ਭਾਰਤ-ਪਾਕਿ ਜੰਗ ਨਾਲ ਪੰਜਾਬ ਤੇ ਸਿੱਖਾਂ ਦੀ ਹੋ ਸਕਦੀ ਏ ਤਬਾਹੀ

ਅਮਰੀਕਾ ਨੂੰ ਦਖਲਅੰਦਾਜ਼ੀ ਦੇਣ ਨੂੰ ਕਿਹਾ

jangਵਾਸਿੰਗਟਨ ( ਹੁਸਨ ਲੜੋਆ ਬੰਗਾ) – ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਯੂਐਸਏ ਦੇ ਪ੍ਰਧਾਨ ਸਵਰਨਜੀਤ ਸਿੰਘ ਖਾਲਸਾ ਨੇ ਕਿਹਾ ਕਿ ਭਾਰਤ-ਪਾਕਿ ਵਿਚਾਲੇ ਲੜਾਈ ਦੇ ਆਸਾਰ ਬਣਦੇ ਜਾ ਰਹੇ ਹਨ, ਜੋ ਕਿ ਪੂਰੇ ਵਿਸ਼ਵ ਨੂੰ ਤੀਸਰੀ ਵਿਸ਼ਵ ਜੰਗ ਵਲ ਧਕੇਲ ਸਕਦੀ ਹੈ। ਰੂਸ ਤੇ ਅਮਰੀਕਾ ਦਾ ਤਣਾਅ ਪਹਿਲਾਂ ਹੀ ਸੁਰਖੀਆਂ ਬਣਿਆ ਹੋਇਆ ਹੈ। ਦੁਨੀਆਂ ਦੇ ਦੇਸਾਂ ਨੂੰ ਇਸ ਸੰਬੰਧ ਵਿਚ ਵਿਸ਼ਵ ਸ਼ਾਂਤੀ ਦੇ ਲਈ ਇਹ ਜੰਗ ਰੋਕਣੀ ਚਾਹੀਦੀ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਇਸ ਲੜਾਈ ਦਾ ਸਭ ਤੋਂ ਵੱਡਾ ਨੁਕਸਾਨ ਦੋਹਾਂ ਪੰਜਾਬਾਂ ਨੂੰ ਹੋਵੇਗਾ, ਜਿੱਥੇ ਗੁਰੂ ਨਾਨਕ ਸਾਹਿਬ ਦੀ ਵਿਰਾਸਤ, ਗੁਰਦੁਆਰੇ ਅਤੇ ਸ਼ਰਧਾਲੂ ਮੌਜੂਦ ਹਨ। ਇਸ ਧਰਤੀ ਤੋਂ ਹੀ ਗੁਰੂ ਨਾਨਕ ਸਾਹਿਬ ਨੇ ਅਮਨ ਦਾ ਸੰਦੇਸ਼ ਦਿੱਤਾ ਸੀ ਤੇ ਕਰਤਾਰਪੁਰ ਖੁੱਲ੍ਹਾ ਲਾਂਘਾ ਇਸੇ ਗੱਲ ਦਾ ਪ੍ਰਗਟਾਵਾ ਹੈ। ਉਨ੍ਹਾਂ ਦੋਹਾਂ ਦੇਸਾਂ ਨੂੰ ਅਪੀਲ ਕੀਤੀ ਕਿ ਉਹ ਜੰਗ ਲੜਨ ਦੀ ਬਜਾਏ ਵਿਸ਼ਵ ਸ਼ਾਂਤੀ ਦਾ ਸੁਨੇਹਾ ਦੇਣ ਵਾਲੇ ਗੁਰੂ ਨਾਨਕ ਸਾਹਿਬ ਦੀ ਵਿਰਾਸਤ ਨੂੰ ਕਾਇਮ ਰੱਖਦਿਆਂ ਕਰਤਾਰਪੁਰ ਖੁੱਲ੍ਹੇ ਲਾਂਘੇ ਲਈ ਯਤਨ ਕਰਨ ਤੇ ਕਰਤਾਰਪੁਰ ਗੁਰਦੁਆਰੇ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਿਵਖੇ ਆਪਸੀ ਮੀਟਿੰਗ ਕਰਕੇ ਇਸ ਮੱਸਲੇ ਨੂੰ ਨਿਪਟਾ ਕੇ ਦੁਨੀਆਂ ਨੂੰ ਅਮਨ ਦੀ ਰੌਸ਼ਨੀ ਦੇਣ। ਉਨ੍ਹਾਂ ਕਿਹਾ ਕਿ ਅੱਤਵਾਦ ਤੇ ਹਿੰਸਾ ਕਿਸੇ ਮੱਸਲੇ ਦਾ ਹੱਲ ਨਹੀਂ, ਪਰ ਸਰਕਾਰਾਂ ਤੇ ਰਾਜਨੀਤਕ ਪਾਰਟੀਆਂ ਨੂੰ ਆਪਣੀ ਸੱਤਾ ਦੀ ਭੁੱਖ ਤਿਆਗ ਕੇ ਸਾਰੀਆਂ ਸਮੱਸਿਆਵਾਂ ਤੇ ਅੱਤਵਾਦ ਦੇ ਮੱਸਲੇ ਸਟੇਟ ਦੇ ਡੰਡੇ ਤੇ ਫੌਜੀ ਹੱਲ ਵਿਚੋਂ ਲੱਭਣ ਦੀ ਬਜਾਏ ਸੰਵਾਦ ਰਾਹੀਂ ਹੱਲ ਕਰਨੇ ਚਾਹੀਦੇ ਹਨ ਤੇ ਇਮਾਨਦਾਰੀ ਨਾਲ ਇਸ ਦਾ ਹੱਲ ਢੂੰਡਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ, ਜੇਕਰ ਦੋਵਾਂ ਦੇਸ਼ਾਂ ਦੀ ਕੋਈ ਵੀ ਸੰਭਾਵੀ ਲੜਾਈ ਹੋਈ ਤਾਂ ਬਹੁਤ ਤਬਾਹਕੁੰਨ ਅਤੇ ਮਾਰੂ ਸਾਬਤ ਹੋਵੇਗੀ, ਕਿਉਂਕਿ ਦੋਵੇਂ ਦੇਸ ਪ੍ਰਮਾਣੂ ਹਥਿਆਰਾਂ ਨਾਲ ਲੈਸ ਹਨ। ਜੋ ਤਬਾਹੀ ਹੋਵੇਗੀ, ਉਸ ਤੋਂ ਬਾਅਦ ਉਸ ਦਾ ਹੱਲ ਲੱਭਣਾ ਬਹੁਤ ਮੁਸ਼ਕਲ ਹੋਵੇਗਾ। ਲੋਕ ਮਾਰੇ ਵੀ ਜਾਣਗੇ, ਬੇਘਰ ਵੀ ਹੋਣਗੇ ਤੇ ਭੁੱਖਮਰੀ ਵੀ ਫੈਲੇਗੀ। ਉਨ੍ਹਾਂ ਕਿਹਾ ਕਿ ਦੋਵੇਂ ਦੇਸ ਗਰੀਬ ਹਨ ਤੇ ਇਸ ਲਈ ਉਨ੍ਹਾਂ ਨੂੰ ਵਿਕਾਸ ਦੇ ਲਈ ਆਪਸੀ ਤਣਾਅ ਗੱਲਬਾਤ ਰਾਹੀਂ ਹੱਲ ਕਰਨਾ ਚਾਹੀਦਾ ਹੈ। ਖਾਲਸਾ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਡਰਾਉਣੀ ਸਥਿਤੀ ਬਣੀ ਹੋਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਉਥੇ ਕੁਝ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਨੂੰ ਅਪੀਲ ਕਰਦੇ ਹਨ ਕਿ ਦੋਹਾਂ ਦੇਸਾਂ ਵਿਚ ਜੰਗ ਰੋਕਣ ਦੇ ਲਈ ਆਪਣੀ ਦਖਲਅੰਦਾਜ਼ੀ ਦੇਣ, ਕਿਉਂਕਿ ਇਸ ਜੰਗ ਵਿਚ ਪੰਜਾਬ ਵਿਚ ਸਥਾਪਤ ਬਹੁਗਿਣਤੀ ਸਿੱਖ ਕੌਮ ਦੇ ਉੱਜੜਨ ਤੇ ਖਤਮ ਹੋਣ ਦਾ ਖਤਰਾ ਵੱਧ ਗਿਆ ਹੈ।