ਭਾਰਤੀ ਡਾਕਟਰਾਂ ਲਈ ਬ੍ਰਿਟੇਨ ਵਿਚ ਆਕਰਸ਼ਕ ਮੌਕਾ

ਪਿਛਲੇ ਕੁਝ ਸਮੇਂ ਤੋਂ ਬ੍ਰਿਟੇਨ ਵਿਚ ਵਿਦੇਸ਼ੀ ਡਾਕਟਰਾਂ ਪ੍ਰਤੀ ਕੀਤੀ ਗਈ ਸਖਤੀ ਕਾਰਨ ਬਹੁਤ ਸਾਰੇ ਵਿਦੇਸ਼ੀ ਡਾਕਟਰਾਂ ਨੂੰ ਬ੍ਰਿਟੇਨ ਛੱਡ ਕੇ ਆਪਣੇ ਦੇਸ਼ ਵਾਪਸ ਜਾਣਾ ਪਿਆ ਹੈ।
ਲੰਡਨ, 9 ਜੂਨ (ਵਰਿੰਦਰ ਕੌਰ ਧਾਲੀਵਾਲ) – ਇਕ ਰਿਪੋਰਟ ਅਨੁਸਾਰ ਇਸ ਸਾਲ ਦੇ ਅਗਸਤ ਮਹੀਨੇ ਤੱਕ ਬ੍ਰਿਟੇਨ ਵਿਚ ਜੂਨੀਅਰ ਡਾਕਟਰਾਂ ਦੀ ਕਮੀ ਹੋ ਜਾਵੇਗੀ। ਇਸ ਲਈ ਇਸ ਕਮੀ ਨੂੰ ਪੂਰਾ ਕਰਨ ਲਈ ਭਾਰਤ ਵਿਚੋਂ ਡਾਕਟਰਾਂ ਨੂੰ ਭਰਤੀ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ।
ਪਿਛਲੇ ਕੁਝ ਸਮੇਂ ਤੋਂ ਬ੍ਰਿਟੇਨ ਵਿਚ ਵਿਦੇਸ਼ੀ ਡਾਕਟਰਾਂ ਪ੍ਰਤੀ ਕੀਤੀ ਗਈ ਸਖਤੀ ਕਾਰਨ ਬਹੁਤ ਸਾਰੇ ਵਿਦੇਸ਼ੀ ਡਾਕਟਰਾਂ ਨੂੰ ਬ੍ਰਿਟੇਨ ਛੱਡ ਕੇ ਆਪਣੇ ਦੇਸ਼ ਵਾਪਸ ਜਾਣਾ ਪਿਆ ਹੈ।
ਇਸ ਤੋਂ ਇਲਾਵਾ ਡਾਕਟਰਾਂ ਦੇ ਕੰਮ ਦਾ ਸਮਾਂ ਸੀਮਤ ਕਰਨ ਅਤੇ ਤਨਖਾਹਾਂ ਘਟਾਉਣ ਕਾਰਨ ਵੀ ਬਹੁਤ ਸਾਰੀਆਂ ਨੌਕਰੀਆਂ ਦੀ ਜਗ੍ਹਾ ਖਾਲੀ ਹੋ ਗਈ ਹੈ। ਨਵੇਂ ਯੂਰਪੀ ਕਾਨੂੰਨ ਅਨੁਸਾਰ ਡਾਕਟਰ ਇਕ ਹਫਤੇ ਵਿਚ 48 ਘੰਟੇ ਤੋਂ ਵਧੇਰੇ ਕੰਮ ਨਹੀਂ ਕਰ ਸਕਦੇ। ਮੈਡੀਕਲ ਕਾਲਜ ਦੇ ਇਕ ਪ੍ਰੋਫੈਸਰ ਦਾ ਕਹਿਣਾ ਹੈ ਕਿ ਬਿਨਾਂ ਇਹ ਸੋਚੇ ਸਮਝੇ ਕਿ ਆਉਣ ਵਾਲੇ ਸਮੇਂ ਵਿਚ ਇਸਦੇ ਕੀ ਨਤੀਜੇ ਹੋ ਸਕਦੇ ਹਨ, ਬਾਹਰੋਂ ਹੋਣ ਵਾਲੀ ਭਰਤੀ ’ਤੇ ਬਿਨਾਂ ਵਜ੍ਹਾ ਰੋਕ ਲਗਾ ਦਿੱਤੀ ਗਈ ਸੀ। ਪ੍ਰੋਫੈਸਰ ਅਨੁਸਾਰ ਅਜਿਹੇ ਫੈਸਲੇ ਨਾਲ ਮੈਡੀਕਲ ਸ਼੍ਰੇਣੀ ਵਿਚ ਬਹੁਤ ਮੁਸ਼ਕਿਲ ਪੈਦਾ ਹੋ ਗਈ ਹੈ। ਜਿਕਰਯੋਗ ਹੈ ਕਿ ਬ੍ਰਿਟੇਨ ਭਾਰਤੀ ਡਾਕਟਰਾਂ ਦੀ ਪਹਿਲੀ ਪਸੰਦ ਪਹਿਲਾਂ ਤੋਂ ਹੀ ਹੈ। ਜੂਨੀਅਰ ਡਾਕਟਰਾਂ ਨੂੰ ਟ੍ਰੇਨਿੰਗ ਲਈ ਬ੍ਰਿਟੇਨ ਵਿਚ ਵਧੀਆ ਮੌਕੇ ਪ੍ਰਦਾਨ ਕਰਵਾਏ ਜਾਂਦੇ ਹਨ। ਬ੍ਰਿਟੇਨ ਦੇ ਮੈਡੀਕਲ ਟ੍ਰੇਨਿੰਗ ਸਕੂਲਾਂ ਦੀ ਇਹ ਯੋਜ਼ਨਾ ਹੈ ਕਿ ਪੈਡਿਆਟ੍ਰਿਕਸ, ਆੱਬਸਟ੍ਰੇਟ੍ਰਿਕਸ, ਗਾਇਨਾੱਕੋਲਾੱਜ਼ੀ, ਏਨੇਸਥੀਸੀਆ ਦੇ ਨਾਲ ਨਾਲ ਐਮਰਜੈਂਸੀ ਸੇਵਾਵਾਂ ਲਈ ਵੀ ਡਾਕਟਰਾਂ ਦੀ ਭਰਤੀ ਕੀਤੀ ਜਾਵੇ। ਭਾਰਤ ਵਿਚੋਂ ਸੈਂਕੜੇ ਹੀ ਡਾਕਟਰਾਂ ਦੀ ਭਰਤੀ ਕੀਤੇ ਜਾਣ ਦੀ ਯੋਜ਼ਨਾ ਹੈ। ਇਮੀਗ੍ਰੇਸ਼ਨ ਨਿਯਮ ਬੇਹੱਦ ਸਖਤ ਕੀਤੇ ਜਾਣ ਤੋਂ ਬਾਅਦ ਬ੍ਰਿਟੇਨ ਵਿਚ ਮੈਡੀਕਲ ਸ਼੍ਰੇਣੀ ਦੀਆਂ ਨੌਕਰੀਆਂ ਲਈ ਅਰਜੀਆਂ ਦੇਣ ਵਿਚ ਗਿਰਾਵਟ ਆਈ ਹੈ।