ਯੂਰਪ ਵਿਚ ਹੋ ਰਹੀ ਬਰਫਬਾਰੀ ਨਾਲ ਤਾਪਮਾਨ ਥੱਲੇ ਡਿੱਗਿਆ

iceਰੋਮ (ਇਟਲੀ) 26 ਫਰਵਰੀ (ਕੈਂਥ) – ਇਟਲੀ ਵਿੱਚ ਸ਼ਨੀਵਾਰ ਤੋਂ ਰੁਕ ਰੁਕ ਕੇ ਹੋ ਰਹੀ ਭਾਰੀ ਬਰਫਬਾਰੀ ਨਾਲ ਜਿਥੇ ਜਨਜੀਵਨ ਪ੍ਰਭਾਵਿਤ ਹੋਇਆ ਹੈ, ਉਥੇ ਠੰਡ ਨੇ ਲੋਕਾਂ ਨੂੰ ਕੰਬਣ ਲਈ ਮਜਬੂਰ ਕੀਤਾ ਹੈ। ਬਰਫਬਾਰੀ ਦਾ ਜਿਆਦਾ ਅਸਰ ਦੱਖਣੀ ਇਟਲੀ ਵਿਚ ਰਿਹਾ ਸਿਵਲ ਪ੍ਰੋਟੈਕਸ਼ਨ ਵਿਭਾਗ ਨੇ ਇਕ ਚਿਤਾਵਨੀ ਜਾਰੀ ਕੀਤੀ ਹੈ। ਬਰਫ਼ਬਾਰੀ ਦੀ ਸੰਭਾਵਨਾ ਮੈਦਾਨੀ ਇਲਾਕਿਆਂ ਦੇ ਨੀਵੇਂ ਪੱਧਰ ਤੱਕ ਹੋਣ ਦੀ ਵੀ ਸੰਭਾਵਨਾ ਹੈ, ਜੋ ਦੇਸ਼ ਦੇ ਵੱਖ-ਵੱਖ ਖੇਤਰਾਂ ਦੇ 1500 ਕਿਲੋਮੀਟਰ ਦੇ ਮੋਟਰਵੇਅ ਭਾਗਾਂ ‘ਤੇ ਪ੍ਰਭਾਵ ਪਾ ਸਕਦੀ ਹੈ।
ਠੰਡ ਦਾ ਸਿਖਰ ਐਤਵਾਰ ਅਤੇ ਸੋਮਵਾਰ ਦੇ ਵਿਚਕਾਰ ਰਾਤ ਤੋਂ ਜਿਆਦਾ ਰਿਹਾ, ਜਿਸ ਤਹਿਤ 26 ਫਰਵਰੀ ਅਤੇ 27 ਫਰਵਰੀ ਨੂੰ ਸਕੂਲ ਅਨਕੋਨਾ, ਫਰਮੋ ਅਤੇ ਮੈਕਰਾਟਾ (ਨਰਸਰੀ ਸਕੂਲਾਂ ਸਮੇਤ) ਵਿਚ ਬੰਦ ਹੋਣਗੇ। ਇਸ ਬਰਫਵਾਰੀ ਦਾ ਅਸਰ ਅੱਜ ਸਵੇਰੇ ਨੌਰਥ ਇਟਲੀ ਵਿਚ ਵੀ ਵੇਖਣ ਨੂੰ ਮਿਲਿਆ ਅਤੇ ਵੱਖ ਵੱਖ ਖੇਤਰਾਂ ਵਿਚ ਹਲਕੀ ਤੇ ਭਾਰੀ ਬਰਫਵਾਰੀ ਹੋਈ ਅਤੇ ਤਾਪਮਾਨ ਵੀ ਹੇਠਾ ਡਿੱਗਿਆ।
