ਯੂਬਾ ਸਿਟੀ, ਕੈਲੀਫ਼ੋਰਨੀਆ ਦੇ ਨਗਰ ਕੀਰਤਨ ਦੌਰਾਨ ਇੱਕ ਲੱਖ ਦੇ ਕਰੀਬ ਸੰਗਤਾਂ ਦੀ ਆਮਦ

ਭਾਰੀ ਦਿਵਾਨ ਤੇ ਆਤਿਸ਼ਬਾਜੀ

ਯੂਬਾ ਸਿਟੀ, ਕੈਲੀਫੋਰਨੀਆ, 8 ਨਵੰਬਰ (ਹੁਸਨ ਲੜੋਆ ਬੰਗਾ) – ਹਰ ਸਾਲ ਯੂਬਾ ਸਿਟੀ, ਕੈਲੀਫੋਰਨੀਆ ਵਿਖੇ ਪੂਰੇ ਜਾਹੋ ਜਲਾਅ ਨਾਲ ਕੱਢਿਆ ਜਾਣ ਵਾਲਾ ਵਿਸ਼ਵ ਪ੍ਰਸਿੱਧ ਨਗਰ ਕੀਰਤਨ ਜੋ ਯੂਬਾ ਸਿਟੀ ਦੇ ਸਿੱਖ ਟੈਂਪਲ ਵਿਖੇ ਕੱਢਿਆ ਗਿਆ, ਵਿੱਚ ਐਤਕਾਂ ਕਰੀਬ ਇੱਕ ਲੱਖ ਦੇ ਕਰੀਬ ਸੰਗਤਾਂ ਨੇ ਸ਼ਮੂਲੀਅਤ ਕੀਤੀ। ਗੁਰਤਾ ਗੱਦੀ ‘ਤੇ ਕੱਢੇ ਜਾਂਦੇ ਇਸ ਨਗਰ ਕੀਰਤਨ ਵਿੱਚ ਐਤਕਾਂ ਕਈ ਸੁਧਾਰ ਹੋਏ ਦਿੱਖੇ ਤੇ ਸ਼ਾਂਤੀ ਨਾਲ ਸਾਰੇ ਕਾਰਜ ਨੇਪਰੇ ਚੜੇ। ਇਸ ਨਗਰ ਕੀਰਤਨ ਦੌਰਾਨ ਸਾਰੇ ਪ੍ਰੋਗਰਾਮ ਦੀਆਂ ਤਿਆਰੀਆਂ ਕਰੀਬ ਇਕ ਮਹੀਨੇ ਤੋਂ ਸੰਗਤਾਂ ਤੇ ਨਵੀਂ ਪ੍ਰਬੰਧਕ ਕਮੇਟੀ ਨੇ ਕੀਤੀਆਂ ਹੋਈਆਂ ਸਨ, ਇਹ ਤਿਆਰੀ ਚੋਣ ਜਿੱਤਣ ਤੋਂ ਬਾਅਦ ਹੀ ਸ਼ੁਰੂ ਕਰ ਦਿਤੀ ਸੀ। ਅਖੀਰਲੇ ਦਿਨ ਕੱਢੇ ਗਏ ਵਿਸ਼ਾਲ ਨਗਰ ਕੀਰਤਨ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ‘ਚ ਮਗਰ ਹਜਾਰਾਂ ਸੰਗਤਾਂ ਨੇ ਸ਼ਬਦ ਗਾਇਨ ਕੀਤਾ। ਇਸ ਦੌਰਾਨ ਵੱਖ ਵੱਖ ਰਾਗੀ ਜਥਿਆਂ ਨੇ ਮਨੋਹਰ ਬਾਣੀ ਦਾ ਕੀਰਤਨ ਕੀਤਾ। ਇਸ 37ਵੇਂ ਨਗਰ ਕੀਰਤਨ ਦੇ ਬਾਨੀ ਸ: ਦੀਦਾਰ ਸਿੰਘ ਬੈਂਸ ਵੀ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਨੇ ਵੀ ਖੁੱਲ੍ਹੀ ਕਾਰ ਵਿਚ ਸਵਾਰ ਹੋ ਕੇ ਨਗਰ ਕੀਰਤਨ ‘ਚ ਸ਼ਮੂਲੀਅਤ ਕੀਤੀ ਤੇ ਸੰਗਤਾਂ ਨਾਲ ਮਿਲੇ। 
