ਦੇਕਰੇਤੋ ਫਲੂਸੀ ਬੰਦ!

 ਹੋਰ ਲੋੜ ਨਹੀਂ – ਲੇਬਰ ਮੰਤਰਾਲੇ

ਰੋਮ (ਇਟਲੀ) (ਵਰਿੰਦਰ ਕੌਰ ਧਾਲੀਵਾਲ) – ਵਿਦੇਸ਼ੀ ਕਾਮਿਆਂ ਨੂੰ ਇਟਲੀ ਬੁਲਾਉਣ ਲਈ ਕਾਰਜਸ਼ੀਲ ਕਾਨੂੰਨ ਦੇਕਰੇਤੋ ਫਲੂਸੀ ਤੇ ਲੇਬਰ ਮੰਤਰਾਲੇ ਵੱਲੋਂ ਪੱਕਾ ਰਵੱਈਆ ਨਾ ਅਪਣਾਉਂਦਿਆਂ ਰੋਕ ਲਗਾਉਣ ਦਾ ਫੈਸਲਾ ਲਿਆ ਗਿਆ ਹੈ। ਲੇਬਰ ਮੰਤਰਾਲੇ ਦੇ ਇਮੀਗ੍ਰੇਸ਼ਨ ਡਾਇਰੈਕਟਰ ਨਤਾਲੇ ਫੋਰਲਾਨੀ ਅਨੁਸਾਰ ਇਟਲੀ ਵਿਚ ਪਹਿਲਾਂ ਤੋਂ ਹੀ ਵਿਦੇਸ਼ੀਆਂ ਦੀ ਭੀੜ ਬਹੁਤ ਹੋ ਚੁੱਕੀ ਹੈ ਅਤੇ ਪੱਕੇ ਤੌਰ ‘ਤੇ ਰਹਿੰਦੇ ਵਿਦੇਸ਼ੀਆਂ ਦੀ ਨਿਵਾਸ ਆਗਿਆ ਬੇਰੁਜਕਾਰੀ ਕਾਰਨ ਖਤਰੇ ਵਿਚ ਪੈ ਚੁੱਕੀ ਹੈ, ਇਸ ਲਈ ਹੋਰ ਵਿਦੇਸ਼ੀਆਂ ਲਈ ਦੇਕਰੇਤੋ ਫਲੂਸੀ ਲਾਗੂ ਨਹੀਂ ਕੀਤਾ ਜਾ ਸਕਦਾ। ਫੋਰਲਾਨੀ ਨੇ ਕਿਹਾ ਕਿ, ਬਹੁਤ ਲੋਕਾਂ ਨੂੰ ਇਸ ਫੈਸਲੇ ਨਾਲ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਲੇਬਰ ਮੰਤਰਾਲੇ ਇਟਲੀ ਵਿਚ ਇਮੀਗ੍ਰੇਸ਼ਨ, ਕੰਮਕਾਜੀ ਹਾਲਾਤ, ਵਿਦੇਸ਼ੀ ਕਰਮਚਾਰੀਆਂ ਦੀ ਲੋੜ ਅਤੇ ਉਨ੍ਹਾਂ ਵੱਲੋਂ ਤਜੁਰਬੇਕਾਰ ਕੰਮਾਂ ਵਿਚ ਸ਼ਮੂਲੀਅਤ ਦਾ ਨਿਰੀਖਣ ਕਰਦਾ ਹੈ। ਇਸੇ ਨਿਰੀਖਣ ਦੇ ਅਧਾਰ ‘ਤੇ ਤੈਅ ਕੀਤਾ ਗਿਆ ਹੈ ਕਿ ਇਸ ਆਉਂਦੇ ਸਾਲ ਦੇਕਰੇਤੋ ਫਲੂਸੀ ‘ਤੇ ਰੋਕ ਲਾ ਦਿੱਤੀ ਜਾਵੇ। ਬੀਤੇ ਸਾਲ ਸਰਕਾਰ ਨੇ 1 ਲੱਖ ਵਿਦੇਸ਼ੀਆਂ ਲਈ ਰਾਹ ਪੱਧਰਾ ਕੀਤਾ ਸੀ ਪਰ ਇਸ ਸਾਲ ਸਰਕਾਰ ਨੇ ਆਪਣਾ ਵਿਚਾਰ ਬਦਲਣ ਦਾ ਫੈਸਲਾ ਕੀਤਾ ਹੈ। ਘੋਖ ਕਰਤਾਵਾਂ ਦਾ ਕਹਿਣਾ ਹੈ ਕਿ ਸਰਕਾਰ ਹੁਣ ਬਾੱਡਰ ਖੋਲ੍ਹਣ ਦੇ ਹੱਕ ਵਿਚ ਨਹੀਂ ਹੈ ਅਤੇ ਦੇਕਰੇਤੋ ਫਲੂਸੀ ‘ਤੇ ਲੱਗੀ ਰੋਕ ਹੋ ਸਕਦਾ ਹੈ ਸਾਲ 2013 ਵਿਚ ਵੀ ਲਾਗੂ ਰਹੇ। ਡਾਇਰੈਕਟਰ ਫੋਰਲਾਨੀ ਨੇ ਸਪਸ਼ਟ ਕੀਤਾ ਕਿ ਇਟਲੀ ਵਿਚ 2 