ਸਜਾ ਤੋਂ ਮੁਆਫੀ ਬਦਲੇ ਸਰੀਰਕ ਸਬੰਧ?

ਪੁਲਿਸ ਨੈਸ਼ਨਲ ਕੰਪਿਊਟਰ ਦੀ ਮਦਦ ਨਾਲ ਪੀੜਤ ਔਰਤਾਂ ਬਾਰੇ ਜਾਣਕਾਰੀ ਇਕੱਠੀ ਕਰ ਲੈਂਦਾ

ਲੰਡਨ, 16 ਜੂਨ (ਵਰਿੰਦਰ ਕੌਰ ਧਾਲੀਵਾਲ) – ਬ੍ਰਿਟੇਨ ਦੇ ਇਕ ਟ੍ਰੈਫਿਕ ਪੁਲਿਸ ਅਧਿਕਾਰੀ ਨੂੰ ਇਕ ਅਨੋਖੇ ਹੀ ਤਰਾਂ ਦੇ ਮਾਮਲੇ ਵਿਚ ਸਜਾ ਸੁਣਾਈ ਗਈ ਹੈ। ਉਸਦਾ ਜੁਰਮ ਜੋ ਸਾਹਮਣੇ ਆਇਆ ਹੈ ਉਹ ਹੈ ਕਿ ਸਰੀਰਕ ਸਬੰਧ ਬਨਾਉਣ ਦੇ ਬਦਲੇ ਸਜਾ ਦੀ ਮੁਆਫੀ ਦਿੰਦਾ ਸੀ। ਉਹ ਟ੍ਰੈਫਿਕ ਨਿਯਮ ਤੋੜਨ ਵਾਲੀਆਂ ਉਨ੍ਹਾਂ ਔਰਤਾਂ ਦੀ ਸਜਾ ਮੁਆਫ ਕਰ ਦਿੰਦਾ ਸੀ ਜੋ ਉਸ ਨਾਲ ਸਰੀਰਕ ਸਬੰਧ ਬਨਾਉਣ ਲਈ ਤਿਆਰ ਹੋ ਜਾਂਦੀਆਂ ਸਨ। ਕਾਰਡਿਫ ਕਰਾਊਨ ਕੋਰਟ ਨੇ 33 ਸਾਲਾ ਜੇਮੀ ਸਲੇਟਰ ਨੂੰ ਉਸਦੇ ਇਸ ਗਲਤ ਵਿਹਾਰ ਲਈ ਸਾਢੇ ਤਿੰਨ ਸਾਲ ਦੀ ਸਜਾ ਸੁਣਾਈ ਹੈ।
ਸਮਾਚਾਰ ਅਨੁਸਾਰ ਇਹ ਅਧਿਕਾਰੀ ਨਿਯਮ ਤੋੜ ਕੇ ਕਾਰ ਚਲਾ ਰਹੀਆਂ ਔਰਤਾਂ ਨੂੰ ਪਹਿਲਾਂ ਰੋਕਦਾ ਸੀ ਅਤੇ ਉਨ੍ਹਾ ਨੂੰ ਇਹ ਪੇਸ਼ਕਸ਼ ਕਰਦਾ ਸੀ ਕਿ ਜੇਕਰ ਉਹ ਉਸ ਨਾਲ ਸਰੀਰਕ ਸਬੰਧ ਬਨਾਉਣਗੀਆਂ ਤਾਂ ਉਹ ਉਨ੍ਹਾਂ ਨੂੰ ਜੁਰਮਾਨਾ ਨਹੀਂ ਲਗਾਵੇਗਾ ਜਾਂ ਕਿਸੇ ਤਰਾਂ ਦੀ ਸਜਾ ਨਹੀਂ ਦੇਵੇਗਾ। ਇਹ ਅਧਿਕਾਰੀ ਪੁਲਿਸ ਨੈਸ਼ਨਲ ਕੰਪਿਊਟਰ ਦੀ ਮਦਦ ਨਾਲ ਪੀੜਤ ਔਰਤਾਂ ਬਾਰੇ ਜਾਣਕਾਰੀ ਇਕੱਠੀ ਕਰ ਲੈਂਦਾ ਸੀ। ਜੇਮੀ ਦੇ ਪਰਿਵਾਰ ਵਿਚ ਪਤਨੀ ਅਤੇ ਦੋ ਬੱਚੇ ਹਨ। ਇਹ ਅਧਿਕਾਰੀ ਔਰਤਾਂ ਕੋਲੋਂ ਪਹਿਲਾਂ ਉਨ੍ਹਾਂ ਦੇ ਮੋਬਾਇਲ ਨੰਬਰ ਮੰਗਦਾ ਸੀ ਅਤੇ ਬਾਅਦ ਵਿਚ ਐਸ ਐਮ ਐਸ ਰਾਹੀਂ ਉਨ੍ਹਾਂ ਨੂੰ ਸਰੀਰਕ ਸਬੰਧਾਂ ਦੀ ਪੇਸ਼ਕਸ਼ ਕਰਦਾ ਸੀ। ਜੋ ਔਰਤਾਂ ਇਸ ਕੰਮ ਲਈ ਇਨਕਾਰ ਕਰ ਦਿੰਦੀਆਂ ਸਨ, ਬਾਅਦ ਵਿਚ ਉਹ ਉਨ੍ਹਾਂ ਨੂੰ ਪ੍ਰੇਸ਼ਾਨ ਕਰਦਾ ਸੀ। ਇਸ ਤਰਾਂ ਦੀ ਹਰਕਤ ਨਾਲ ਕਈ ਪੀੜਤਾਂ ਨੂੰ ਤਨਾਅ ਦੀ ਸਥਿਤੀ ਵਿਚੋਂ ਲੰਘਣਾ ਪਿਆ ਹੈ। ਜਿਸ ਨਾਲ ਸਾਊਥ ਵੇਲਸ ਦੀ ਪੁਲਿਸ ਵਿਚ ਲੋਕਾਂ ਦਾ ਵਿਸ਼ਵਾਸ ਵੀ ਘਟਿਆ ਹੈ। ਜਿਕਰਯੋਗ ਹੈ ਕਿ ਜੇਮੀ ਨੇ ਕਈ ਮਾਮਲਿਆਂ ਵਿਚ ਆਪਣਾ ਜੁਰਮ ਸਵੀਕਾਰ ਕਰ ਲਿਆ ਹੈ।