ਇਸ ਤੋਂ ਇਲਾਵਾ ਵੱਖ ਵੱਖ ਹੋਰ ਫਲੋਟਾਂ ਵਿੱਚ ਸਿਖ ਇਤਿਹਾਸ ਨਾਲ ਸਬੰਧਿਤ ਝਾਕੀਆਂ ਕੱਢੀਆਂ ਗਈਆਂ। ਜਿਸ ਵਿੱਚ ਮਲਕ ਭਾਗੋ ਵਾਲਾ ਗੁਰੂ ਨਾਨਕ ਸਾਹਿਬ ਵਾਲਾ ਬਿਰਤਾਂਤ, ਅਮਰੀਕਨ ਰੈੱਡ ਕਰਾਸ ਦਾ ਫਲੋਟ, ਅਸੈਂਬਲੀ ਹਾਲ ਲੰਡਨ ਦਾ ਫਲੋਟ, ਗੋਲਡਨ ਟੈਂਪਲ ਦਾ ਫਲੋਟ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਵਾਲੇ ਫਲੋਟ ਤੋਂ ਇਲਾਵਾ ਵੱਖ ਵੱਖ ਸ਼ਹਿਰਾਂ ਦੇ ਵੱਖ ਵੱਖ ਗੁਰਦੁਅਰਾ ਸਾਹਿਬਾਨਾਂ ਦੇ ਫਲੋਟਾਂ ਨੇ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਇਆ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸਟਾਲ ‘ਤੇ ਕਾਫੀ ਗਹਿਮਾ
ਗਹਿਮੀ ਦੇਖੀ ਗਈ। ਵੱਖ ਖਾਣਿਆਂ ਦੇ ਸਟਾਲ ਤੇ ਸਿੱਖ ਪ੍ਰਚਾਰਕਾਂ ਦੇ ਸਟਾਲ ਅਰਥਾਤ ਧਾਰਮਿਕ ਸਾਹਿਤ ਦੇ ਬਹੁਤੇ ਸਟਾਲ ਐਤਕਾਂ ਦੇਖਣ ਨੂੰ ਮਿਲੇ। ਐਤਕਾਂ ਗੁਰੂ ਘਰ ਦੇ ਪ੍ਰਬੰਧਕ ਸਰਬਜੀਤ ਥਿਆੜਾ ਤੇ ਯੂਨੀਅਰ ਥਿਆੜਾ ਵੱਲੋਂ ਹੈਲੀਕਾਪਟਰ ਨਾਲ ਫੁੱਲਾਂ ਦੀ ਵਰਖਾ ਕੀਤੀ ਗਈ। ਐਤਕਾਂ ਵੱਡੀ ਪੱਧਰ ‘ਤੇ ਸੈਂਕੜੇ ਦੀ ਤਦਾਦ ‘ਚ ਲੱਗੇ ਕੱਪੜੇ ਜਿਊਲਰੀ ਤੇ ਹੋਰ ਸਾਜੋ ਸਮਾਨ ਦੇ ਸਟਾਲਾਂ ਤੋਂ ਲੋਕਾਂ ਨੇ ਹਜਾਰਾਂ ਡਾਲਰਾਂ ਦੀ ਖਰੀਦੋ ਫਰੋਖਤ ਕੀਤੀ। ਨਗਰ ਕੀਰਤਨ ਤੋਂ ਪਹਿਲਾਂ ਕਈ ਦਿਨਾਂ ਤੋਂ ਸ੍ਰੀ ਆਖੰਡ ਪਾਠਾਂ ਦੀ ਲੜੀ ਸ਼ੁਰੂ ਸੀ, ਇਸ ਦੌਰਾਨ ਵਿਸ਼ੇਸ਼ ਕਵੀ ਦਰਬਾਰ, ਬੱਚਿਆਂ ਦਾ ਕੀਰਤਨ ਦਰਬਾਰ, ਢਾਡੀ ਦਰਬਾਰ, ਅੰਮ੍ਰਿਤ ਸੰਚਾਰ, ਨਿਸ਼ਾਨ ਸਾਹਿਬ ਦੇ ਚੋਲੇ
ਬਦਲਣਾ ਤੇ ਸੈਮੀਨਾਰ ਇਸ ਨਗਰ ਕੀਰਤਨ ਦਾ ਅਭਿੰਨ ਹਿੱਸਾ ਰਹੇ। 