ਲੱਖ 80 ਹਜਾਰ ਬੇਰੁਜਗਾਰ ਵਿਦੇਸ਼ੀ ਇਮੀਗ੍ਰਾਂਟ ਹਨ, ਜਿਨ੍ਹਾਂ ਵਿਚੋਂ ਤਕਰੀਬਨ ਅੱਧਿਆਂ ਨੂੰ ਸਹਾਇਤਾ ਭੱਤਾ ਵੀ ਪ੍ਰਦਾਨ ਕਰਵਾਇਆ ਜਾ ਰਿਹਾ ਹੈ ਜੋ ਕਿ ਸਰਕਾਰੀ ਖਜਾਨੇ ‘ਤੇ ਵੱਖਰਾ ਬੋਝ ਮੰਨਿਆ ਜਾ ਰਿਹਾ ਹੈ। ਸਤਰਾਨੇਰੀ ਇਨ ਇਤਾਲੀਆ ਨਾਲ ਨਿੱਜੀ ਤੌਰ ‘ਤੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਖੁਲਾਸਾ ਕੀਤਾ ਕਿ ਜੇ ਇਨ੍ਹਾਂ ਬੇਰੁਜਗਾਰ ਵਿਦੇਸ਼ੀਆਂ ਨੂੰ ਜਲਦ ਕੰਮ ਨਾ ਪ੍ਰਾਪਤ ਹੋਇਆ ਤਾਂ ਕਾਨੂੰਨ ਅਨੁਸਾਰ ਇਨ੍ਹਾਂ ਦੀ ਨਿਵਾਸ ਆਗਿਆ ਬਰਖਾਸਤ ਹੋ ਜਾਵੇਗੀ ਅਤੇ ਇਨ੍ਹਾਂ ਨੂੰ ਮਜਬੂਰੀਵਸ ਦੇਸ਼ ਵੀ ਛੱਡਣਾ ਪਵੇਗਾ। ਸਰਕਾਰ ਕੌਸ਼ਿਸ ਕਰ ਰਹੀ ਹੈ ਕਿ ਰੁਜਗਾਰ ਮੰਤਰਾਲੇ ਜਰੀਏ ਇਨ੍ਹਾਂ ਨੂੰ ਕੰਮ ਪ੍ਰਦਾਨ ਕਰਵਾਏ ਜਾਣ ਪਰ ਕੰਮਕਾਜੀ ਹਾਲਾਤ ਮਾੜੇ ਹੋਣ ਕਰ ਕੇ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਆਉਣ ਵਾਲੇ ਸਮੇਂ ਵਿਚ ਮਾਈਗ੍ਰੇਸ਼ਨ ਦਾ ਲਾਭ ਸਿਰਫ ਉੱਚ ਤਜੁਰਬੇਕਾਰ, ਉਚ ਸਿੱਖਿਆ ਪ੍ਰਾਪਤ ਅਤੇ ਖਾਸ ਕੰਮਾਂ ਜਾਂ ਟ੍ਰੇਨਿੰਗ ਪ੍ਰੋਗਰਾਮਾਂ ਤਹਿਤ ਹੀ ਵਿਦੇਸ਼ੀ ਲੈ ਸਕਣਗੇ। ਸਿਰਫ ਉਨ੍ਹਾਂ ਵਿਦੇਸ਼ੀਆਂ ਨੂੰ ਇਟਲੀ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਿਨ੍ਹਾਂ ਕੋਲ ਉੱਚ ਸਿੱਖਿਆ ਜਾਂ ਖਾਸ ਕੰਮਕਾਜੀ ਤਜੁਰਬਾ ਹੋਵੇ। ਉਨ੍ਹਾਂ ਕਿਹਾ ਕਿ ਦੇਕਰੇਤੋ ਫਲੂਸੀ ਦਾ ਸਹਾਰਾ ਲੈ ਵਿਦੇਸ਼ੀ ਇਟਲੀ ਵਿਚ ਦਾਖਲ ਤਾਂ ਹੁੰਦੇ ਹਨ, ਪਰ ਸਮਾਂ ਲੰਘਣ ਉਪਰੰਤ ਵਾਪਸ ਨਹੀਂ ਪਰਤਦੇ। ਜਿਸ ਕਾਰਨ ਗੈਰਕਾਨੂੰਨੀ ਇਮੀਗ੍ਰੇਸ਼ਨ ਵਿਚ ਵਾਧਾ ਹੁੰਦਾ ਰਿਹਾ ਹੈ। ਗੈਰਕਾਨੂੰਨੀ ਇਮੀਗ੍ਰੇਸ਼ਨ ਨਾਲ ਨਿਪਟਣ ਲਈ ਦੇਕਰੇਤੋ ਫਲੂਸੀ ‘ਤੇ ਰੋਕ ਲਾਉਣੀ ਢੁੱਕਵਾਂ ਕਦਮ ਹੋਵੇਗਾ।