ਬੁਲਗਾਰੀਆ ਵਿੱਚ ਮਹਿਲਾ ਪੱਤਰਕਾਰ ਵਿਕਟੋਰੀਆ ਮਰੀਨੋਵਾ ਦੀ ਜਬਰ-ਜਿਨਾਹ ਤੋਂ ਬਾਅਦ ਹੱਤਿਆ

ਮਰਹੂਮ ਪੱਤਰਕਾਰ ਵਿਕਟੋਰੀਆ ਮਰੀਨੋਵਾ ਯੂਰਪੀਅਨ ਫੰਡਾਂ ਦੀ ਦੁਰਵਰਤੋਂ ਉੱਤੇ ਕਰ ਰਹੀ ਸੀ ਕੰਮ

ਮਰਹੂਮ ਪੱਤਰਕਾਰ ਵਿਕਟੋਰੀਆ ਮਰੀਨੋਵਾ ਦੀ ਫਾਈਲ ਫੋਟੋ

ਮਰਹੂਮ ਪੱਤਰਕਾਰ ਵਿਕਟੋਰੀਆ ਮਰੀਨੋਵਾ ਦੀ ਫਾਈਲ ਫੋਟੋ

ਰੋਮ ਇਟਲੀ (ਕੈਂਥ)ਬੇਸ਼ੱਕ ਪ੍ਰੈੱਸ ਦੀ ਆਜ਼ਾਦੀ ਲਈ ਪੂਰੀ ਦੁਨੀਆਂ ਰਜ਼ਾਮੰਦ ਹੈ ਪਰ ਫਿਰ ਵੀ ਦੁਨੀਆਂ ਭਰ ਵਿੱਚ ਮੌਕੇ ਦੀਆਂ ਹਾਕਮ ਧਿਰਾਂ ਸੱਚ ਨੂੰ ਲੋਕਾਂ ਸਾਹਮ੍ਹਣੇ ਲਿਆਉਣ ਵਾਲੇ ਪੱਤਰਕਾਰਾਂ ਨੂੰ ਜਦੋਂ ਚਾਹੁੰਣ ਚਿੱਟੇ ਦਿਨ ਕਤਲ ਕਰ ਰਹੀਆਂ ਹਨ ਜਿਸ ਦੀ ਤਾਜਾਂ ਉਦਾਹਰਣ ਯੂਰਪੀਅਨ ਦੇਸ਼ ਬੁਲਗਾਰੀਆ ਵਿਖੇ ਦੇਖਣ ਨੂੰ ਮਿਲੀ ਜਿੱਥੇ ਇੱਕ 30 ਸਾਲਾ ਦੀ ਮੁਟਿਆਰ ਟੀ,ਵੀ ਪੱਤਰਕਾਰ ਵਿਕਟੋਰੀਆ ਮਰੀਨੋਵਾ ਨੂੰ ਅਪਰਾਧੀਆਂ ਨੇ ਜਬਰ-ਜਿਨਾਹ ਕਰਨ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰ ਦਿੱਤਾ।ਮਿਲੀ ਜਾਣਕਾਰੀ ਅਨੁਸਾਰ ਉੱਤਰੀ ਬੁਲਗਾਰੀਆ ਦੇ ਸ਼ਹਿਰ ਰੁਸ ਦੇ ਸਥਾਨਕ ਟੀ,ਵੀ ਚੈੱਨਲ ਵਿੱਚ ਇੱਕ ਪੱਤਰਕਾਰ ਵਜੋਂ ਕੰਮ ਕਰਨ ਵਾਲੀ ਵਿਕਟੋਰੀਆ ਮਰੀਨੋਵਾ (30)ਦੀ ਕਲ੍ਹ ਸ਼ਹਿਰ ਦੇ ਇੱਕ ਪਾਰਕ ਵਿੱਚ ਜਬਰ-ਜਿਨਾਹ ਕਰਨ ਉਪੰਰਤ ਹੱਤਿਆ ਕਰ ਦਿੱਤੀ।ਮ੍ਰਿਤਕਾ ਦੀ ਲਾਸ਼ ਪੁਲਸ ਨੂੰ ਪਾਰਕ ਵਿੱਚੋਂ ਮਿਲੀ।ਜਿੱਥੋ ਕਿ ਮ੍ਰਿਤਕਾ ਦਾ ਸੈੱਲ ਫੋਨ,ਕਾਰ ਦੀ ਚਾਬੀਆਂ,ਐਨਕਾਂ ਅਤੇ ਉਸ ਦੇ ਕੁਝ ਕੱਪੜੇ ਗਾਇਬ ਸਨ।ਪੋਸਟਮਾਰਟਮ ਦੀ ਰਿਪੋਰਟ ਵਿੱਚ ਮੌਤ ਦਾ ਕਾਰਨ ਸਿਰ ਦੀ ਸੱਟ ਅਤੇ ਸਾਹ ਦਾ ਰੁੱਕਣਾ ਹੈ।