ਕਈ ਦਿਨਾਂ ਤੋਂ ਕੀਰਤਨ ਦਰਬਾਰ ਸੱਜ ਰਹੇ ਸਨ ਜਿਨਾਂ ‘ਚ ਭਾਈ ਗਗਨਦੀਪ ਸਿੰਘ ਜੀ ਗੰਗਾ ਨਗਰ ਵਾਲੇ, ਭਾਈ ਉਂਕਾਰ ਸਿੰਘ ਜੀ ਊਨਾ ਵਾਲੇ, ਭਾਈ ਗੁਰਨਿਮਿਤ ਸਿੰਘ ਜੀ ਰਾਜ ਰੰਗੀਲਾ, ਭਾਈ ਹਰਨਾਮ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿਤਸਰ, ਭਾਈ ਗੁਰਪ੍ਰੀਤ ਸਿੰਘ ਜੀ ਬਲੱੜਵਾਲ ਜਲੰਧਰ, ਢਾਡੀ ਚੰਚਲ ਕੌਰ ਜਥਾ, ਕਵੀਸ਼ਰ ਗੁਰਦੇਵ ਸਿੰਘ ਸ਼ਾਹੋਕੇ ਚੜਿੱਕ, ਢਾਡੀ ਨਾਭੇ ਵਾਲੀਆਂ ਬੀਬੀਆਂ ਦਾ ਜਥਾ, ਢਾਡੀ ਪਾਰਸ ਦਾ ਜਥਾ, ਰਾਗੀ ਕੁਲਵਿੰਦਰ ਸਿੰਘ, ਰਾਗੀ ਅਰਵਿੰਦਰ ਸਿੰਘ, ਦਲਵੀਰ ਸਿੰਘ, ਸੁੰਦਰ ਸਿੰਘ, ਕਥਾਕਾਰ ਪਰਮਜੀਤ ਸਿੰਘ, ਭਾਈ ਹਰਨਾਮ ਸਿੰਘ, ਭਾਈ ਦਲੀਪ ਸਿੰਘ ਤੇ ਕਥਾਕਾਰ ਭਾਈ ਤਾਰਾ ਸਿੰਘ ਤੋਂ ਇਲਾਵਾ ਸਿੱਖ ਪੰਥ ਦੇ ਉਚ ਕੋਟੀ ਦੇ ਰਾਗੀ ਜਥੇ, ਕਥਾਵਾਚਕ ਅਤੇ ਪ੍ਰਚਾਰਕਾਂ ਨੇ ਹਾਜ਼ਰੀ ਭਰੀ। 
ਨਗਰ ਕੀਰਤਨ ਤੋਂ ਇੱਕ ਦਿਨ ਪਹਿਲਾਂ ਗੁਰੂ ਘਰ ਦੀ ਨਵੀਂ ਕਮੇਟੀ ਦੇ ਪ੍ਰਬੰਧਕ ਸਰਬਜੀਤ ਸਿੰਘ ਥਿਆੜਾ ਅਤੇ ਪਰਿਵਾਰ ਵੱਲੋਂ ਪਹਿਲਾਂ ਵਾਂਗ ਵੱਡੀ ਪੱਧਰ ਆਤਿਸ਼ਬਾਜ਼ੀ ਤੇ ਪਟਾਖਿਆਂ ਦੀ ਸੇਵਾ ਗੁਰਦੁਆਰਾ ਸਾਹਿਬ ਦੇ ਬਾਹਰ ਲੁੱਕ ਪਾਉਣ ਦੀ ਸੇਵਾ ਜਿਸਦੀ ਕੀਮਤ ਕਈ ਲੱਖਾਂ ਵਿੱਚ ਹੈ ਤੇ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦੀ ਸੇਵਾ ਵੀ ਥਿਆੜਾ ਪਰਿਵਾਰ ਵੱਲੋਂ ਕੀਤੀ ਗਈ। ਇੱਕ ਦਿੱਨ ਪਹਿਲਾਂ ਸ਼ਾਮ ਦੇ ਦਿਵਾਨ ਵਿੱਚ ਵੱਖ ਵੱਖ ਸਿੱਖ ਆਗੂਆਂ ਨੇ ਸਿੱਖ ਪੰਥ ਦੀ ਚੜਦੀ ਕਲਾ ਪ੍ਰਤੀ ਭਰਵੀਆਂ ਤਕਰੀਰਾਂ ਕੀਤੀਆਂ ਇਨਾਂ ਆਗੂਆਂ,ਚ ਡਾ ਅਮਰਜੀਤ ਸਿੰਘ, ਕੁਲਜੀਤ ਸਿੰਘ ਨਿੱਝਰ, ਅਮਰਦੀਪ ਸਿੰਘ, ਸ਼ਹੀਦ ਬੇਅੰਤ ਸਿੰਘ ਦੇ ਬੇਟਾ ਜਸਵਿੰਦਰ ਸਿੰਘ, ਗੁਰਨਾਮ ਸਿੰਘ, ਦਿਲਬਾਗ ਸਿੰਘ ਬੈਂਸ ਤੇ ਸ਼ਹੀਦ ਭਾਈ ਅਮਰੀਕ ਸਿੰਘ ਦਾ ਬੇਟ ਨੇ ਤਕਰੀਰਾਂ ਕੀਤੀਆਂ, ਸਟੇਜ ਦੀ ਕਾਰਵਾਈ ਗੁਰਮੇਜ ਸਿੰਘ ਗਿੱਲ ਤੇ ਪ੍ਰਮਿੰਦਰ ਗਰੇਵਾਲ ਨੇ ਚਲਾਈ। ਐਤਕਾਂ ਨਗਰ ਕੀਰਤਨ ਦੇ ਬਾਨੀ ਸ: ਦੀਦਾਰ ਸਿੰਘ ਬੈਂਸ ਅਤੇ ਉਹਨਾਂ ਦੇ ਸਹਿਯੋਗੀ ਸਰਬਜੀਤ ਥਿਆੜਾ, ਜਸਵੰਤ ਸਿੰਘ ਬੈਂਸ, ਪਰਮਿੰਦਰ ਗਰੇਵਾਲ ਇਸ ਨਗਰ ਕੀਰਤਨ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਪੁਰਜ਼ੋਰ ਮਿਹਨਤ ਕੀਤੀ। 
ਪਾਰਕ ਕੀਤੀਆਂ ਗੱਡੀਆਂ ਤੋਂ ਸੰਗਤ ਨੂੰ ਨਗਰ ਕੀਰਤਨ ਤੱਕ ਲਿਜਾਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਸੀ। ਐਤਕਾਂ ਮੌਸਮ ਠੀਕ ਹੋਣ ਕਰਕੇ ਨਗਰ ਕੀਰਤਨ ਵਿੱਚ ਰਿਕਾਰਡ ਤੋੜ ਸੰਗਤਾਂ ਪਹੁੰਚੀਆਂ । ਲੰਗਰ ਸੇਵਾਦਾਰਾਂ ਵਲੋਂ ਸੈਂਕੜੇ ਕੁਇੰਟਲ ਤਰਾਂ ਤਰਾਂ ਦੇ ਭੋਜਨ ਬਣੇ ਹੋਏ ਸਨ ਜਿਸ ਦਾ ਸੁਆਦ ਅਮਰੀਕਨ ਜਿਨਾਂ ‘ਚ ਗੋਰੇ, ਏਸ਼ੀਅਨ, ਫੀਜੀਅਨ,ਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਆਪਣੀ ਸਮੂਲੀਅਤ ਦੌਰਾਨ ਲਿਆ। ਜਿਸ ਵਿੱਚ ਕੁਇੰਟਲਾਂ ਦੇ ਹਿਸਾਬ ਨਾਲ ਬਦਾਮ, ਕਾਜੂ, ਸਬਜੀ, ਫਲਾਂ ਦਾ ਇਸਤਮਾਲ ਕੀਤਾ ਗਿਆ ਹੈ। ਯੂਬਾ ਸਿਟੀ ਦੇ ਸਿੱਖ ਟੈਂਪਲ ਦੁਆਲੇ ਪਈ ਸੈਂਕੜੇ ਏਕੜ ਜਮੀਨ ਵੀ ਕਾਰਾਂ ਖੜੀਆਂ ਕਰਨ ਲਈ ਘੱਟ ਪੈ ਰਹੀ ਸੀ। ਯੁਬਾ ਸਿਟੀ ਦੇ ਸਾਰੇ ਰਸਤੇ ਸੰਗਤਾਂ ਨਾਲ ਤੁੰਨੇ ਹੇਏ ਸਨ। ਐਤਕਾਂ ਦੇਸੀ ਮੀਡੀਏ ਤੋਂ ਇਲਾਵਾ ਅਮਰੀਕਨ ਮੀਡੀਏ ਦੇ ਵੀ ਕਾਫੀ ਨੁਮਾਇੰਦੇ ਦਿਖਾਈ ਦਿੱਤੇ।