਤੱਸਵੀਰਾਂ ਵੀ ਝਾਕੀਆਂ ‘ਚ ਪ੍ਰਦਰਸ਼ਿਤ ਕੀਤੀਆਂ ਗਈਆਂ। ਇਸ ਫਲੋਟ ਦੇ ਨਾਲ-ਨਾਲ ਭਾਰੀ ਗਿਣਤੀ ਵਿੱਚ ਸਿੱਖ ਭਾਈਚਾਰੇ ਨੇ ਆਪਣੀ ਹਾਜ਼ਰੀ ਲਗਾਈ। ਪਰੇਡ ਦੇਖਣ ਆਏ ਲੋਕਾਂ ਨੇ ਇਸ ਫਲੋਟ ਨੂੰ ਸਰਾਹਿਆ ਅਤੇ ਖੜੇ ਹੋ ਕੇ ਤਾੜੀਆਂ ਮਾਰ ਕੇ ਸਵਾਗਤ ਕੀਤਾ। ਅਜਿਹੇ ਫਲੋਟ ਨਾਲ ਅਮਰੀਕੀ ਲੋਕਾਂ ਨੂੰ ਸਿੱਖਾਂ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ। ਸਥਾਨਕ ਸਿੱਖਾਂ ਵੱਲੋਂ ਸਿੱਖ ਸੁਸਾਇਟੀ ਆਫ ਕੈਲੀਫੋਰਨੀਆ ਦੇ ਬੈਨਰ ਹੇਠ ਪਿਛਲੇ 8 ਸਾਲਾਂ ਤੋਂ ਇਸ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਸਥਾਨਕ ਅਮਰੀਕੀ ਆਗੂ ਅਤੇ ਅਧਿਕਾਰਿਆਂ ਨੇ ਇਸ ਫਲੋਟ ਦੀ ਪ੍ਰਸ਼ੰਸਾ ਕੀਤੀ ਅਤੇ ਸਿੱਖ ਕੌਮ ਨੂੰ ਇਸ ਕਾਰਜ਼ ਲਈ ਵਧਾਈ ਦਿੱਤੀ। ਇਲਾਕੇ ਦੇ ਕਾਂਗਰਸਮੈਨ ਐਮੀ ਬੈਰਾ, ਅਸੈਂਬਲੀ ਮੈਂਬਰ ਜਿੰਮ ਕੂਪਰ, ਮੇਅਰ ਸਟੀਵ ਲੀ, ਕੌਂਸਲ ਸਟੀਵ ਡੈਟਰੀਕ, ਕੌਂਸਲ ਮੈਂਬਰ ਡੈਰਨ ਸਿਊਨ ਤੋਂ ਅਲਾਵਾ ਹੋਰ ਵੀ ਬਹੁਤ ਸਾਰੇ ਅਧਿਕਾਰੀ ਇਸ ਮੌਕੇ ਅਮਰੀਕੀ ਭਾਈਚਾਰੇ ਨੂੰ ਵਧਾਈ ਦੇਣ ਪਹੁੰਚੇ।