ਨਿਊਯਾਰਕ : ਰਾਹੁਲ ਗਾਂਧੀ ਦਾ ਪਿੱਛਾ ਕਰਦਾ ਰਿਹਾ, ’84 ਸਿੱਖ ਵਿਰੋਧੀ ਹਿੰਸਾ ਦਾ ਭੂਤ

sikhsਵਾਸ਼ਿੰਗਟਨ, 24 ਸਤੰਬਰ ( ਹੁਸਨ ਲੜੋਆ ਬੰਗਾ) – ਰਾਹੁਲ ਗਾਂਧੀ ਦੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਛੋਟੇ ਜਿਹੇ ਇਕੱਠ ਨੂੰ ਸੰਬੋਧਨ ਕਰਨ ਦੌਰਾਨ ਸੈਂਕੜੇ ਸਿੱਖਾਂ ਨੇ 1984 ਸਿਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਬਚਾਉਣ ਲਈ ਗਾਂਧੀ ਪਰਿਵਾਰ ਦੇ ਇਸ ਮੈਂਬਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ।  ਰਾਹੁਲ ਗਾਂਧੀ ਦੀ ਨਿਊਯਾਰਕ ਸਿਟੀ ਵਿਚ ਮੌਜੂਦਗੀ ਨੂੰ ਚੁਣੌਤੀ ਦੇਣ ਲਈ ਵੱਡੀ ਗਿਣਤੀ ਵਿਚ ਸਿਖ ਟਾਈਮ ਸਕੁਏਰ ਵਿਚ ਇਕੱਠੇ ਹੋਏ ਜਿਨਾਂ ਦੇ ਹੱਥਾਂ ਵਿਚ ਤਖਤੀਆਂ ਫੜੀਆਂ ਸਨ ਜਿਨਾਂ ‘ਤੇ ਲਿਖਿਆ ਸੀ ‘ਕਾਂਗਰਸ ਪਾਰਟੀ 1984 ਨਸਲਕੁਸ਼ੀ ਦੀ ਦੋਸ਼ੀ ਹੈ’ ਅਤੇ ‘ਨਸਲਕੁਸ਼ੀ ਦੇ ਸਮਰਥਕ ਰਾਹੁਲ ਗਾਂਧੀ ਲਈ ਅਮਰੀਕਾ ਵਿਚ ਕੋਈ ਥਾਂ ਨਹੀਂ’ ਦੇ ਨਾਅਰੇ ਲਗਾ ਰਹੇ ਸਨ।
ਸਿਖ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਦੇ ਕੋਆਰਡੀਨੇਟਰ ਅਵਤਾਰ ਸਿੰਘ ਪੰਨੂ ਨੇ ਕਿਹਾ ਕਿ 1984 ਸਿਖ ਨਸਲਕੁਸ਼ੀ ਕਰਨ ਅਤੇ ਇਸ ਦੇ ਦੋਸ਼ੀਆਂ ਨੂੰ ਬਚਾਉਣ ਲਈ ਰਾਹੁਲ ਤੇ ਕਾਂਗਰਸ ਦੇ ਹੋਰ ਲੀਡਰਾਂ ਦਾ ਉਤਰੀ ਅਮਰੀਕਾ ਵਿਚ ਪਿਛਾ ਕਰਨਾ ਜਾਰੀ ਰਖਿਆ ਜਾਵੇਗਾ। ਉਨਾਂ ਨੇ ਕਿਹਾ ਕਿ ਭਾਰਤੀ ਨਿਆਂ ਪ੍ਰਣਾਲੀ ਸਿੱਖਾਂ ਨੂੰ ਇਨਸਾਫ ਦਿਵਾਉਣ ਵਿਚ ਨਾਕਾਮ ਰਹੀ ਹੈ ਸੈਂਕੜੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ ਤੇ 33 ਸਾਲ ਬਾਅਦ ਵੀ ਇਕ ਵੀ ਕਾਂਗਰਸੀ ਲੀਡਰ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ। ਰਾਹੁਲ ਗਾਂਧੀ ਹੁਣ ਉਸ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੀ ਅਗਵਾਈ ਕਰ ਰਿਹਾ ਹੈ ਜਿਸ ਨੇ ਨਵੰਬਰ 1984 ਵਿਚ ਸਮੁੱਚੇ ਭਾਰਤ ਵਿਚ ਸਿਖ ਭਾਈਚਾਰੇ ਖਿਲਾਫ ਨਸਲਕੁਸ਼ੀ ਹਿੰਸਾ ਕਰਵਾਈ ਤੇ ਦੋਸ਼ੀਆਂ ਨੂੰ ਪਨਾਹ ਦਿੱਤੀ। ਸਮੁੱਚੇ ਭਾਰਤ ਵਿਚ ਸਿੱਖਾਂ ‘ਤੇ ਉਨਾਂ ਦੇ ਘਰਾਂ, ਵਪਾਰ, ਜਾਇਦਾਦਾਂ ਅਤੇ ਧਾਰਮਿਕ ਸਥਾਨਾਂ 'ਤੇ ਇਹ ਹਮਲੇ ਬੜੀ ਸੋਚੀ ਸਮਝੀ ਸਾਜਿਸ਼ ਤਹਿਤ ਕੀਤੇ ਗਏ ਸਨ ਜਿਸ ਵਿਚ 30,000 ਤੋਂ ਵੱਧ ਸਿਖਾਂ ਨੂੰ ਜਿਊਂਦੇ ਸਾੜ ਦਿੱਤਾ ਗਿਆ ਸੀ , ਹਜ਼ਾਰਾਂ ਸਿਖ ਔਰਤਾਂ ਨਾਲ ਬਲਾਤਕਾਰ ਕੀਤਾ ਗਿਆ , ਸੈਂਕੜੇ ਗੁਰਦੁਆਰੇ ਸਾੜ ਦਿੱਤੇ ਗਏ ਅਤੇ 300,000 ਸਿਖ ਪਰਿਵਾਰਾਂ ਨੂੰ ਉਜਾੜ ਦਿੱਤਾ ਗਿਆ ਤੇ ਇਸ ਹਿੰਸਾ ਵਿਚ 30 ਲੱਖ ਤੋਂ ਵੱਧ ਸਿਖ ਪ੍ਰਭਾਵਿਤ ਹੋਏ ਸਨ।
ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਰਾਹੁਲ ਗਾਂਧੀ ਆਪਣੇ ਆਪ ਨੂੰ ਇਕ ਸੈਕੂਲਰ ਪਾਰਟੀ ਲੀਡਰ ਅਤੇ ਮੋਦੀ ਦੇ ਧਾਰਮਿਕ ਕੱਟੜਵਾਦ ਦੇ ਬਦਲ ਵਜੋਂ ਪੇਸ਼ ਕਰਨ ਦੀ ਕੋਸ਼ਿਸ ਕਰ ਰਿਹਾ ਹੈ ਪਰ 1984 ਸਿਖ ਵਿਰੋਧੀ ਹਿੰਸਾ ਇਹ ਸਾਬਤ ਕਰਦੀ ਹੈ ਕਿ ਧਾਰਮਿਕ ਘੱਟਗਿਣਤੀਆਂ ਖਿਲਾਫ ਹਿੰਸਾ ਦੇ ਮਾਮਲੇ ਵਿਚ ਕਾਂਗਰਸ ਪਾਰਟੀ ਭਾਜਪਾ ਨਾਲੋਂ ਵੱਖਰੀ ਨਹੀਂ ਹੈ। ਉਨਾਂ ਨੇ ਕਿਹਾ ਕਿ ਅਸਲ ਵਿਚ ਕਾਂਗਰਸ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਹੀ ਸਿਖਾਂ, ਮੁਸਲਮਾਨਾਂ ਅਤੇ ਇਸਾਈਆਂ ਖਿਲਾਫ ਲਗਾਤਾਰ ਹੋ ਰਹੀ ਹਿੰਸਾ ਦੀ ਪ੍ਰਮੁੱਖ ਜੜ ਹੈ। ਉਨਾਂ ਨੇ ਕਿਹਾ ਕਿ ਨਿਆਂਪਾਲਿਕਾ ਦੀ ਨਾਕਾਮੀ ਅਤੇ ਸਿਖਾਂ ਖਿਲਾਫ ਨਿਸ਼ਾਨਾ ਬਣਾ ਕੇ ਕੀਤੀ ਗਈ ਹਿੰਸਾ ਕਾਰਨ ਪੰਜਾਬ ਦੀ ਆਜ਼ਾਦੀ ਦੀ ਮੰਗ ਉਠੀ ਹੈ। ਰਾਹੁਲ ਗਾਂਧੀ ਖਿਲਾਫ ਇਹ ਰੈਲੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ , ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਐਸ ਏ, ਸਿਖ ਯੂਥ ਆਫ ਅਮਰੀਕਾ, ਦੋਆਬਾ ਸਿਖ ਐਸੋਸੀਏਸ਼ਨ ਵਲੋਂ ਗੁਰਦੁਆਰਾ ਸਿਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਦੇ ਸਹਿਯੋਗ ਨਾਲ ਕਰਵਾਈ ਗਈ ਸੀ।