ਜੈਕਾਰਾ ਵੱਲੋਂ ਫਰਿਜਨੋ ਤੋਂ ਟੈਕਸਾਸ ਲਈ ਹੜ ਪੀੜਤਾਂ ਦੀ ਮਦਦ ਲਈ ਸਮਾਨ ਰਵਾਨਾ

helpਫਰਿਜ਼ਨੋ, ਕੈਲੇਫੋਰਨੀਆ, 19 ਸਤੰਬਰ (ਹੁਸਨ ਲੜੋਆ ਬੰਗਾ) – ਪਿਛਲੇ ਦਿਨੀਂ ਹਰੀਕੇਨ ਹਾਰਵੇ ਕਾਰਨ ਭਾਰੀ ਹੜਾਂ ਕਾਰਨ ਸਾਊਥ ਈਸਟ ਟੈਕਸਾਸ ਬੁਰੀ ਤਰਾਂ ਨਾਲ ਤਬਾਹ ਹੋ ਗਿਆ ਸੀ। ਇਸ ਤੁਫਾਨ ਨਾਲ ਤਕਰੀਬਨ ਪੰਜਾਹ ਦੇ ਕਰੀਬ ਲੋਕ ਮਾਰੇ ਜਾ ਚੁੱਕੇ ਹਨ। ਦਰਜਨਾਂ ਲੋਕੀਂ ਹਾਲੇ ਵੀ ਗੁੰਮ ਹਨ। ਤੀਹ ਹਜਾਰ ਘਰਾਂ ਵਿੱਚ ਬਿਜਲੀ ਗੁੱਲ ਹੈ ਅਤੇ ਹਜਾਰਾਂ ਲੋਕ ਬੇਘਰ ਹੋਏ ਡਾਹਢੀਆਂ ਦੁਸ਼ਵਾਰੀਆਂ ਝੱਲ ਰਹੇ ਹਨ। ਇਸ ਮੌਕੇ ਹਲਾਤਾਂ ਨਾਲ ਨਜਿੱਠਣ ਲਈ ਫੌਜ ਬੁਲਾਈ ਗਈ ਹੈ। ਫਰਿਜ਼ਨੋ ਦੀ ਸਮਾਜ ਸੇਵੀ ਸੰਸਥਾ “ਜੈਕਾਰਾ” ਨੇ ਪਹਿਲ ਕਰਦਿਆਂ ਗੁਰਦਵਾਰਾ ਸਿੰਘ ਸਭਾ ਫਰਿਜਨੋ ਅਤੇ ਗੁਰਦਵਾਰਾ ਨਾਨਕ ਪਰਕਾਸ਼ ਫਾਉਲਰ ਵਿਖੇ ਸਾਊਥ ਟੈਕਸਾਸ ਹੜ ਪੀੜਤਾਂ ਦੀ ਮਦਦ ਲਈ ਕੁਲੈਸ਼ਨ ਸੈਂਟਰ ਖੋਲੇ ਹਨ। ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬੀ ਅਤੇ ਹੋਰ ਭਾਈਚਾਰਿਆਂ ਨਾਲ ਸਬੰਧਿਤ ਲੋਕ ਰੋਜ਼ਮਰਾ ਦੀ ਜਿੰਦਗੀ ਵਿੱਚ ਕੰਮ ਆਉਣ ਵਾਲਾ ਸਮਾਨ ਜਮਾਂ ਕਰਵਾ ਰਹੇ ਹਨ। ਜੈਕਾਰਾ ਸੰਸਥਾ ਦੇ ਬੁਲਾਰੇ ਇਕਬਾਲ ਬੈਂਸ ਨੇ ਕਿਹਾ ਕਿ ਅਸੀਂ ਇੱਕ ਯੂ ਹਾਲ ਟਰੇਲਰ ਤੇ ਪਿੱਕਅਪ ਟਰੱਕ ਲਿਜਾਣ ਬਾਰੇ ਸੋਚਿਆ ਸੀ, ਲੇਕਿਨ ਜਦੋਂ ਸ਼ੋਸ਼ਲ ਮੀਡੀਏ ਜ਼ਰੀਏ ਜਾਣਕਾਰੀ ਲੋਕਾਂ ਤੱਕ ਪਹੁੰਚੀ ਤਾਂ ਸਮਾਨ ਦੇ ਦੋ 53 ਫੁੱਟੇ ਟਰੇਲਰ ਭਰ ਗਏ। ਉਹਨਾਂ ਇਸ ਮੌਕੇ ਪੀ ਸੀ ਏ (ਪੰਜਾਬੀ ਕਲਚਰਲ ਐਸੋਸੀਏਸ਼ਨ) ਅਤੇ ਆਪਕਾ ਸੰਸਥਾ ਦਾ ਸਹਿਯੋਗ ਲਈ ਸ਼ੁਕਰੀਆ ਅਦਾ ਕੀਤਾ ਤੇ ਕਿਹਾ ਕਿ, ਦੋਵਾਂ ਸੰਸਥਾਵਾਂ ਨੇ ਦਸ ਹਜਾਰ ਡਾਲਰ ਦਾ ਵੱਡਾ ਯੋਗਦਾਨ ਪਾਕੇ ਇਸ ਕਾਰਜ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਵਿੱਚ ਸਾਡਾ ਸਾਥ ਦਿੱਤਾ ਹੈ।
ਇਸ ਮੌਕੇ ਪੀ ਸੀ ਏ ਮੈਂਬਰ ਗੁਰਦਵਾਰਾ ਸਿੰਘ ਸਭਾ ਫਰਿਜਨੋ ਵਿਖੇ ਆਪਣੀਆਂ ਡਿਉਟੀਆਂ ਨਿਭਾ ਰਹੇ ਹਨ ਅਤੇ ਦੂਸਰਾ ਟਰੇਲਰ ਭਰਨ ਲਈ ਪੂਰੇ ਉਤਸ਼ਾਹਿਤ ਹਨ। ਉਹਨਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਕਿਰਪਾ ਕਰਕੇ ਪੁਰਾਣਾ ਸਮਾਨ ਨਾ ਲਿਆਂਦਾ ਜਾਵੇ, ਖਾਸ ਕਰ ਕੱਪੜੇ ਵਗੈਰਾ। ਜਿਆਦਾ ਓਹਨਾਂ ਪਾਣੀ, ਸੋਡੇ, ਗੇਟਰੇਡ, ਡਾਇਪਰ, ਸੈਨੇ ਟਾਇਜ਼ਰ ਅਤੇ ਕੈਂਨ ਫੂਡ ਆਦਿ ਡੋਨੇਟ ਕਰਨ ਦੀ ਅਪੀਲ ਕੀਤੀ। ਉਹਨਾਂ ਸਮੂਹ ਪੰਜਾਬੀ ਸੰਸਥਾਵਾਂ ਨੂੰ ਵੀ ਇਸ ਕਾਰਜ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਹਨਾਂ ਵਿਸ਼ੇਸ਼ ਤੌਰ ਤੇ ਟਰੱਕਰ ਸੁਰਜੀਤ ਘੋਲੀਆ ਤੇ ਦਲਜੀਤ ਸਿੰਘ ਸਿੱਧੂ ਦਾ ਟਰਾਂਸਪੋਰਟ ਸਾਧਨਾਂ ਲਈ ਧੰਨਵਾਦ ਕੀਤਾ। ਪੀਸੀਏ ਮੈਂਬਰ ਗੁਰਨੇਕ ਸਿੰਘ ਬਾਗੜੀ ਨੇ ਦੱਸਿਆ ਕਿ ਪੀਸੀਏ ਅਤੇ ਆਪਕਾ ਗਰੁਪ ਤਕਰੀਬਨ 16000 ਹਜਾਰ ਡਾਲਰ ਇਨਾਂ ਰਾਹਤ ਕਾਰਜਾਂ ਲਈ ਖਰਚ ਚੁਕਿਆ ਹੈ ਅਤੇ ਆਸ ਹੈ ਤਕਰੀਬਨ ਵੀਹ ਹਜਾਰ ਡਾਲਰ ਦੀ ਰਾਹਤ ਸਮੱਗਰੀ ਇਸ ਦੂਸਰੇ ਟਰੇਲਰ ਜਰੀਏ ਫਰਿਜ਼ਨੋ ਦੀ ਸੰਗਤ ਵੱਲੋਂ ਸਾਊਥ ਈਸਟ ਟੈਕਸਾਸ ਲਈ ਰਵਾਨਾ ਹੋਵੇਗੀ। ਉਨਾਂ ਕਿਹਾ ਕਿ ਇਹ ਮੌਕਾ ਸਿੱਖਾਂ ਦੀ ਪਹਿਚਾਣ ਲਈ ਵੀ ਮੀਲ ਪੱਥਰ ਸਾਬਤ ਹੋਵੇਗਾ।