ਬਾਰਸੀਲੋਨਾ ਵਿਚ ਬੁਰਕੇ ਦੀ ਵਰਤੋਂ ’ਤੇ ਪਾਬੰਦੀ

ਬਾਰਸੀਲੋਨਾ, 15 ਜੂਨ (ਵਰਿੰਦਰ ਕੌਰ ਧਾਲੀਵਾਲ) – ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿਚ ਸਰਕਾਰ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਚਿਹਰੇ ਨੂੰ ਪੂਰੀ ਤਰਾਂ ਢੱਕਣ ਵਾਲੇ ਬੁਰਕੇ ਉੱਪਰ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪਾਬੰਦੀ ਜਨਤਕ ਤੌਰ ’ਤੇ ਵਰਤੀਆਂ ਜਾਣ ਵਾਲੀਆਂ ਇਮਾਰਤਾਂ ਮਿਊਂਸਪਲ ਕਾਰਜ ਖੇਤਰ, ਬਜਾਰ ਅਤੇ ਲਾਇਬ੍ਰੇਰੀ ਆਦਿ ਥਾਵਾਂ ’ਤੇ ਲਾਗੂ ਹੋਵੇਗੀ। ਕੱਟੜਪੰਥੀ ਪਾਪੂਲਰ ਪਾਰਟੀ ਦੇ ਮੇਅਰ ਨੇ ਇਸ ਪਾਬੰਦੀ ਨੂੰ ਅਧੂਰਾ ਕਰਾਰ ਦਿੱਤਾ ਹੈ। ਉਨ੍ਹਾਂ ਅਨੁਸਾਰ ਇਸ ਨੂੰ ਸਾਰੇ ਜਨਤਕ ਥਾਵਾਂ ਲਈ ਲਾਗੂ ਕੀਤਾ ਜਾਣਾ ਜਰੂਰੀ ਸੀ ਜਿਵੇਂ ਕਿ ਕੁਝ ਛੋਟੇ ਸ਼ਹਿਰਾਂ ਵਿਚ ਕੀਤਾ ਗਿਆ ਹੈ।
ਜਿਕਰਯੋਗ ਹੈ ਕਿ ਬੈਲਜ਼ੀਅਮ ਅਤੇ ਫਰਾਂਸ ਵਿਚ ਵੀ ਇਸ ਤਰਾਂ ਦੀ ਪਾਬੰਦੀ ਲਗਾਉਣ ਲਈ ਵਿਚਾਰ ਕੀਤੀ ਜਾ ਰਹੀ ਹੈ। ਬਾਰਸੀਲੋਨਾ ਪਹਿਲਾ ਵੱਡਾ ਸ਼ਹਿਰ ਹੈ, ਜਿਥੇ ਇਸ ਸਬੰਧੀ ਪਾਬੰਦੀ ਲਾਗੂ ਕੀਤੀ ਗਈ ਹੈ। ਸਰਕਾਰ ਅਨੁਸਾਰ ਕਿਸੇ ਵੀ ਜਨਤਕ ਥਾਂ ’ਤੇ ਇਸ ਤਰਾਂ ਦੇ ਕੱਪੜੇ ਦੀ ਮੂੰਹ ’ਤੇ ਵਰਤੋਂ ਕਰਨ ਦੀ ਪਾਬੰਦੀ ਹੋਵੇਗੀ, ਜਿਸ ਨਾਲ ਕਿਸੇ ਵੀ ਵਿਅਕਤੀ ਦੀ ਪਹਿਚਾਣ ਵਿਚ ਕੋਈ ਪ੍ਰੇਸ਼ਾਨੀ ਹੋਵੇ। ਪਾਪੂਲਰ ਪਾਰਟੀ ਦਾ ਕਹਿਣਾ ਹੈ ਕਿ ਬੁਰਕੇ ਦੀ ਵਰਤੋਂ ਔਰਤਾਂ ਦੀ ਅਜਾਦੀ ਵਿਚ ਇਕ ਵੱਡੀ ਅੜਚਨ ਹੈ। ਪਾਰਟੀ ਅਨੁਸਾਰ ਸੜਕਾਂ ’ਤੇ ਵੀ ਇਸਦੀ ਵਰਤੋਂ ’ਤੇ ਰੋਕ ਹੋਣੀ ਜਰੂਰੀ ਹੈ। ਦੱਸਣਯੋਗ ਹੈ ਕਿ ਗਰਮੀਆਂ ਦੇ ਮੌਸਮ ਤੋਂ ਬਾਅਦ ਇਸਦੀ ਵਰਤੋਂ ’ਤੇ ਰੋਕ ਲੱਗਣ ਦੀ ਸੰਭਾਵਨਾ ਹੈ।