ਪੰਜਾਬੀ ਗਾਇਕੀ ਵਿਚ 25 ਸਾਲ ਪੂਰੇ ਕਰਨ ‘ਤੇ ਮਨਮੋਹਨ ਵਾਰਿਸ ਨੂੰ ਸਨਮਾਨਿਤ ਕੀਤਾ

husanਸੈਕਰਾਮੈਂਟੋ (ਕੈਲੀਫੋਰਨੀਆ), 16 ਮਈ (ਹੁਸਨ ਲੜੋਆ ਬੰਗਾ)-ਪੰਜਾਬੀ ਗਾਇਕੀ ਨੂੰ ਨਵੇਂ ਦਿਸਹੱਦਿਆਂ ਤੇ ਪਹੁੰਚਾਉਣ ਤੇ ਦੁਨੀਆ ਦੇ ਕੋਨੇ-ਕੋਨੇ ‘ਚ ਵਸਦੇ ਪੰਜਾਬੀਆਂ ਤੱਕ ਆਪਣੀ ਸੁਰੀਲੀ, ਮਿਆਰੀ ਤੇ ਵਿਲੱਖਣ ਗਾਇਕੀ ਰਾਹੀਂ ਪੰਜਾਬੀਅਤ ਦਾ ਸੰਦੇਸ਼ ਦੇਣ ਵਾਲੇ ਵਾਰਿਸ ਭਰਾਵਾਂ ਦਾ ਪੰਜਾਬੀ ਵਿਰਸਾ 2018 ਅਮਰੀਕਾ ਦਾ ਦੌਰਾ ਬਹੁਤ ਸਫ਼ਲਤਾ ਨਾਲ ਚੱਲ ਰਿਹਾ ਹੈ | ਕੈਲੀਫੋਰਨੀਆ ਦੇ ਸ਼ਹਿਰ ਸੈਕਰਾਮੈਂਟੋ ‘ਚ ਫਲੋਰਨ ਰੋਡ ‘ਤੇ ਸਥਿਤ ਲੂਥਰ ਵਿਖੇ ਬਲਵਿੰਦਰ ਢੀਂਡਸਾ, ਨਰਿੰਦਰ ਥਾਂਦੀ, ਨਰਿੰਦਰ ਔਜਲਾ, ਬੱਬੀ ਗਿੱਲ ਤੇ ਦੀਪ ਸੂਚ ਵਲੋਂ ਕਰਵਾਇਆ ਗਿਆ ਇਹ ਸ਼ੋਅ ਬਹੁਤ ਯਾਦਗਾਰੀ ਰਿਹਾ | ਸ਼ੋਅ ਦੀ ਸ਼ੁਰੂਆਤ ਤਿੰਨ ਭਰਾਵਾਂ ਨੇ ਇਕੱਠੇ ਸਟੇਜ ‘ਤੇ ਲਗਾਤਾਰ ਤਿੰਨ-ਚਾਰ ਗੀਤ ਗਾ ਕੇ ਕੀਤੀ | ਉਪਰੰਤ ਸੰਗਤਾਰ ਨੇ ਆਪਣੇ ਹਿੱਟ ਗੀਤ ਈਮੇਲਾਂ ਨਾਲ ਸਰੋਤਿਆਂ ਨੂੰ ਸਟੇਜ ਦੇ ਲਾਗੇ ਕੀਤਾ | ਨੌਜਵਾਨ ਗਾਇਕਾਂ ਲਈ ਸਾਫ਼-ਸੁਥਰੀ ਗਾਇਕੀ ਪ੍ਰਤੀ ਸਬਕ ਬਣੇ ਤੇ ਸੁਰੀਲੇ ਗਾਇਕ ਕਮਲ ਹੀਰ ਦੀ ਗਾਇਕੀ ਨਾਲ ਸਟੇਜ ਦੀ ਹਾਜ਼ਰੀ ਸਰੋਤਿਆਂ ਦੇ ਮਨੋਰੰਜਨ ਦਾ ਸਿਖ਼ਰ ਹੋ ਨਿਬੜੀ | ਕਮਲ ਹੀਰ ਨੇ ਆਪਣੇ ਹਿੱਟ ਗੀਤ ਕੈਂਠੇ ਵਾਲਾ ਚਰਖਾ ਕੱਤਦੀ, ਜਿੰਦੇ ਨੀ ਜਿੰਦੇ ਤੇ ਫੇਸਬੁੱਕ ਨਾਲ ਸਰੋਤਿਆਂ ਨੂੰ ਝੂਮਣ ਲਾ ਦਿੱਤਾ | ਪ੍ਰਬੰਧਕਾਂ ਵਲੋਂ ਸਹਿਯੋਗੀਆਂ ਦੇ ਸਨਮਾਨ ਤੋਂ ਬਾਅਦ ਪਲਾਜ਼ਮਾ ਰਿਕਾਰਡਜ਼ ਦੇ ਦੀਪਕ ਬਾਲੀ ਨੇ ਮੰਚ ਤੋਂ ਪੰਜਾਬੀਅਤ ਨਾਲ ਲਿਬਰੇਜ ਸ਼ਬਦਾਂ ਤੇ ਸ਼ਾਇਰੀ ਨਾਲ ਸਟੇਜ ਦੀ ਸ਼ਾਨ ਰੱਖੀ | ਮਨਮੋਹਨ ਵਾਰਿਸ, ਜੋ ਆਪਣੀ ਗਾਇਕੀ ਦੇ 25 ਵਰ੍ਹੇ ਨੂੰ ਹੰਢਾਅ ਰਹੇ ਹਨ, ਬਹੁਤ ਸਹਿਜਤਾ ਨਾਲ ਸਟੇਜ ‘ਤੇ ਆਉਂਦਿਆਂ ਸਭ ਤੋਂ ਪਹਿਲਾਂ ਉਹ ਗੀਤ ‘ਦੋ ਤਾਰਾ ਵੱਜਦਾ ਵੇ’ ਪੇਸ਼ ਕੀਤਾ, ਜਿਸ ਨਾਲ ਉਨ੍ਹਾਂ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਕੀਤੀ ਸੀ, ਫਿਰ ਲਗਾਤਾਰ ਆਪਣੇ ਹਿੱਟ ਗੀਤ ਗਾ ਕੇ ਸ਼ੋਅ ਨੂੰ ਯਾਦਗਾਰੀ ਬਣਾ ਦਿੱਤਾ | ਮਨਮੋਹਨ ਵਾਰਿਸ ਨੂੰ ਪੰਜਾਬੀ ਗਾਇਕੀ ਵਿਚ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਦੇ ਹੋਏ 25 ਸਾਲ ਪੂਰੇ ਕਰਨ ‘ਤੇ ਸੈਕਰਾਮੈਂਟੋ ਸ਼ੋਅ ਦੇ ਪ੍ਰਬੰਧਕਾਂ ਵਲੋਂ ਸੋਨੇ ਦੇ ਤਗਮੇ ਨਾਲ ਸਨਮਾਨਿਤ ਕੀਤਾ ਗਿਆ | ਸ਼ੋਅ ਦੇ ਮੱਧ ‘ਚ ਸਪੌਾਸਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਪ੍ਰਬੰਧਕਾਂ ਵਲੋਂ ਸਨਮਾਨਿਤ ਵੀ ਕੀਤਾ ਗਿਆ |