ਰੋਮ ਵਿਖੇ ਪੰਜਾਬੀ ਨੌਜਵਾਨ ’ਤੇ ਨਸਲੀ ਹਮਲਾ

ਸੰਧੂ ਹਰਜਿੰਦਰ ਸਿੰਘ ਕੰਮ ’ਤੇ ਜਾਂਦਾ ਹੋਇਆ ਹਾਦਸੇ ਦਾ ਸਿ਼ਕਾਰ
‘ਹਮਲਾਵਰਾਂ ਨੇ ਮੰਗੀ ਸਿਗਰਟ, ਨਾਂਹ ਕਰਨ ’ਤੇ ਕੀਤਾ ਜਾਨਲੇਵਾ ਹਮਲਾ’–ਸੰਧੂ

ਰੋਮ, 16 ਜੂਨ (ਬਿਊਰੋ) – ਇਕ ਪੰਜਾਬੀ ਨੌਜਵਾਨ ਨੂੰ ਰੋਮ ਦੇ ਤੋਰ ਬੇਲਾ ਮੋਨੇਕਾ ਖੇਤਰ ਵਿਚ ਸ਼ਰਾਰਤੀ ਅਨਸਰਾਂ ਨੇ ਲਹੂ-ਲੁਹਾਣ ਕਰ ਦਿੱਤਾ। ਇਹ ਹਮਲਾ ਨਸਲੀ ਭੇਦ-ਭਾਵ ਤੋਂ ਪ੍ਰੇਰਿਤ ਸੀ। 32 ਸਾਲਾ ਹਰਜਿੰਦਰ ਸਿੰਘ ਜੋ ਕਿ ਸਬਜੀ ਦੀ ਦੁਕਾਨ ਅਤੇ ਅੱਧੇ ਦਿਨ ਲਈ ਘਰੇਲੂ ਸਹਾਇਕ ਵਜੋਂ ਕੰਮ ਕਰਦਾ ਹੈ, ਨੇ ਇਸ ਹਮਲੇ ਦਾ ਸਿ਼ਕਾਰ ਹੋਇਆ ਨੇ ਖੁਲਾਸਾ ਕੀਤਾ ਕਿ ਕੱਲ ਸਵੇਰੇ ਤਕਰੀਬਨ 03:00 ਵਜੇ ਵਿਆਲੇ ਕੁਆਗਲੀਆ ’ਤੇ ਬੱਸ ਦੀ ਉਡੀਕ ਕਰ ਰਿਹਾ ਸੀ। ਜਦੋਂ ਉਸ ਦੇ ਨਜਦੀਕ ਇਕ ਕਾਰ ਆ ਕੇ ਰੁਕੀ ਜਿਸ ਵਿਚ ਤਕਰੀਬਨ 5 ਇਟਾਲੀਅਨ ਲੜਕੇ ਸਵਾਰ ਸਨ।
ਕਾਰ ਵਿਚੋਂ ਉਤਰ ਕੇ ਦੋ ਨੌਜਵਾਨਾਂ ਨੇ ਉਸ ਕੋਲੋਂ ਸਿਗਰਟ ਮੰਗੀ। ਜਦੋਂ ਸੰਧੂ ਨੇ ਕਿਹਾ ਕਿ, ਉਹ ਸਿਗਰਟ ਨਹੀਂ ਪੀਂਦਾ ਤਾਂ ਉਨ੍ਹਾਂ ਨੇ ਹਰਜਿੰਦਰ ਨੂੰ ਮਾਰਨਾ ਸ਼ਰੂ ਕਰ ਦਿੱਤਾ। ‘ਸਤਰਾਨੇਰੀ ਇਨ ਇਤਾਲੀਆ’ ਨਾਲ ਖੁਲਾਸਾ ਕਰਦਿਆਂ ਹਰਜਿੰਦਰ ਨੇ ਭਰੇ ਮਨ ਨਾਲ ਕਿਹਾ ਕਿ ਉਨ੍ਹਾਂ ਇਟਾਲੀਅਨ ਲੜਕਿਆਂ ਨੇ ਉਸ ਨੂੰ ਜਮੀਨ ’ਤੇ ਸੁੱਟ ਕੇ ਬੜੀ ਬੇਰਹਿਮੀ ਨਾਲ ਮਾਰਿਆ ਅਤੇ ਇਸ ਹੁੰਦੀ ਕੁੱਟਮਾਰ ਨੂੰ ਦੇਖ ਨੇੜੇ ਖੜੇ ਲੋਕਾਂ ਨੇ ਕੋਈ ਮਦਦ ਨਹੀਂ ਕੀਤੀ ਪਰ ਦੂਰੋਂ ਦੇਖਦੇ ਇਕ ਇਟਾਲੀਅਨ ਵਿਅਕਤੀ ਨੇ ਐਂਬੂਲੈਂਸ ਨੂੰ ਫੋਨ ਕੀਤਾ। ਜਿਸ ਨੇ ਹਰਜਿੰਦਰ ਨੂੰ ਤੋਰ ਵੇਰਗਾਤਾ ਦੇ ਹਸਪਤਾਲ ਵਿਚ ਪਹੁੰਚਾਇਆ।
