ਸਿੱਖ ਨਸਲਕੁਸ਼ੀ ਦੀ ਯਾਦ ਵਿੱਚ ਯੂਬਾ ਸਿਟੀ ਵਿੱਚ ਸਿੱਖ ਕੌਮ ਵੱਲੋਂ ਅਮਰੀਕਾ ਦਾ ਸਭ ਤੋਂ ਵੱਡਾ ਖੂਨਦਾਨ ਕੈਂਪ ਆਯੋਜਿਤ

ਯੂਬਾ ਸਿਟੀ , ਕੈਲੀਫੋਰਨੀਆ, 12 ਨਵੰਬਰ (ਹੁਸਨ ਲੜੋਆ ਬੰਗਾ) – ਹਰ ਸਾਲ ਯੂਬਾ ਸਿਟੀ ਕੈਲੀਫੋਰਨੀਆ ਵਿਖੇ ਕੀਤੇ ਜਾਣ ਵਾਲੇ ਨਗਰ ਕੀਰਤਨ ਦੌਰਾਨ ਸਿੱਖ ਕੌਮ ਵੱਲੋਂ ਸਿੱਖ ਨਸਲਕੁਸ਼ੀ 1984 ਦੀ ਯਾਦ ਵਿੱਚ ਖੂਨ ਦਾਨ ਕੈਂਪੇਨ ਵੀ ਚਲਾਈ ਜਾਂਦੀ ਹੈ।

ਇਸ ਸਾਲ 5 ਨਵੰਬਰ ਨੂੰ ਸਿਰਫ 5 ਘੰਟੇ ਦੇ ਸਮੇਂ ਵਿੱਚ ਹੀ ਲੱਗਭੱਗ 200 ਸਿੱਖ ਖੂਨਦਾਨ ਕਰਨ ਲਈ ਪਹੁੰਚੇ। ਕੁੱਲ 162 ਯੂਨਿਟ ਖੂਨ ਦੇ ਇਕੱਠੇ ਹੋਏ। ਅਮਰੀਕਾ ਦੀ ਬਲੱਡ ਸੋਰਸ ਦੀ ਵਲੰਟਰੀਅਰ ਅਨੁਸਾਰ ਤਿੰਨ ਸਾਲ ਪਹਿਲਾਂ ਅਸੀਂ ਦੋ ਬੱਸਾਂ ਲੈ ਕੇ ਆਏ ਸੀ ਸਿੱਖ ਕੌਮ ਦਾ ਉਤਸ਼ਾਹ ਦੇਖਦੇ ਹੋਏ ਦੂਸਰੇ ਸਾਲ ਤਿੰਨ ਬੱਸਾਂ, ਇਸ ਸਾਲ ਚਾਰ ਬੱਸਾਂ ਸਨ ਪਰ ਫੇਰ ਵੀ ਬਹੁਤ ਸਾਰੇ ਸਿੱਖ ਵੀਰ ਭੈਣਾਂ ਨੂੰ ਵਾਪਸ ਮੁੜਨਾ ਪਿਆ।ਸਿੱਖ ਕੌਮ ਦੀ ਖੂਨਦਾਨ ਮੁਹਿੰਮ ਦੇ ਵਲੰਟੀਅਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਦੂਸਰੇ ਦਿਨ ਵੀ ਬਹੁਤ ਸਾਰੇ ਸਿੱਖ ਵੀਰ ਭੈਣਾਂ ਪੁੱਛ ਰਹੇ ਸਨ ਕਿ ਖੂਨਦਾਨ ਕਿਥੇ ਹੋ ਰਿਹਾ ਹੈ।
ਇਸ ਵਾਰ ਸਿੱਖ ਨੌਜਵਾਨ ਬੀਬੀਆਂ ਬੱਚੇ ਵੱਡੀ ਗਿਣਤੀ ਵਿੱਚ ਖੂਨਦਾਨ ਕਰਨ ਆਏ। ਕੈਲੇਫੋਰਨੀਆਂ ਦੀ ਬਲੱਡ ਸੋਰਸ ਏਜੰਸੀ ਦੇ ਵਲੰਟੀਅਰਾਂ ਵੱਲੋਂ ਕਿਹਾ ਗਿਆ ਕਿ ਸਿੱਖ ਕੌਮ ਵੱਲੋਂ ਯੂਬਾ ਸਿਟੀ ਵਿੱਚ ਕੀਤਾ ਜਾਂਦਾ ਖੂਨ ਦਾਨ ਕੈਂਪ ਕੈਲੇਫੋਰਨੀਆਂ ਹੀ ਨਹੀਂ ਪੂਰੇ ਅਮਰੀਕਾ ਦਾ ਵੱਡਾ ਖੂਨਦਾਨ ਕੈਂਪ ਹੋ ਨਿਬੜਿਆ ਹੈ।