ਰੋਮ ਵਿਚ ਕੂੜੇ ਨਾਲ ਬਣਿਆ ਹੋਟਲ

ਯੂਰਪ ਦੇ ਤੱਟਾਂ ਤੋਂ ਇਕੱਠੇ ਕੀਤੇ ਗਏ ਖਿਡਾਉਣੇ, ਕਿਤਾਬਾਂ, ਪਲਾਸਟਿਕ ਦੇ ਡੱਬੇ ਕਾਰਾਂ ਦੀਆਂ ਖਰਾਬ ਪਾਈਪਾਂ, ਜੁੱਤੀਆਂ ਆਦਿ
ਰੋਮ, 7 ਜੂਨ (ਵਰਿੰਦਰ ਕੌਰ ਧਾਲੀਵਾਲ) – ਜਦੋਂ ਕਦੇ ਵੀ ਕਿਸੇ ਹੋਟਲ ਦਾ ਨਾਮ ਲਓ ਤਾਂ ਮਨ ਵਿਚ ਕਿਸੇ ਉੱਚੀ ਲੰਬੀ ਇਮਾਰਤ ਦਾ ਹੀ ਖਿਆਲ ਆਉਂਦਾ ਹੈ, ਪ੍ਰੰਤੂ ਇਟਲੀ ਦੀ ਰਾਜਧਾਨੀ ਰੋਮ ਵਿਚ ਕੂੜੇ ਦਾ ਇਕ ਹੋਟਲ ਬਣਾਇਆ ਗਿਆ ਹੈ। ਦੁਨੀਆਂ ਵਿਚ ਪਹਿਲੇ ਬਣੇ ਇਸ ਕੂੜੇ ਦੇ ਹੋਟਲ ਨੂੰ ਹੁਣ ਜਨਤਾ ਲਈ ਵੀ ਖੋਲ੍ਹ ਦਿੱਤਾ ਗਿਆ ਹੈ।
ਇਸ ਹੋਟਲ ਦੀਆਂ ਕੰਧਾਂ ਆਮ ਘਰਾਂ ਦੀਆਂ ਕੰਧਾਂ ਨਾਲੋਂ ਵਧੇਰੇ ਉੱਚੀਆਂ ਹਨ। ਇਸਦੀ ਖਾਸੀਅਤ ਇਹ ਹੈ ਕਿ ਯੂਰਪ ਦੇ ਸਮੁੰਦਰੀ ਤੱਟਾਂ ਤੋਂ ਇਕੱਠੇ ਹੋਏ ਕੂੜੇ ਨਾਲ ਇਸਨੂੰ ਬਣਾਇਆ ਗਿਆ ਹੈ। ਜਿਹੜੇ ਵਾਤਾਵਰਣ ਪ੍ਰੇਮੀ ਪ੍ਰਦੂਸ਼ਣ ਦੀ ਸਮੱਸਿਆ ਨੂੰ ਹੱਲ ਕਰਨਾ ਚਾਹੁੰਦੇ ਹਨ, ਉਨ੍ਹਾਂ ਦੁਆਰਾ ਲੋਕਾਂ ਦਾ ਇਸ ਵੱਲ ਧਿਆਨ ਖਿੱਚਣ ਲਈ ਹੀ ਇਸਨੂੰ ਬਣਾਇਆ ਗਿਆ ਹੈ। ਇਹ ਹੋਟਲ ਯੂਰਪ ਦੇ ਤੱਟਾਂ ਤੋਂ ਇਕੱਠੇ ਕੀਤੇ ਗਏ ਖਿਡਾਉਣੇ, ਕਿਤਾਬਾਂ, ਪਲਾਸਟਿਕ ਦੇ ਡੱਬੇ ਕਾਰਾਂ ਦੀਆਂ ਖਰਾਬ ਪਾਈਪਾਂ, ਜੁੱਤੀਆਂ ਆਦਿ 12 ਟਨ ਕੂੜੇ ਨਾਲ ਬਣਿਆ ਹੈ। ਇਸਦੀਆਂ ਕੰਧਾਂ ਨੂੰ ਬਨਾਉਣ ਲਈ ਪਲਾਸਟਿਕ ਦੇ ਪੁਤਲਿਆਂ ਦੇ ਪੈਰਾਂ ਦਾ ਪ੍ਰਯੋਗ ਕੀਤਾ ਗਿਆ ਹੈ। ਇਸ ਹੋਟਲ ਦੇ, ਬਿਸਤਰੇ ਅਤੇ ਕੁਰਸੀਆਂ ਨਾਲ ਸੱਜੇ ਪੰਜ ਕਮਰੇ ਹਨ। ਇਸ ਦੇ ਡਿਜ਼ਾਇਨਰ ਐਚ ਏ ਛਲਟ ਦਾ ਕਹਿਣਾ ਹੈ ਉਸਦਾ ਮਕਸਦ ਸਿਰਫ ਨਾਟਕੀ ਸੰਦੇਸ਼ ਦੇਣਾ ਹੀ ਹੈ। ਵਰਣਨਯੋਗ ਹੈ ਕਿ ਹਰ ਸਾਲ ਯੂਰਪ ਦੇ ਪ੍ਰਤੀ ਵਰਗ ਕਿਲੋਮੀਟਰ ਦੇ ਤੱਟ ਉੱਪਰ ਚਾਰ ਹਜਾਰ ਕਿਲੋਗ੍ਰਾਮ ਕੂੜਾ ਸੁੱਟਿਆ ਜਾਂਦਾ ਹੈ। ਇਸ ਕੋਸਿ਼ਸ਼ ਦੁਆਰਾ ਅਜਿਹੀ ਮੁਸ਼ਕਿਲ ਵੱਲ ਧਿਆਨ ਦਵਾਇਆ ਗਿਆ ਹੈ। ਇਸ ਨਾਲ ਵਿਅਸਥਾ ਅਤੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਯੂਰਪ ਦੇ ਸਮੁੰਦਰੀ ਤੱਟਾਂ ਨੂੰ ਸਾਫ ਸੁਥਰਾ ਰੱਖਣ ਲਈ ਹੋਰ ਕੋਸਿ਼ਸ਼ ਦੀ ਜਰੂਰਤ ਹੈ।