ਹਰਜਿੰਦਰ ਸਿੰਘ ਤੋਰ ਵੇਰਗਾਤਾ ਹਸਪਤਾਲ ਵਿਚ ਜੇਰੇ ਇਲਾਜ ਹੈ। ਡਾਕਟਰਾਂ ਨੇ ਉਸ ਦੀ ਜਾਂਚ ਕਰਨ ਉਪਰੰਤ ਸਪਸ਼ਟ ਕੀਤਾ ਕਿ ਉਸ ਦੀ ਸੱਜੀ ਲੱਤ ਪੱਟ ਕੋਲੋਂ ਟੁੱਟ ਗਈ ਹੈ ਅਤੇ ਸੰਧੂ ਦੀ ਹਾਲਤ ਗੰਭੀਰ ਹੈ। ਪੁਲਿਸ ਵੱਲੋਂ ਰਿਪੋਰਟ ਲਿਖਣ ਤੋਂ ਇਲਾਵਾ ਅਜੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ। ਹਰਜਿੰਦਰ ਸਿੰਘ ਪਿਛਲੇ 5 ਸਾਲਾਂ ਤੋਂ ਇਟਲੀ ਵਿਚ ਰਹਿ ਰਿਹਾ ਹੈ। ਹਸਪਤਾਲ ਵਿਚ ਜੇਰੇ ਇਲਾਜ ਹਰਜਿੰਦਰ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਤੇ ਨਾਂ ਹੀ ਉਹ ਕਿਸੇ ਨਾਲ ਲੜਿਆ ਹੈ। ਉਹ ਤਾਂ ਆਪਣੇ ਕੰਮ ’ਤੇ ਜਾ ਰਿਹਾ ਸੀ। ਉਸਦਾ ਕਹਿਣਾ ਹੈ ਕਿ ਅਜਿਹਾ ਉਸ ਨਾਲ ਵਿਦੇਸ਼ੀ ਹੋਣ ਕਾਰਨ ਹੋਇਆ।   
ਇਸ ਹਾਦਸੇ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਸ: ਹਰਬਿਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਅਤੇ ਨਾਂ ਹੀ ਆਖਿਰੀ ਵਾਰ ਹੈ, ਕਿਉਂਕਿ ਬੀਤੇ ਲੰਬੇ ਸੰਮੇਂ ਤੋਂ ਭਾਰਤੀ, ਪਾਕਿਸਤਾਨੀ, ਬੰਗਲਾਦੇਸ਼ੀ ਵੱਡੀ ਗਿਣਤੀ ’ਚ ਰੋਮ ਸ਼ਹਿਰ ਦੇ ਇਸ ਹਿੱਸੇ ਵਿਚ ਨਸਲੀ ਭੇਦ ਭਾਵ ਦਾ ਸਿ਼ਕਾਰ ਹੋ ਰਹੇ ਹਨ। ਪੁਲਿਸ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਸਖਤ ਕਾਰਵਾਈ ਕਰਦਿਆਂ ਇਸ ਖੇਤਰ ਦੇ ਵਿਦੇਸ਼ੀਆਂ ਲਈ ਸੁਰੱਖਿਆ ਨਿਸ਼ਚਤ ਕਰੇ। ਜਿਕਰਯੋਗ ਹੈ ਕਿ ਬੀਤੇ ਸਾਲ ਇਸੇ ਖੇਤਰ ਵਿਚ ਇਕ ਪਾਕਿਸਤਾਨੀ ਪਰਿਵਾਰ ’ਤੇ ਹਮਲਾ ਹੋਇਆ ਸੀ। ਜਿਸ ਵਿਚ ਗਰਭਵਤੀ ਪਾਕਿਸਤਾਨੀ ਔਰਤ ਦਾ ਬੱਚਾ ਗਰਭ ਵਿਚ ਮਰ ਗਿਆ ਸੀ ਅਤੇ ਉਸ ਦਾ ਪਤੀ ਕਈ ਦਿਨ ਕੋਮਾ ਵਿਚ ਰਹਿਣ ਉਪਰੰਤ ਹੁਣ ਬਿਮਾਰਾਂ ਵਾਲੀ ਜਿੰਦਗੀ ਬਤੀਤ ਕਰ ਰਿਹਾ ਹੈ, ਕਿਉਂਕਿ ਉਹ ਲੰਬੇ ਸਮੇਂ ਤੱਕ ਜਾਂ ਸਖਤ ਕੰਮ ਕਰਨ ਦੇ ਕਾਬਲ ਨਹੀਂ ਰਿਹਾ। ਇਸ ਤੋਂ ਇਲਾਵਾ ਬੰਗਲਾਦੇਸ਼ੀ ਨੌਜਵਾਨ ’ਤੇ ਵੀ ਨਸਲੀ ਹਮਲਾ ਹੋਇਆ ਅਤੇ ਗੁਰਸਿੱਖ ਨੌਜਵਾਨ ਭਾਈ ਰਵਿੰਦਰ ਸਿੰਘ ਟਾਮਣਾ ’ਤੇ ਬੀਅਰ ਦੀ ਬੋਤਲ ਮਾਰੀ ਗਈ ਸੀ। ਇਸ ਖੇਤਰ ਦੇ ਵਿਦੇਸ਼ੀ ਕਾਫੀ ਡਰੇ ਹੋਏ ਹਨ। ਵਰਣਨਯੋਗ ਹੈ ਕਿ ਹਾਦਸੇ ਵਾਲੀ ਜਗ੍ਹਾ ਤੋਂ ਸ: ਧਾਲੀਵਾਲ ਦੀ ਰਿਹਾਇਸ਼ ਨਜ਼ਦੀਕ ਹੈ ਅਤੇ ਉਨ੍ਹਾਂ ਨੇ ਸਿਟੀ ਕੌਂਸਲ ਦੇ ਪ੍ਰਧਾਨ ਨੂੰ ਇਸ ਸਬੰਧੀ ਸੂਚਨਾ ਸਕੱਤਰ ਨੂੰ ਈਮੇਲ ਰਾਹੀਂ ਭੇਜ ਦਿੱਤੀ ਹੈ ਅਤੇ ਨੌਜਵਾਨ ਜੋ ਕੀ ਆਪਣੇ ਬਜੁਰਗ ਮਾਤਾ ਪਿਤਾ ਦਾ ਇਕੱਲਾ ਸਹਾਰਾ ਹੈ ਨੂੰ ਆਰਥਿਕ ਮਦਦ ਲਈ ਅਤੇ ਸਮੂਹ ਵਿਦੇਸ਼ੀਆਂ ਦੀ ਸੁਰੱਖਿਆ ਲਈ ਮੰਗ ਪੱਤਰ ਦੇਣ ਲਈ ਇਜਾਜ਼ਤ ਮੰਗੀ ਹੈ।
ਇਸ ਹਾਦਸੇ ’ਤੇ ਆਪਣੇ ਵਿਚਾਰ ਦਿੰਦਿਆਂ ਸਕੱਤਰ ਸ੍ਰੀ ਅਨਤੋਨੀਓ ਨੇ ਸਮੂਹ ਭਾਰਤੀ ਭਾਈਚਾਰੇ ਨਾਲ ਹਮਦਰਦੀ ਪੇਸ਼ ਕੀਤੀ ਅਤੇ ਕਿਹਾ ਕਿ ਨਸਲੀ ਹਮਲੇ ਕਰਨ ਵਾਲਿਆਂ ਨੂੰ ਸਦਭਾਵਨਾ ਸਿਖਾਉਣ ਦੀ ਲੋੜ ਹੈ। ਅਜਿਹੇ ਹਾਦਸੇ ਇਟਾਲੀਅਨ ਸਮਾਜ ਤੇ ਕਲੰਕ ਹਨ।
ਸਹਿ ਸੰਪਾਦਕ ਅਤੇ ਸਮਾਜ ਸੇਵਿਕਾ ਵਰਿੰਦਰ ਪਾਲ ਕੌਰ ਧਾਲੀਵਾਲ ਨੇ ਸਮੂਹ ਪੰਜਾਬੀ ਭਾਈਚਾਰੇ ਨੂੰ ਨੌਜਵਾਨ ਹਰਜਿੰਦਰ ਸਿੰਘ ਸੰਧੂ ਦੀ ਮਦਦ ਲਈ ਅੱਗੇ ਆਉਣ ਅਤੇ ਵਿਦੇਸ਼ੀਆਂ ਨਾਲ ਹੁੰਦੇ ਭੇਦਭਾਵ ਅਤੇ ਨਸਲੀ ਹਮਲਿਆਂ ਖਿਲਾਫ ਅਵਾਜ ਬੁਲੰਦ ਕਰਨ ਦੀ ਅਪੀਲ ਕੀਤੀ । ਇਸ ਤੋਂ ਇਲਾਵਾ ਭਾਰਤੀ ਅੰਬੈਸੀ ਵੀ ਆਪਣਾ ਫਰਜ ਪਛਾਣੇ ਅਤੇ ਭਾਰਤੀਆ ’ਤੇ ਹੁੰਦੇ ਨਸਲੀ ਹਮਲਿਆਂ ਦੀ ਸਾਰ ਲਵੇ। ਇਸ ਤੋਂ ਪਹਿਲਾਂ ਕਿ ਇਟਲੀ ਵੀ ਭਾਰਤੀਆਂ ਲਈ ਅਸਟਰੇਲੀਆ ਜਾਂ ਮਨੀਲਾ ਬਣੇ। ਭਾਰਤੀ ਰਾਜਦੂਤ ਇਸ ਸਬੰਧੀ ਵਿਦੇਸ਼ ਮੰਤਰਾਲੇ ਨੂੰ ਜਾਣਕਾਰੀ ਭੇਜੇ। ਜਿਸ ਨਾਲ ਇਟਾਲੀਅਨ ਮੰਤਰਾਲੇ ਨੂੰ ਭਾਰਤੀਆਂ ਦੀ ਸੁਰੱਖਿਆ ਨਿਸ਼ਚਤ ਕਰਵਾਈ ਜਾ ਸਕੇ।