ਇਸ ਸਮੇਂ ਇਟਲੀ ਦੇ ਵੱਖ ਵੱਖ ਸ਼ਹਿਰਾਂ ਵਿਚ ਸੜਕਾਂ ‘ਤੇ ਬਰਫ ਦੀ ਚਾਦਰ ਵਿਛੀ ਨਜਰ ਆ ਰਹੀ ਹੈ। ਇਸ ਬਰਫੀਲੀ ਠੰਡ ਕਾਰਨ ਕੰਮਕਾਰ ਠੱਪ ਹੋਏ ਹਨ, ਤੇ ਜਿਸ ਦਾ ਖਮਿਆਜਾ ਇਟਲੀ ਵਿਚ ਵੱਸਦੇ ਵਿਦੇਸ਼ੀਆਂ ਨੂੰ ਜਿਆਦਾ ਭੁਗਤਣਾ ਪੈ ਰਿਹਾ ਹੈ। ਇਸ ਬਰਫਬਾਰੀ ਕਾਰਨ ਸੜਕਾਂ ‘ਤੇ ਚਲਣ ਵਾਲੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਚੇ ਇਸ ਬਰਫ ਨਾਲ ਖੇਡ ਕੇ ਭਰਪੂਰ ਨਜਾਰਾ ਲੈ ਰਹੇ ਹਨ। ਪ੍ਰਸਾਸ਼ਨ ਵੱਲੋਂ ਬਲਡੋਜਰ ਨਾਲ ਬਰਫ ਹਟਾਈ ਜਾ ਰਹੀ ਹੈ ਤੇ ਸੜਕਾਂ ‘ਤੇ ਨਮਕ ਸੁੱਟਿਆ ਜਾ ਰਿਹਾ ਹੈ। ਪੂਰੇ ਯੂਰਪ ਵਿਚ ਹੋਈ ਇਸ ਬਰਫਬਾਰੀ ਨਾਲ ਤਾਪਮਾਨ ਥੱਲੇ ਡਿੱਗਿਆ ਹੈ।
ਜਿਕਰਯੋਗ ਹੈ ਕਿ ਇਟਲੀ ਦੀ ਰਾਜਧਾਨੀ ਰੋਮ ਵਿਚ ਹੋਈ ਬਰਫਬਾਰੀ ਨਾਲ ਤਕਰੀਬਨ ਅੱਧਾ ਫੁੱਟ ਉੱਚੇ ਢੇਰ ਲੱਗ ਗਏ। ਇਸ ਤੋਂ ਇਲਾਵਾ ਰੋਮ ਦੇ ਨੇੜ੍ਹਲੇ ਇਲਾਕੇ ਆਮਾਤਰੀਚੇ ਵਿਖੇ, ਜਿੱਥੇ ਕਿ ਪਿਛਲੇ ਸਮੇਂ ਵਿਚ ਆਏ ਭੂਚਾਲਾਂ ਨੇ ਭਾਰੀ ਤਬਾਹੀ ਕੀਤੀ ਸੀ, ਇੱਥੇ ਪ੍ਰਸਾਸ਼ਨ ਵੱਲੋਂ ਲੋਕਾਂ ਨੂੰ ਰਹਿਣ ਲਈ ਫਿਲਹਾਲ ਆਰਜੀ ਘਰ ਬਣਾ ਕੇ ਦਿੱਤੇ ਹੋਏ ਹਨ। ਇੱਥੇ ਵੀ ਭਾਰੀ ਬਰਫ ਪਈ ਹੈ, ਇੱਥੇ ਘਰਾਂ ਵਿਚ ਸਹੂਲਤਾਂ ਦੀ ਕਮੀ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘਰਾਂ ਨੂੰ ਗਰਮ ਕਰਨ ਲਈ ਅਜੇ ਇੱਥੇ ਢੁੱਕਵੇਂ ਪ੍ਰਬੰਧ ਨਹੀਂ ਹਨ, ਜਿਸ ਕਾਰਨ ਲੋਕ ਬਰਫੀਲੀ ਠੰਢ ਨਾਲ ਬੇਹਾਲ ਹਨ।

ice1