ਇਨੇ ਘੱਟ ਸਮੇਂ ਵਿੱਚ ਇੱਕ ਦਿਨ ਵਿੱਚ ਅੱਜ ਤੱਕ ਅਮਰੀਕਾ ਵਿੱਚ ਕਿਤੇ ਵੀ ਖੂਨ ਦਾਨ ਨਹੀਂ ਹੋਇਆ।ਬਲੱਡ ਸੋਰਸ ਏਜੰਸੀ ਵੱਲੋਂ ਸਿੱਖ ਕੌਮ ਦੀ ਵੱਖਰੀ ਪਹਿਚਾਣ ਲਈ ‘ਸਿੱਖ 1984’ ਨਾਂ ਦੀ ਆਈæਡੀ ਵੀ ਜਾਰੀ ਕੀਤੀ ਗਈ ਹੈ। ਜਦੋਂ ਵੀ ਕੋਈ ਸਿੱਖ ਖੂਨਦਾਨ ਕਰਦਾ ਹੈ ਤਾਂ ਇਸ ਆਈæਡੀæ ਥੱਲੇ ਖੂਨਦਾਨ ਕਰੇ ਤਾਂ ਉਹ ਸਿੱਖ ਕੌਮ ਦੇ ਖੂਨਦਾਨ ਦੇ ਖਾਤੇ ਵਿੱਚ ਪੈ ਜਾਂਦਾ ਹੈ।
ਨਵੰਬਰ 84 ਦੀ ਨਸਲਕੁਸ਼ੀ ਦਾ ਪੈਂਫਲੈਟ ਪੜ੍ਹਕੇ ਹੋਰ ਕੌਮਾਂ ਦੇ ਲੋਕ ਵੀ ਖੂਨਦਾਨ ਕਰਕੇ ਗਏ। ਉਨ੍ਹਾਂ ਨੇ ਇਸ ਖੂਨਦਾਨ ਕੈਂਪੇਨ ਦੀ ਸ਼ਾਲਾਘਾ ਕੀਤੀ। ਇਸ ਕੈਂਪੇਨ ਦੇ ਵਲੰਟਰੀਅਰ ਸੁਨੀਲ ਕੁਮਾਰ ਨੇ ਕਿਹਾ ਨਵੰਬਰ 1984 ਦੀ ਨਸਲਕੁਸ਼ੀ ਵਿਰੁੱਧ ਇਸ ਕੈਂਪੇਨ ਦਾ ਮਕਸਦ ਹੀ ਸਰਬੱਤ ਦਾ ਭਲਾ ਹੈ। ਉਨ੍ਹਾਂ ਕਿਹਾ ਕਿ, ਜਿਵੇਂ 84 ਵਿੱਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਸੀ ਉਹ ਦੁਬਾਰਾ ਨਾ ਵਾਪਰੇ ਅਤੇ ਕਿਸੇ ਹੋਰ ਕੌਮ ਨੂੰ ਵੀ ਅਜਿਹੇ ਦੁਖਾਂਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਲਈ ਦੁਨੀਆ ਵਿੱਚ ਜਿਥੇ ਵੀ ਨਸਲਕੁਸ਼ੀ ਹੁੰਦੀ ਤਾਂ ਸਾਨੂੰ ਸਭ ਨੂੰ ਉਸ ਵਿਰੁੱਧ ਬੋਲਣਾ ਚਾਹੀਦਾ ਹੈ।ਇਸ ਕੈਪੇਨ ਦੇ ਵਲੰਟਰੀਅਰਾਂ ਨੇ ਯੂਬਾ ਸਿਟੀ ਗੁਰਦਵਾਰੇ ਦੇ ਪ੍ਰਬੰਧਕਾਂ ਦਾ ਵੀ ਧੰਨਵਾਦ ਕੀਤਾ ਜੋ ਕਿ ਪਿਛਲੇ ਸਾਲਾਂ ਤੋਂ ਲਗਾਤਾਰ ਸਹਿਯੋਗ ਦਿੰਦੇ ਆ ਰਹੇ ਹਨ।