ਰਿਪੋਰਟ ਵਿੱਚ ਜਬਰ-ਜਿਨਾਹ ਦੀ ਵੀ ਪੁਸ਼ਟੀ ਹੋਈ ਹੈ। ਮੀਡੀਆ ਦੇ ਅਨੁਸਾਰ ਪੱਤਰਕਾਰ ਵਿਕਟੋਰੀਆ ਮਰੀਨੋਵਾ ਯੂਰਪੀਅਨ ਫੰਡਾਂ ਦੀ ਦੁਰਵਰਤੋਂ ਉੱਤੇ ਕੰਮ ਕਰ ਰਹੀ ਸੀ ਪਰ ਜਾਂਚ ਕਰਤਾ ਅਨੁਸਾਰ ਅਪਰਾਧ ਉਸ ਦੇ ਪੇਸ਼ੇ ਨਾਲ ਜੁੜਿਆ ਨਹੀਂ ਲੱਗਦਾ।ਰਿਪੋਟਰਜ਼ ਆਫ਼ ਬਾਡਰਜ਼ ਦੁਆਰਾ ਕੀਤੇ ਪ੍ਰੈੱਸ ਦੀ ਆਜ਼ਾਦੀ ਉੱਤੇ ਨਵੇਂ ਵਿਸ਼ਵ ਸਰਵੇਖਣ ਅਨੁਸਾਰ ਬੁਲਗਾਰੀਆ ਯੂਰਪ ਦੇ ਸਭ ਤੋਂ ਖਰਾਬ 180 ਸੂਬਿਆਂ ਵਿੱਚੋਂ 111 ਨੰਬਰ ਉੱਤੇ ਹੈ।ਬੁਲਗਾਰੀਅਨ ਅਪਰਾਧੀ ਉਹਨਾਂ ਪੱਤਰਕਾਰਾਂ ਨੂੰ ਡਰਾਉਂਦੇ ਅਤੇ ਧਮਕਾਉਂਦੇ ਹਨ ਜਿਹੜੇ ਕਿ ਸੱਚ ਦੀ ਆਵਾਜ਼ ਬੁਲੰਦ ਕਰਕੇ ਉਹਨਾਂ ਨੂੰ ਆਵਾਮ ਮੂਹਰੇ ਨੰਗਾ ਕਰਦੇ ਹਨ ।ਇਹ ਅਪਰਾਧੀ ਆਪਣੇ ਕੰਮਾਂ ਲਈ ਭ੍ਰਿਸ਼ਟ ਮੀਡੀਆ ਕਰਮੀ ਅਤੇ ਪ੍ਰਸ਼ਾਸ਼ਨ ਦਾ ਇਸਤੇਮਾਲ ਕਰਦੇ ਹਨ।ਬੁਲਗਾਰੀਆ ਵਿੱਚ ਸਥਿਤ ਯੂਰਪੀਅਨ ਪੱਤਰਕਾਰ ਯੂਨੀਅਨ ਅਨੁਸਾਰ ਖੇਤਰੀ ਅਤੇ ਸਥਾਨਕ ਮੀਡੀਆ ਦੇ ਪੱਤਰਕਾਰਾਂ ਦਾ ਅਜਿਹੀਆਂ ਘਟਨਾਵਾਂ ਵਿੱਚ ਖਾਸ ਤੌਰ ਤੇ ਖੁਲਾਸਾ ਹੁੰਦਾ ਹੈ ਇਸ ਤੋਂ ਇਲਾਵਾ ਬੁਲਗਾਰੀਆ ਵਿੱਚ ਔਰਤਾਂ ਵਿਰੁੱਧ ਵੱਧ ਰਹੀਆਂ ਹਿੰਸਕ ਘਟਨਾਵਾਂ ਚਿੰਤਾ ਦਾ ਵਿਸ਼ਾ ਹੈ।ਇਟਲੀ ਦੇ ਪੱਤਰਕਾਰਾਂ ਦੀ ਜੱਥੇਬੰਦੀ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਇਟਲੀ ਨੇ ਮਰਹੂਮ ਪੱਤਰਕਾਰ  ਵਿਕਟੋਰੀਆ ਮਰੀਨੋਵਾ ਦੀ ਹੋਈ ਹੱਤਿਆ ਅਤੇ ਜਬਰ-ਜਿਨਾਹ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਜੱਥੇਬੰਦੀ ਬੁਲਗਾਰੀਆ ਸਰਕਾਰ ਤੋਂ ਇਸ ਕੇਸ ਵਿੱਚ ਸਾਮਿਲ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਦੀ ਹੈ।