ਯੂਕੇ : ਪਹਿਲੇ ਸਿੱਖ ਜੱਜ ਸਰ ਰਬਿੰਦਰ ਸਿੰਘ ਬੇਹੱਦ ਪ੍ਰਭਾਵਸ਼ਾਲੀ ਏਸ਼ੀਅਨਾਂ `ਚ ਸ਼ਾਮਲ

sirਇੰਗਲੈਂਡ (ਯੂਕੇ) ਦੇ ਪਹਿਲੇ ਸਿੱਖ ਜੱਜ ਸਰ ਰਬਿੰਦਰ ਸਿੰਘ ਦੇਸ਼ ਦੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਏਸ਼ੀਅਨਾਂ `ਚੋਂ ਇੱਕ ਹਨ। ਉਨ੍ਹਾਂ ਤੋਂ ਇਲਾਵਾ ਇਸ ਸੂਚੀ ਵਿੱਚ ਗ੍ਰਹਿ ਮੰਤਰੀ ਸਾਜਿਦ ਜਾਵਿਦ ਅਤੇ ਲੰਦਨ ਦੇ ਮੇਅਰ ਸਾਦਿਕ ਖ਼ਾਨ ਹੀ ਹਨ; ਜੋ ਪਾਕਿਸਤਾਨੀ ਮੂਲ ਦੇ ਹਨ।
ਸਰ ਰਬਿੰਦਰ ਸਿੰਘ ਦੇ ਨਾਂਅ ਦਾ ਐਲਾਨ ਲੰਦਨ `ਚ ਏਸ਼ੀਅਨ ਮੀਡੀਆ ਗਰੁੱਪ ਵੱਲੋਂ ਆਯੋਜਿਤ ਜੀ.ਜੀ.-2 ਲੀਡਰਸਿ਼ਪ ਐਵਾਰਡਜ਼ ਸਮਾਰੋਹ ਦੌਰਾਨ ‘ਈਸਟਰਨ ਆਈ ਜੀ.ਜੀ.-2 ਪਾਵਰ ਲਿਸਟ` `ਚ ਕੀਤਾ ਗਿਆ।
1964 `ਚ ਦਿੱਲੀ ਵਿਖੇ ਜਨਮ ਸਰ ਰਬਿੰਦਰ ਸਿੰਘ ਦੇ ਮਾਪੇ ਜਦੋਂ ਇੰਗਲੈਂਡ ਆਏ ਸਨ, ਤਦ ਉਨ੍ਹਾਂ ਕੋਲ ਆਪਣੇ ਸੂਟਕੇਸਾਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ। ਉਨ੍ਹਾਂ ਦਾ ਬਚਪਨ ਕਾਫ਼ੀ ਗ਼ਰੀਬੀ `ਚ ਬੀਤਿਆ ਪਰ ਉਹ ਪੜ੍ਹਨ-ਲਿਖਣ `ਚ ਬਹੁਤ ਹੁਸਿ਼ਆਰ ਸਨ, ਇਸੇ ਲਈ ਉਨ੍ਹਾਂ ਬ੍ਰਿਸਟਲ ਗ੍ਰਾਮਰ ਸਕੂਲ ਦਾ ਵਜ਼ੀਫ਼ਾ ਜਿੱਤ ਲਿਆ ਸੀ।
ਸਿਰਫ਼ 39 ਵਰ੍ਹਿਆਂ ਦੀ ਉਮਰ `ਚ ਸਰ ਰਬਿੰਦਰ ਸਿੰਘ ਇੰਗਲੈਂਡ ਦੀ ਕਿਸੇ ਹਾਈ ਕੋਰਟ ਦੇ ਜੱਜ ਬਣਨ ਵਾਲੇ ਸਭ ਤੋਂ ਛੋਟੀ ਉਮਰ ਦੇ ਵਿਅਕਤੀ ਬਣ ਗਏ ਸਨ। ਉਨ੍ਹਾਂ ਦੀ ਤਰੱਕੀ ਪਿਛਲੇ ਵਰ੍ਹੇ ਤੱਕ ਵੀ ਜਾਰੀ ਰਹੀ ਸੀ, ਜਦੋਂ ਉਹ ਦੇਸ਼ ਦੀ ਨਿਆਂਪਾਲਿਕਾ ਦੇ ਸਿਖ਼ਰ `ਤੇ ਪੁੱਜਦੇ ਹੋਏ ਕੋਰਟ ਆਫ਼ ਅਪੀਲ ਦੇ ਜੱਜ ਬਣੇ ਸਨ। ਇਸ ਤੋਂ ਪਹਿਲਾਂ ਹੋਰ ਕੋਈ ਵੀ ਗ਼ੈਰ-ਗੋਰਾ ਇਸ ਅਹੁਦੇ `ਤੇ ਨਹੀਂ ਪੁੱਜ ਸਕਿਆ। ਇਹ ਨਿਯੁਕਤੀ ਪ੍ਰਿਵੀ ਕੌਂਸਲ `ਚ ਮਹਾਰਾਣੀ ਵੱਲੋਂ ਕੀਤੀ ਜਾਂਦੀ ਹੈ।
101 ਤਾਕਤਵਰ ਵਿਅਕਤੀਆਂ ਦੀ ਸੂਚੀ ਵਿੱਚ ਭਾਰਤੀ ਮੂਲ ਦੇ ਕੁਝ ਹੋਰ ਵਿਅਕਤੀ ਵੀ ਸ਼ਾਮਲ ਹਨ; ਜਿਵੇਂ ਮੈਟਰੋਪਾਲਿਟਨ ਪੁਲਿਸ ਦੇ ਦਹਿਸ਼ਤਗਰਦੀ-ਵਿਰੋਧੀ ਵਿੰਗ ਦੇ ਮੁਖੀ ਨੀਲ ਬਾਸੂ, ਸਾਨਟੈਂਡਰ ਯੂਕੇ ਦੇ ਚੇਅਰਪਰਸਨ ਬੈਰਨੈੱਸ ਸਿ਼੍ਰਤੀ ਵਡੇਰਾ (ਜੋ ਕਿਸੇ ਵੱਡੇ ਬ੍ਰਿਟਿਸ਼ ਬੈਂਕ ਦੇ ਇੱਕੋ-ਇੱਕ ਮਹਿਲਾ ਮੁਖੀ ਹਨ), ਰਸਾਇਣ ਵਿਭਾਗ ਲਈ 2009 ਦਾ ਨੋਬਲ ਪੁਰਸਕਾਰ ਜਿੱਤਣ ਵਾਲੇ ਸਰ ਵੈਂਕਟਾਰਮਨ ਰਾਮਾਕ੍ਰਿਸ਼ਨਨ।