ਢੇਸੀ ਤੇ ਸ਼ਵੇਤ ਮਲਿਕ ਅੰਮ੍ਰਿਤਸਰ-ਲੰਡਨ ਲਈ ਸਿੱਧੀਆਂ ਹਵਾਈ ਉਡਾਣਾਂ ਦੀ ਕਰਨਗੇ ਸਾਂਝੀ ਪੈਰਵਾਈ

ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਸੰਸਦ ਮੈਂਬਰ ਅਤੇ ਯੂæਕੇæ ਦੇ ਸੰਸਦ ਮੈਂਬਰ ਤਮਨਮਜੀਤ ਸਿੰਘ ਢੇਸੀ ਜਲੰਧਰ ਵਿਖੇ ਮੀਟਿੰਗ ਕਰਦੇ  ਹੋਏ।

ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਸੰਸਦ ਮੈਂਬਰ ਅਤੇ ਯੂæਕੇæ ਦੇ ਸੰਸਦ ਮੈਂਬਰ ਤਮਨਮਜੀਤ ਸਿੰਘ ਢੇਸੀ ਜਲੰਧਰ ਵਿਖੇ ਮੀਟਿੰਗ ਕਰਦੇ ਹੋਏ।

ਜਲੰਧਰ, 25 ਅਗਸਤ : ਪਵਿੱਤਰ ਸ਼ਹਿਰ ਅੰਮ੍ਰਿਤਸਰ-ਲੰਦਨ ਵਿਚਾਲੇ ਸਿੱਧੀ ਹਵਾਈ ਸੇਵਾ ਸ਼ੁਰੂ ਕਰਾਉਣ ਲਈ ਬਰਤਾਨਵੀ ਸਿੱਖ ਸੰਸਦ ਮੈਂਬਰ ਤਮਨਮਜੀਤ ਸਿੰਘ ਢੇਸੀ ਵੱਲੋਂ ਪ੍ਰਸਤਾਵਿਤ ਤਜ਼ਵੀਜ਼ ‘ਤੇ ਸਹਿਮਤੀ ਪ੍ਰਗਟਾਉਂਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਢੇਸੀ ਨੂੰ ਆਉਣ ਵਾਲੇ ਦਿਨਾਂ ਵਿਚ ਕੇਂਦਰੀ ਸ਼ਹਿਰੀ ਹਵਾਬਾਜੀ ਮੰਤਰੀ ਨਾਲ ਇਸ ਮਾਮਲੇ ਨੂੰ ਅੱਗੇ ਵਧਾਉਣ ਦਾ ਭਰੋਸਾ ਦਿੱਤਾ ਹੈ।
ਪੰਜਾਬ ਨਾਲ ਯੂਰਪ ਦਾ ਹਵਾਈ ਸੰਪਰਕ ਮੁੜ੍ਹ ਬਹਾਲ ਕਰਾਉਣ ਲਈ ਮਲਿਕ ਨਾਲ ਉਚੇਚੀ ਮੁਲਾਕਾਤ ਤੋਂ ਬਾਅਦ ਢੇਸੀ ਨੇ ਦੱਸਿਆ ਕਿ ਯੂ. ਕੇ. ਦੇ ਹੀਥਰ੍ਰੋ ਹਵਾਈ ਅੱਡੇ ਤੋਂ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮ ਦਾਸ ਹਵਾਈ ਅੱਡੇ ਵਿਚਕਾਰ ਸਿੱਧੀਆਂ ਉਡਾਣਾ ਦੁਬਾਰਾ ਚਾਲੂ ਕਰਾਉਣ ਸਬੰਧੀ ਵਿਸਥਾਰ ਵਿੱਚ ਚਰਚਾ ਹੋਈ। ਉਨ੍ਹਾਂ ਦੱਸਿਆ ਕਿ ਪਵਿੱਤਰ ਸ਼ਹਿਰ ਦੇ ਸਾਬਕਾ ਮੇਅਰ ਰਹੇ ਸ੍ਰੀ ਮਲਿਕ ਇਸ ਸ਼ਹਿਰ ਦੀ ਆਰਥਿਕਤਾ ਅਤੇ ਤੰਦਰੁਸਤੀ ਨੂੰ ਅੱਗੇ ਵਧਾਉਣ ਦੇ ਇਛੁੱਕ ਹਨ ਅਤੇ ਉਨ੍ਹਾਂ ਇਸ ਹਵਾਈ ਅੱਡੇ ਦੇ ਬੁਨਿਆਦੀ ਢਾਂਚੇ ਨੂੰ ਹੋਰ ਬਿਹਤਰ ਬਣਾਉਣ ਲਈ ਉਪਰਾਲੇ ਵੀ ਕੀਤੇ ਹਨ।
