ਵਿਪਸਾਅ ਬੇ ਏਰੀਆ ਵਲੋਂ ਡਾ: ਬਲਵਿੰਦਰਜੀਤ ਕੌਰ ਭੱਟੀ ਨਾਲ ਵਿਸ਼ੇਸ਼ ਸਾਹਿਤਕ ਮਿਲਣੀ

drਫਰੀਮਾਂਟ, ਕੈਲੀਫੋਰਨੀਆ, 14 ਜੂਨ (ਹੁਸਨ ਲੜੋਆ ਬੰਗਾ) – ਵਿਪਸਾਅ ਬੇ ਏਰੀਆ ਵੱਲੋਂ ਫ਼ਰੀਮਾਂਟ ਕਿਡੇਂਗੋ ਵਿਖੇ ਪ੍ਰੋ: ਸੁਖਵਿੰਦਰ ਕੰਬੋਜ ਦੀ ਪ੍ਰਧਾਨਗੀ ਹੇਠ ਡਾ: ਬਲਵਿੰਦਰ ਜੀਤ ਕੌਰ ਭੱਟੀ ਨਾਲ ਇਕ ਵਿਸ਼ੇਸ਼ ਸਾਹਿਤਕ ਮਿਲਣੀ ਆਯੋਜਿਤ ਕੀਤੀ ਗਈ। ਵਿਪਸਾਅ ਬੇ ਏਰੀਆ ਦੇ ਜਨਰਲ ਸਕੱਤਰ ਕੁਲਵਿੰਦਰ ਨੇ ਸਭ ਨੂੰ ਜੀਅ ਆਇਆਂ ਕਹਿੰਦੇ ਹੋਏ ਡਾ: ਬਲਵਿੰਦਰ ਜੀਤ ਕੌਰ ਭੱਟੀ, ਪ੍ਰੋæ ਸੁਖਵਿੰਦਰ ਕੰਬੋਜ ਅਤੇ ਅਦਾਕਾਰਾ ਰਵਿੰਦਰ ਢਿੱਲੋਂ ਨੂੰ ਪ੍ਰਧਾਨਗੀ ਮੰਡਲ ਵਿਚ ਸ਼ਮਿਲ ਕੀਤਾ। ਇਸ ਮਿਲਣੀ ਦਾ ਆਗਾਜ਼ ਸੰਗੀਤਕਾਰ ਸੁਖਦੇਵ ਸਾਹਿਲ ਨੇ ‘ਮਿੱਤਰ ਪਿਆਰੇ ਨੂੰ’ ਸ਼ਬਦ ਗਾਇਨ ਨਾਲ ਕੀਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹਿਸਟਾਰੀਕਲ ਸਟਡੀਜ਼ ਵਿਭਾਗ ਦੀ ਇਸ ਮੁਖ਼ੀ ਨੇ ਆਪਣੇ ਕਾਰਜ ਕਾਲ ਦੌਰਾਨ 50 ਤੋਂ ਉ ੱਪਰ ਖੋਜ ਪੱਤਰ ਲਿਖੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਸਮਾਜਿਕ ਸਰੋਕਾਰ ਪੁਸਤਕ ਪ੍ਰਕਾਸ਼ਿਤ ਕਰਵਾਈ ਹੈ। ਅੱਜਕਲ੍ਹ ਸਿੱਖ ਧਰਮ ਨਾਲ ਸੰਬੰਧਿਤ ਇਤਿਹਾਸਕਾਰਾਂ ਦੀ ਡਾਇਰੈਕਰੀ ਤਿਆਰੀ ਅਧੀਨ ਹੈ।
ਕੁਲਵਿੰਦਰ ਦੁਆਰਾ ਕਰਵਾਈ ਗਈ ਇਸ ਜਾਣ ਪਛਾਣ ਨੂੰ ਅੱਗੇ ਤੋਰਦੇ ਹੋਏ ਪ੍ਰੋæ ਕੰਬੋਜ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਕਿਹਾ ਕਿ, ਉਹ ਡਾ: ਬਲਵਿੰਦਰ ਜੀਤ ਕੌਰ ਭੱਟੀ ਨਾਲੋਂ ਵੱਧ ਉਸ ਦੇ ਪਤੀ ਡਾ: ਸੁਰਜੀਤ ਸਿੰਘ ਭੱਟੀ ਨੂੰ ਜਾਣਦੇ ਹਨ। ਉਨ੍ਹਾਂ ਡਾ: ਬਲਵਿੰਦਰ ਜੀਤ ਕੌਰ ਭੱਟੀ ਦੇ ਖੋਜ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ, ਸ੍ਰੀ ਗੁਰੂ ਗਰੰਥ ਸਾਹਿਬ ਜੀਵਨ ਮੁੱਲਾਂ ਦਾ ਫ਼ਲਸਫ਼ਾ ਹੈ ਅਤੇ ਮੈਨੂੰ ਜਿੰæਦਗ਼ੀ ਦੇ ਸਰੋਕਾਰਾਂ ਵਾਲੀ ਹਰ ਰਚਨਾ ਹੀ ਟੁੰਬਦੀ ਹੈ। ਇਸ ਤੋਂ ਬਾਅਦ ਡਾ: ਭੱਟੀ ਨੇ ਆਪਣੇ ਜੀਵਨ ਦੀ ਸੰਘਰਸ਼ਮਈ ਗਾਥਾ ਸੁਣਾਉਂਦੇ ਹੋਏ ਆਪਣੇ ਔਰਤ ਹੋਣ ‘ਤੇ ਮਾਣ ਮਹਿਸੂਸ ਕੀਤਾ। ਉਨ੍ਹਾਂ ਕਿਹਾ ਕਿ, ਮੈਂ ਇਸ ਮੁਕਾਮ ‘ਤੇ ਸੰਘਰਸ਼ ਕਰ ਕੇ ਪੁੱਜੀ ਹਾਂ। ਮੇਰੇ ਪਿਤਾ ਜੀ ਨੂੰ ਅੱਤਵਾਦੀਆਂ ਨੇ ਮਾਰ ਦਿੱਤਾ ਸੀ। ਸਾਡਾ ਘਰ ਇਕ ਤਰ੍ਹਾਂ ਨਾਲ ਉੱਜੜ ਗਿਆ ਸੀ ਅਤੇ ਇਸ ਸੰਕਟ ਦੀ ਘੜੀ ਵਿਚ ਮੈਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਮੈਂ ਡੀæਪੀæ ਆਈ ਕੋਲ ਮੁਕੱਦਮਾ ਦਰਜ ਕਰਕੇ ਸੰਘਰਸ਼ ਕਰਕੇ ਆਪਣਾ ਹੱਕ ਲਿਆ ਸੀ। ਇਸ ਗੱਲ ਦਾ ਮੈਨੂੰ ਪੂਰਾ ਮਾਣ ਹੈ। ਮੇਰੀ ਸ਼ਾਦੀ ਇਕ ਬਹੁਤ ਹੀ ਨੇਕ ਇਨਸਾਨ ਅਤੇ ਵਿਦਵਾਨ ਅਲੋਚਕ ਡਾ: ਸੁਰਜੀਤ ਸਿੰਘ ਭੱਟੀ ਨਾਲ ਹੋਈ, ਜਿਨ੍ਹਾਂ ਨੂੰ ਤੁਸੀਂ ਸਾਰੇ ਜਾਣਦੇ ਹੋ। ਮੇਰੀ ਅੱਜ ਦੀ ਮਿਲਣੀ ਦਾ ਸਬੱਬ ਵੀ ਉਨ੍ਹਾਂ ਦੀ ਬਦੌਲਤ ਹੀ ਬਣਿਆ ਹੈ। ਮੇਰੀ ਪੁਸਤਕ ਵਿਸ਼ੇਸ਼ਤਾ ਸਿੱਖ ਇਤਿਹਾਸ ਹੈ। ਪੰਜਾਬੀ ਯੂਨੀਵਰਸਿਟੀ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੇ ਪਸਾਰ ਲਈ ਬਹੁਤ ਕੰਮ ਕਰ ਰਹੀ ਹੈ ਅਤੇ ਪ੍ਰਵਾਸ ਵਿਚ ਤੁਹਾਡੇ ਵੱਲੋਂ ਪੰਜਾਬੀ ਸਾਹਿਤ ਲਈ ਕੀਤਾ ਜਾ ਰਿਹਾ ਕੰਮ ਕਾਬਿਲੇ ਤਾਰੀਫ਼ ਹੈ।
ਇਸ ਮੌਕੇ ਹਾਜ਼ਰ ਸਾਹਿਤਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਢੁੱਕਵੇਂ ਜਵਾਬ ਦਿੰਦਿਆਂ ਕਿਹਾ ਕਿ, ਜੇ ਕਰ ਬਾਬਾ ਨਾਨਕ ਅੱਜ ਇਸ ਦੁਨੀਆਂ ਵਿਚ ਆ ਜਾਏ ਤਾਂ ਧਾਹਾਂ ਮਾਰ ਕੇ ਰੋਵੇ ਕਿ ਜਿਸ ਸਮਾਜ ਦੀ ਕਲਪਨਾ ਮੈਂ ਕੀਤੀ ਸੀ ਉਹ ਕਿਸ ਤਰ੍ਹਾਂ ਦਾ ਹੋ ਗਿਐ? ਸਵਾਲਾਂ ਦਾ ਸਿਲਸਿਲਾ ਖ਼ਤਮ ਹੋਇਆ ਤਾਂ ਡਾ: ਭੱਟੀ ਨੇ ਬਹੁਤ ਹੀ ਸੁਰੀਲੀ ਅਵਾਜ਼ ਵਿਚ ਪੰਜਾਬੀ ਗੀਤ ਪੇਸ਼ ਕੀਤੇ। ਇਸ ਉਪਰੰਤ ਕਵੀ ਦਰਬਾਰ ਵਿਚ ਤਾਰਾ ਸਾਗਰ, ਪਿੰ੍ਰਸੀਪਲ ਹਜ਼ੂਰਾ ਸਿੰਘ, ਗੁਰਦੀਪ, ਗੁਲਸ਼ਨ ਦਿਆਲ, ਰੇਸ਼ਮ, ਜਗਜੀਤ ਨੌਸ਼ਿਹਰਵੀ, ਨੀਲਮ ਸੈਣੀ, ਸੁਰਿੰਦਰ ਸਿੰਘ ਸੀਰਤ, ਸੁਖਵਿੰਦਰ ਕੰਬੋਜ ਅਤੇ ਕੁਲਵਿੰਦਰ ਵਲੋਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਪ੍ਰੋਗਰਾਮ ਦੇ ਅੰਤ ‘ਤੇ ਡਾ: ਬਲਵਿੰਦਰ ਜੀਤ ਕੌਰ ਭੱਟੀ ਨੇ ਸਭ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ, ਮੇਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ, ਮੈਨੂੰ ਆਪ ਸਭ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ ਹੈ। ਇਸ ਪੂੰਜੀਵਾਦੀ ਯੁੱਗ ਵਿਚ ਤੁਸੀਂ ਸਭ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਮੈਨੂੰ ਮਿਲਣ ਆਏ ਹੋ, ਮੈਂ ਇਸ ਸ਼ਾਮ ਨੂੰ ਸਦਾ ਯਾਦ ਰੱਖਾਂਗੀ।
ਇਸ ਮੌਕੇ ਜੇ ਕੇ ਅਕੈਡਮੀ ਵੱਲੋਂ ਪ੍ਰਕਾਸ਼ਿਤ ਪੰਜਾਬੀ ਮੈਗਜ਼ੀਨ ‘ਸ਼ੀਰਾਜ਼ਾ’ ਦੇ ਪਿਛਲੇ ਚਾਰ ਅੰਕ ਲੋਕ ਅਰਪਣ ਕੀਤੇ ਗਏ। ਵਿਪਸਾਅ ਬੇ ਏਰੀਆ ਦੇ ਮੀਤ ਪ੍ਰਧਾਨ ਪ੍ਰੋ: ਸੁਰਿੰਦਰ ਸਿੰਘ ਸੀਰਤ ਨੇ ਇਸ ਮੈਗਜ਼ੀਨ ਦੇ ਸੰਪਾਦਕ ਪੋਪਿੰਦਰ ਸਿੰਘ ਪਾਰਸ ਦਾ ਇਸ ਉੱਦਮ ਲਈ ਵਿਸ਼ੇਸ਼ ਧੰਨਵਾਦ ਕੀਤਾ। ਇਸ ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਕੁਲਵਿੰਦਰ ਨੇ ਬਾਖ਼ੂਬੀ ਨਿਭਾਇਆ ਅਤੇ ਪ੍ਰੋ: ਬਲਜਿੰਦਰ ਸਿੰਘ, ਮਨਜੀਤ ਪਲੇਹੀ, ਲਾਜ ਸੈਣੀ ਅਤੇ ਡਾ: ਸਤਵਿੰਦਰ ਦਾ ਉਚੇਚੀ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ।