ਵਿਸ਼ਵ ਭਰ ਵਿਚੋਂ ਭਾਰਤ ‘ਚ ਔਰਤਾਂ ਦੀ ਖੁਦਕੁੱਸ਼ੀ ਦਰ ਸਭ ਤੋਂ ਵਧ

ladyਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਵਿਸ਼ਵ ਭਰ ਵਿਚ ਔਰਤਾਂ ਵੱਲੋਂ ਕੀਤੀਆਂ ਜਾਂਦੀਆਂ ਖੁਦਕੁੱਸ਼ੀਆਂ ਦੇ ਮਾਮਲੇ ਵਿਚ ਭਾਰਤ ਦਾ ਪਹਿਲਾ ਸਥਾਨ ਹੈ। ਹਰ ਤਿੰਨ ਔਰਤਾਂ ਪਿਛੇ ਇਕ ਭਾਰਤੀ ਔਰਤ ਖੁਦਕੁੱਸ਼ੀ ਕਰਦੀ ਹੈ। ਇਹ ਖੁਲਾਸਾ ਲਾਂਸੈਟ ਪਬਲਿਕ ਹੈਲਥ ਦੁਆਰਾ ਪ੍ਰਕਾਸ਼ਿਤ ਨਵੇਂ ਅਧਿਅਨ ਵਿਚ ਕੀਤਾ ਗਿਆ ਹੈ ਜਿਸ ਦੀ ਸਮੀਖਿਆ ਸਾਇੰਸਟਫਿਕ ਅਮੈਰੀਨਕ ਵੱਲੋਂ ਆਪਣੇ ਦਸੰਬਰ ਅੰਕ ਵਿਚ ਕੀਤੀ ਗਈ ਹੈ । ਲਾਂਸੈਟ ਪਬਲਿਕ ਹੈਲਥ ਦਾ ਅਧਿਅਨ ਭਾਰਤੀ ਮੂਲ ਦੇ ਕਲੀਨੀਕਲ ਪ੍ਰੋਫੈਸਰ ਰਾਖੀ ਡੋਡਨਾ ਦੁਆਰਾ ਕੀਤਾ ਗਿਆ ਹੈ। ਰਾਖੀ ਡੋਡਨਾ ਯੁਨੀਵਰਸਿਟੀ ਆਫ ਵਾਸ਼ਿੰਗਟਨ ਵਿਖੇ ਵਿਸ਼ਵ ਸਿਹਤ ਵਿਭਾਗ ਵਿਚ ਕੰਮ ਕਰ ਰਹੇ ਹਨ। ਪ੍ਰਕਾਸ਼ਿਤ ਰਿਪੋਰਟ ਵਿਚ 1990 ਤੋਂ 2016 ਤੱਕ ਭਾਰਤ ਵਿਚ ਔਰਤਾਂ ਦੁਆਰਾ  ਖੁਦਕੁੱਸ਼ੀ ਦਰ ਦੀ ਪੁਸ਼ਟੀ ਕਰਨ ਲਈ ਪ੍ਰੋ ਡੋਡਨਾ ਤੇ ਉਸ ਦੇ ਸਾਥੀਆਂ ਵੱਲੋਂ ਗਲੋਬਲ ਬਰਡਨ ਆਫ ਡਸੀਜ਼ ਸਟੱਡੀ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਸਿੱਟਾ ਕੱਢਿਆ ਗਿਆ ਹੈ ਕਿ ਭਾਰਤ ਵਿਚ ਹਰ ਸਾਲ 2,30,000 ਔਰਤਾਂ ਵੱਲੋਂ ਖੁਦਕੁੱਸ਼ੀਆਂ ਕੀਤੀਆਂ ਜਾਂਦੀਆਂ ਹਨ। ਭਾਰਤ ਦੀ ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੀ ਤੁਲਨਾ ਵਿਚ ਇਹ ਦਰ ਬਹੁਤ ਜਿਆਦਾ ਹੈ। ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਅਨੁਸਾਰ 2015 ਵਿਚ 1,33,623 ਔਰਤਾਂ ਨੇ ਖੁਦਕੁੱਸ਼ੀ ਕੀਤੀ। ਪਰੰਤੂ ਖੋਜ਼ੀਆਂ ਦਾ ਕਹਿਣਾ ਹੈ ਕਿ ਭਾਰਤ ਵਿਚ ਖੁਦਕੁੱਸ਼ੀ ਦੇ ਮਾਮਲਿਆਂ ਨੂੰ ਰਫਾ ਦਫਾ ਕਰਨਾ ਆਮ ਵਰਤਾਰਾ ਹੈ। ਪ੍ਰੋ ਡੋਡਨਾ ਅਨੁਸਾਰ ਭਾਰਤ ਵਿਚ ਔਰਤਾਂ ਦੁਆਰਾ ਖੁਦਕੁੱਸ਼ੀਆਂ ਦਾ ਕਾਰਨ ਔਰਤਾਂ ਦੀਆਂ ਖਾਹਿਸ਼ਾਂ ਤੇ ਸਮਾਜਿਕ ਕੱਟੜਤਾ ਵਿਚਾਲੇ ਟਕਰਾਅ ਹੈ। ਹਾਲਾਂ ਕਿ ਭਾਰਤ ਵਿਚ ਪਹਿਲਾਂ ਦੀ ਤੁਲਨਾ ਵਿਚ ਔਰਤਾਂ ਵਧੇਰੇ ਪੜ ਲਿਖ ਗਈਆਂ ਹਨ ਤੇ ਤੈਅਸ਼ੁੱਦਾ ਵਿਆਹਾਂ ਦੀ ਦਰ ਘਟੀ ਹੈ ਪਰੰਤੂ ਅਜੇ ਵੀ ਔਰਤਾਂ ਨੂੰ ਸਮਾਜ ਵਿਚ ਨੀਵਾਂ ਰੁਤਬਾ ਹਾਸਲ  ਹੈ। ਔਰਤਾਂ ਦੀ ਤਰੱਕੀ ਵਿਚ ਅੜਿਕੇ ਡਾਹੇ ਜਾਂਦੇ ਹਨ। ਪ੍ਰੋ ਡੋਡਨਾ ਨੇ ਆਪਣੀ ਰਿਪੋਰਟ ਵਿਚ ਇਹ ਵੀ ਖੁਲਾਸਾ ਕੀਤਾ ਹੈ ਕਿ ਭਾਰਤ ਦੇ ਉਤਰੀ ਰਾਜਾਂ ਦੀ ਤੁਲਨਾ ਵਿਚ ਦੱਖਣੀ ਰਾਜਾਂ ਵਿਚ ਔਰਤਾਂ ਵਧ ਖੁਦਕੁੱਸ਼ੀਆਂ ਕਰਦੀਆਂ ਹਨ। ਦੱਖਣ ਵਿਚ ਔਰਤਾਂ ਸਮਾਜਿਕ ਤੌਰ ਤੇ ਚੇਤਨ ਹੋਈਆਂ ਹਨ ਤੇ ਉਹ ਅਗੇ ਵਧੀਆਂ ਹਨ ਜਦ ਕਿ ਉਤਰੀ ਖੇਤਰ ਵਧੇਰੇ ਰਵਾਇਤੀ ਤੇ ਦਿਹਾਤੀ ਹੈ। ਉਤਰ ਵਿਚ ਬਹੁਤ ਘਟ ਔਰਤਾਂ ਖੁਦਕੁੱਸ਼ੀ ਕਰਦੀਆਂ ਹਨ ।