ਭਾਰਤ ਵਿਚ ਆਪਣੇ ਸੰਖੇਪ ਦੌਰੇ ‘ਤੇ ਆਏ ਸੰਸਦ ਮੈਂਬਰ ਢੇਸੀ ਨੇ ਦੱਸਿਆ ਕਿ ਮਲਿਕ ਨੇ ਅੰਮ੍ਰਿਤਸਰ ਅਤੇ ਯੂਰਪ ਦੇ ਮੋਹਰੀ ਵਪਾਰਕ ਸ਼ਹਿਰ ਲੰਦਨ ਵਿਚਕਾਰ ਸਿੱਧੀਆਂ ਹਵਾਈ ਉਡਾਣਾ ਦੁਬਾਰਾ ਸ਼ੁਰੂ ਕਰਾਉਣ ਲਈ ਭਰੋਸਾ ਵੀ ਦਿੱਤਾ ਹੈ ਕਿ ਉਹ ਖੁਦ ਇਸ ਮਾਮਲੇ ਨੂੰ ਕੇਂਦਰੀ ਮੰਤਰੀ ਜਯੰਤ ਸਿਨਹਾ ਕੋਲ ਉਠਾਉੂਣਗੇ। ਯੂæਕੇæ ਦੇ ਸੰਸਦ ਮੈਂਬਰ ਨੇ ਕਿਹਾ ਕਿ ਮਲਿਕ ਵੀ ਇਸ ਤਜ਼ਵੀਜ਼ ‘ਤੇ ਸਹਿਮਤ ਹਨ ਕਿ ਇਸ ਵੇਲੇ ਹੀਥਰੋ ਹਵਾਈ ਅੱਡੇ ‘ਤੋਂ ਏਅਰ ਇੰਡੀਆ ਦੀਆਂ ਦੋ ਰੋਜ਼ਾਨਾ ਉਡਾਣਾ ਹੀਥਰੋ-ਦਿੱਲੀ ਵਿਚਾਲੇ ਚੱਲਦੀਆਂ ਹਨ ਅਤੇ ਉਨਾਂ ਦੋ ਉਡਾਣਾ ਵਿੱਚੋਂ ਇੱਕ ਨੂੰ ਹੀਥਰੋ-ਅੰਮ੍ਰਿਤਸਰ-ਦਿੱਲੀ ਦੇ ਰੂਪ ਵਿਚ ਚਲਾਉਣਾ ਸ਼ੁਰੂ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਏਅਰ ਇੰਡੀਆ ਇਕ ਕੌਮੀ ਅਦਾਰਾ ਹੈ ਜਿਸ ਦੀਆਂ ਉਡਾਣਾ ਬਾਰੇ ਕੇਂਦਰ ਸਰਕਾਰ ਵਲੋਂ ਫੈਸਲਾ ਲਿਆ ਜਾਵੇਗਾ। ਢੇਸੀ ਨੇ ਆਸ ਪ੍ਰਗਟਾਈ ਕਿ ਉਹ ਭਵਿੱਖ ਵਿੱਚ ਮਲਿਕ ਅਤੇ ਹੋਰਨਾਂ ਆਗੂਆਂ ਦੇ ਸਹਿਯੋਗ ਨਾਲ ਇਹ ਸਿੱਧੀ ਉਡਾਣ ਸ਼ੁਰੂ ਕਰਾਉਣ ਦਾ ਟੀਚਾ ਜਲਦ ਪ੍ਰਾਪਤ ਕਰ ਲੈਣਗੇ ਅਤੇ ਇਸ ਸਹੂਲਤ ਨਾਲ ਉਨਾਂ ਦੇ ਸਲੋਹ ਹਲਕੇ ਸਮੇਤ ਬਰਤਾਨੀਆਂ ਅਤੇ ਹੋਰ ਉਤਰੀ ਅਮਰੀਕਾ ਤੇ ਯੂਰਪ ਆਦਿ ਤੋਂ ਆਉਣ-ਜਾਣ ਵਾਲੇ ਯਾਤਰੀਆਂ ਦੇ ਨਾਲ-ਨਾਲ ਪੰਜਾਬੀਆਂ ਅਤੇ ਗੁਆਂਢੀ ਸੂਬਿਆਂ ਦੇ ਲੋਕਾਂ ਨੂੰ ਵੀ ਲਾਭ ਪੁੱਜੇਗਾ।