ਪਰਮਾਤਮਾ ਦਾ ਦਰਸ਼ਨ ਕਰਵਾਉਣਾ ਹੀ ਸਤਿਗੁਰੂ ਦੀ ਪਛਾਣ – ਸਵਾਮੀ ਸਤਮਿਤਰਾਨੰਦ

swamiਰੋਮ (ਇਟਲੀ) 7 ਅਪ੍ਰੈਲ (ਕੈਂਥ) – ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੁਆਰਾ ਸੰਸਥਾਪਿਤ ਅਤੇ ਸੰਚਾਲਿਤ ਦਿਵਯ ਜਯੋਤੀ ਜਾਗਰਤੀ ਸੰਸਥਾਨ ਤੋਂ ਸਵਾਮੀ ਸਤਮਿੱਤਰਾਨੰਦ ਜੀ (ਜਰਮਨੀ) ਅਤੇ ਸਵਾਮੀ ਕਬੀਰ ਜੀ (ਯੂਕੇ) ਵਿਸ਼ੇਸ਼ ਤੌਰ ‘ਤੇ ਬਰੱਸਲਸ ਮੰਦਰ (ਬੈਲਜੀਅਮ) ਵਿਖੇ ਸਤਸੰਗ ਪ੍ਰਵਚਨ ਕਰਨ ਵਾਸਤੇ ਪਹੁੰਚੇ। ਸ਼੍ਰੀ ਹਨੂੰਮਾਨ ਜਨਮ ਦਿਵਸ ਦੇ ਅਵਸਰ ‘ਤੇ ਬੋਲਦਿਆਂ ਸਵਾਮੀ ਸਤਮਿੱਤਰਾਨੰਦ ਜੀ ਨੇ ਆਪਣੇ ਵਿਚਾਰਾਂ ਵਿਚ ਕਿਹਾ ਕਿ, ਹਨੂੰਮਾਨ ਜੀ ਭਗਤੀ, ਸੇਵਾ ਅਤੇ ਤਿਆਗ ਦੀ ਪ੍ਰਤੀਮੂਰਤੀ ਹਨ ਜਿਸ ਤੋਂ ਹਰ ਭਗਤ ਨੂੰ ਸਿੱਖਿਆ ਲੈਣੀ ਚਾਹੀਦੀ ਹੈ। ਅੱਗੇ ਬੋਲਦਿਆਂ ਉਨ੍ਹਾਂ ਕਿਹਾ ਕਿ, ਜਦ ਤੱਕ ਪ੍ਰਮਾਤਮਾ ਨੂੰ ਨਹੀਂ ਜਾਣਿਆ ਜਾਂਦਾ ਤਦ ਤੱਕ ਭਗਤੀ ਦੀ ਸ਼ੁਰੂਆਤ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ, ਜਦੋਂ ਵੀ ਇਸ ਧਰਤੀ ‘ਤੇ ਮਹਾਪੁਰਸ਼ਾਂ ਦਾ ਆਗਮਨ ਹੋਇਆ ਹੈ, ਤਾਂ ਉਨ੍ਹਾਂ ਨੇ ਮਾਨਵਤਾ ਦੀ ਭਟਕਦੀ ਚੇਤਨਾ ਨੂੰ ਗਿਆਨ ਨਾਲ ਸਥਿਰ ਕਰਕੇ ਉਸਨੂੰ ਏਕਤਾ, ਸ਼ਾਂਤੀ ਅਤੇ ਸਦਭਾਵਨਾ ਦਾ ਮਾਰਗ ਦਿਖਾਇਆ ਹੈ। ਹਮੇਸ਼ਾਂ ਤੋਂ ਹੀ ਸੰਤਾਂ ਮਹਾਪੁਰਸ਼ਾਂ ਦਾ ਇਹੀ ਉਪਦੇਸ਼ ਰਿਹਾ ਹੈ ਕਿ ਸੰਸਾਰ ਨਾਸ਼ਵਾਨ ਹੈ। ਮਨੁੱਖ ਇਸ ਸੰਸਾਰ ਦੀ ਮੋਹ ਮਾਇਆ ਵਿਚ ਉਲਝ ਜਾਂਦਾ ਹੈ, ਪਰ ਸੰਤਾਂ ਮਹਾਪੁਰਸ਼ਾਂ ਨਾਲ ਮਨੁੱਖ ਫਿਰ ਤੋਂ ਭਗਤੀ ਵੱਲ ਮੋੜ ਦਿੱਤਾ ਜਾਂਦਾ ਹੈ। ਇਸ ਲਈ ਪੂਰਨ ਗੁਰੂ ਦੁਆਰਾ ਬ੍ਰਹਮ ਗਿਆਨ ਦੀ ਪ੍ਰਾਪਤੀ ਉਪਰੰਤ ਹੀ ਭਗਤੀ ਸੰਭਵ ਹੈ। ਸਵਾਮੀ ਕਬੀਰ ਜੀ ਨੇ ਆਪਣੇ ਮਧੁਰ ਬਾਣੀ ਵਿਚ ਭਜਨਾਂ ਦਾ ਗਾਇਨ ਕੀਤਾ ਅਤੇ ਕਿਹਾ ਕਿ, ਜਦ ਤਕ ਇਨਸਾਨ ਆਤਮਾ ਦਾ ਕਲਿਆਣ ਨਹੀਂ ਕਰਦਾ ਤਦ ਤੱਕ ਜੀਵਨ ਸ਼ਾਂਤ ਨਹੀਂ ਹੋ ਸਕਦਾ, ਇਸ ਲਈ ਗੁਰੂ ਦੀ ਸ਼ਰਨ ਬਹੁਤ ਜਰੂਰੀ ਹੈ। ਅੰਤ ਵਿਚ ਮੰਦਰ ਕਮੇਟੀ ਵੱਲੋਂ ਇਹਨਾਂ ਮਹਾਨ ਵਿਚਾਰਾਂ ਵਾਸਤੇ ਸਵਾਮੀ ਜੀ ਦਾ ਧੰਨਵਾਦ ਕੀਤਾ ਗਿਆ।