ਯੂਨੀਵਰਸਿਟੀ ਆਫ ਸਾਊਥ ਅਮਰੀਕਾ ਦੁਆਰਾ ਪ੍ਰਿੰਸੀਪਲ ਡਾ: ਆਨੰਦ ਸਨਮਾਨਿਤ

drਇਲਾਕੇ ਦੀ ਨਾਮਵਰ ਸਹਿ-ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੇ ਪ੍ਰਿੰਸੀਪਲ ਡਾ. ਜਰਨੈਲ ਸਿੰਘ ਆਨੰਦ ਨੂੰ ਪਿਛਲੇ ਦਿਨੀਂ ਯੂਨੀਵਰਸਿਟੀ ਆਫ ਸਾਊਥ ਅਮਰੀਕਾ ਦੁਆਰਾ ਡਾਕਟਰ ਆਫ ਲੈਟਰਜ (ਡੀ.ਲਿਟ.) ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ । ਡਾ. ਆਨੰਦ ਨੂੰ ਇਹ ਸਨਮਾਨ ਉਹਨਾਂ ਦੀਆਂ ਸਾਹਿਤਿਕ ਖੋਜਾਂ, ਵਿੱਦਿਅਕ ਅਤੇ ਵਿਚਾਰਧਾਰਕ ਯੋਗਦਾਨ ਨੂੰ ਮੁੱਖ ਰੱਖਦਿਆਂ ਪ੍ਰਦਾਨ ਕੀਤਾ ਗਿਆ ਹੈ ।ਡਾ. ਆਨੰਦ ਨੇ 50 ਦੇ ਕਰੀਬ ਅੰਗਰੇਜੀ ਦੀਆਂ ਕਿਤਾਬਾਂ ਦੀ ਰਚਨਾ ਕੀਤੀ ਹੈ। ਇਸ ਤੋਂ ਇਲਾਵਾ ਖੋਜ ਦੇ ਖੇਤਰ ਵਿਚ ਵੀ ਉਨਾਂ ਨੇ ਬਾਇਓਟੈਕਸਟ ਦੀ ਨਵੀਂ ਥਿਉਰੀ ਨੂੰ ਜਨਮ ਦਿੱਤਾ ਹੈ। ਉਹਨਾਂ ਦੀਆਂ ਦੋ ਕਿਤਾਬਾਂ ਦਾ ਫਾਰਸੀਂ ਵਿਚ ਵੀ ਤਰਜਮਾਨ ਹੋ ਚੁੱਕਿਆ ਹੈ। ਜਿਕਰਯੋਗ ਹੈ ਕਿ ਡਾ. ਆਨੰਦ ਨੂੰ ਇਸ ਤੋਂ ਪਹਿਲਾਂ ਵੀ ਲਾਰਡ ਆਫ ਪੀਸ ਐਂਡ ਲਿਟਰੇਚਰ, ਵਰਲਡ ਆਈਕਨ ਆਫ ਪੀਸ (ਨਾਇਜੀਰੀਆ), ਕਰਾਸ ਆਫ ਲਿਟਰੇਚਰ ਅਤੇ ਕਰਾਸ ਆਫ ਪਾਸ ਆਦਿ ਐਵਾਰਡਾਂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਡਾ. ਆਨੰਦ ਦੀ ਸੰਸਾਰ ਪ੍ਰਸਿੱਧ ਪੁਸਤਕ `ਗੀਤ-ਦਾ ਸਾਂਗ ਇਟਰਨਲ` ਵੀ ਸਾਹਿਤਕ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਕਿਉਂਕਿ ਇਹ ਪੁਸਤਕ ਮਿਲਟਨ ਦੇ ਮਹਾਂਕਾਵਿ `ਪੈਰਾਡਈਜ ਲਾਸਟ` ਦਾ ਸੀਕਿਉਲ ਹੈ। 283 ਪੰਨਿਆਂ ਦੀ ਇਹ ਪੁਸਤਕ ਭਾਰਤੀ ਅਧਿਆਤਮਕ ਪਰੰਪਰਾ ਅਤੇ ਗੀਤਾ ਦੀ ਕਾਰਮਿਕ ਫਿਲਾਸਫੀ ਨੂੰ ਆਧਾਰ ਬਣਾ ਕੇ ਮਨੁੱਖ ਦੇ ਜਿੰਦਗੀ ਜੀਣ ਦੇ ਤਰੀਕਿਆਂ ਅਤੇ ਉਸਦੇ ਰੱਬੀ ਰਿਸ਼ਤਿਆਂ ਤੇ ਪ੍ਰਸ਼ਨ-ਚਿਨ ਲਗਾਉਂਦੀ ਹੈ। ਡਾ. ਆਨੰਦ ਅਕਤੂਬਰ 2018 ਵਿਚ ਸਾਰਕ (SAARC) ਦੁਆਰਾ ਆਯੋਜਿਤ ਸਾਰਕ ਅੰਤਰਰਾਸ਼ਟਰੀ ਸਾਹਿਤਿਕ ਸੰਮੇਲਨ ਵਿਚ ਵੀ ਆਨਰਡ ਗੈਸਟ ਵਜੋਂ ਸ਼ਿਰਕਤ ਕਰ ਰਹੇ ਹਨ।

ਇਸ ਮੌਕੇ ਕਾਲਜ ਦੀ ਮੈਨੇਜਮੈਂਟ ਦੇ ਚੈਅਰਮੈਨ ਸ. ਮਨਦੀਪ ਸਿੰਘ ਬਰਾੜ, ਜਨਰਲ ਸਕੱਤਰ ਸ. ਲਖਵਿੰਦਰ ਸਿੰਘ ਰੋਹੀਵਾਲਾ, ਸਕੱਤਰ ਸ. ਦਲਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਡਾ. ਆਨੰਦ ਸਾਹਿਤ ਅਤੇ ਖੋਜ ਖੇਤਰ ਵਿਚ ਇਕ ਅੰਤਰਰਾਸ਼ਟਰੀ ਸਖਸ਼ੀਅਤ ਹੈ ਜਿਸ ਦਾ ਸਾਡੇ ਇਲਾਕੇ ਅਤੇ ਸਾਡੇ ਕਾਲਜ ਵਿਚ ਹੋਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਕਾਲਜ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਡਾ. ਆਨੰਦ ਨੂੰ ਇਸ ਉਪਲਬਧੀ ਲਈ ਮੁਬਾਰਕਬਾਦ ਦਿੱਤੀ ਗਈ।