ਕਾਤਨਜ਼ਾਰੋ ਤੋਂ ਤਿੰਨ ਗੈਰਕਾਨੂੰਨੀ ਭਾਰਤੀ ਗ੍ਰਿਫ਼ਤਾਰ

ਕਾਤਨਜ਼ਾਰੋ (ਇਟਲੀ) 1 ਅਪ੍ਰੈਲ (ਸੰਧੂ ਧਾਲੀਵਾਲ) – ਤਿੰਨ ਗੈਰਕਾਨੂੰਨੀ ਭਾਰਤੀਆਂ ਨੂੰ ਦਾਵੋਲੀ ਦੀ ਕਾਰਾਬਿਨੀਏਰੀ ਯੂਨਿਟ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਨੂੰ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਲਈ ਵਿੱਢੇ ਗਏ ਮਿਸ਼ਨ ਤਹਿਤ ਕੀਤੀ ਜਾ ਰਹੀ ਜਾਂਚ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਤਿੰਨੇ ਭਾਰਤੀ ਜਾਂਚ ਦੌਰਾਨ ਬਿਨਾਂ ਪੇਪਰਾਂ ਤੋਂ ਪਾਏ ਗਏ। ਇਨ੍ਹਾਂ ਦੀ ਉਮਰ ਕ੍ਰਮਵਾਰ 22, 35 ਅਤੇ 38 ਸਾਲ ਦੀ ਸੀ। ਇਹ ਸੰਨ ਸੋਸਤੇਨੇ ਦੇ ਰਹਿਣ ਵਾਲੇ ਸਨ। ਜਾਣਕਾਰੀ ਅਨੁਸਾਰ ਇਨ੍ਹਾਂ ਨੂੰ ਇਸੇ ਕਾਰਾਬਿਨੀਏਰੀ ਟੀਮ ਵੱਲੋਂ ਪਹਿਲਾਂ ਵੀ ਦੇਸ਼ ਨਿਕਾਲਾ ਦਿੱਤਾ ਗਿਆ ਸੀ। ਇਸ ਮੁਹਿੰਮ ਦੌਰਾਨ ਇਸ ਖੇਤਰ ਵਿਚੋਂ ਬੀਤੇ ਦਿਨੀਂ ਬਿਨਾਂ ਪੇਪਰਾਂ ਤੋਂ 70 ਅਤੇ 41 ਸਾਲਾ ਦੋ ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਜੋ ਕਿ ਦਾਵੋਲੀ ਦੇ ਰਹਿਣ ਵਾਲੇ ਸਨ।