ਬਰੇਸ਼ੀਆ : ਸਿੱਖਾਂ ਨੇ ਹਸਪਤਾਲ ਲਈ ਰਾਸ਼ੀ ਦਾਨ ਦਿੱਤੀ

ਬਰੇਸ਼ੀਆ (ਇਟਲੀ) 4 ਮਾਰਚ (ਬਿਊਰੋ) – ਭੇਦਭਾਵ ਰਹਿਤ ਉਦਾਰਤਾ, ਫਲੇਰੋ ਦੀ ਧਾਰਮਿਕ ਕਮਿਊਨਿਟੀ : ਸਾਡੇ ਲਈ ਇਹ ਬਹੁਤ ਹੀ ਸਨਮਾਨ ਵਾਲੀ ਗੱਲ ਹੈ ਅਤੇ ਭਾਗਸ਼ਾਲੀ ਹਾਂ, ਕਿਉਂਕਿ ਇਹ ਪੈਸਾ ਜੋ ਅਸੀਂ ਇਕ ਚੰਗੇ ਕੰਮ ਲਈ ਦਾਨ ਕਰ ਰਹੇ ਹਾਂ, ਲੋਕਾਂ ਦੀ ਭਲਾਈ (ਫੋਟੋਥੈਰੈਪੀ ਕੈਬਿਨ) ਲਈ ਵਰਤਿਆ ਜਾਵੇਗਾ। ਅਸੀਂ ਉਸ ਧਰਤੀ ਲਈ ਕੀ ਕਰ ਸਕਦੇ ਹਾਂ, ਜਿਸਨੇ ਸਾਨੂੰ ਸੰਭਾਲਿਆ, ਜੇ ਚਾਹੀਏ ਤਾਂ ਸਮਾਂ ਆਉਣ ‘ਤੇ ਉਸ ਧਰਤੀ ਲਈ ਅਸੀਂ ਵੀ ਕੁਝ ਕਰ ਸਕਦੇ ਹਾਂ। ਇਹ ਸੱਚ ਕਰ ਵਿਖਾਇਆ ਹੈ ਬਰੇਸ਼ੀਆ ਦੇ ਗੁਰਦੁਆਰਾ ਸਿੰਘ ਸਭਾ ਨੇ, ਜਿਸਨੇ ਦਾਨ ਵਿਚ ਹਸਪਤਾਲ ਨੂੰ ਇਕ ਵੱਡੀ ਰਾਸ਼ੀ ਦਿੱਤੀ ਹੈ, ਜਿਸ ਨਾਲ ਕਿ ਮਰੀਜਾਂ ਦੇ ਟੈਸਟ ਕਰਨ ਵਾਲੀ ਕੀਮਤੀ ਮਸ਼ੀਨਰੀ ਲਈ ਜਾਵੇਗੀ, ਜੋ ਕਿ ਚਮੜੀ ਦੇ ਰੋਗਾਂ ਦੇ ਟੈਸਟ ਕਰਨ ਲਈ ਵਰਤੀ ਜਾਵੇਗੀ। ਬਰੇਸ਼ੀਆ ਵਿਖੇ ਇੰਡੀਅਨ ਸਿੱਖਾਂ ਨੇ 30 ਹਜਾਰ ਯੂਰੋ ਦਾ ਚੈੱਕ ਉਥੋਂ ਦੇ ਸਿਵਲ ਹਸਪਤਾਲ ਨੂੰ ਭੇਟ ਕੀਤਾ ਹੈ। ਸਿੱਖ ਭਾਈਚਾਰੇ ਵੱਲੋਂ ਇਹ ਵੱਡੀ ਰਾਸ਼ੀ ਬਰੇਸ਼ੀਆ ਹਸਪਤਾਲ ਦੇ ਫੋਟੋਥੈਰੇਪੀ ਕੈਬਿਨ ਲਈ ਦਿੱਤੀ ਗਈ ਹੈ। 15 ਹਜਾਰ ਦੇ ਕਰੀਬ ਸਿੱਖ ਭਾਈਚਾਰੇ ਦੀ ਗਿਣਤੀ ਵਾਲੇ ਸ਼ਹਿਰ ਬਰੇਸ਼ੀਆ ਦੇ ਇਨ੍ਹਾਂ ਵਿਦੇਸ਼ੀਆਂ ਦੇ ਗੁਰਦੁਆਰਾ ਸਿੰਘ ਸਭਾ ਵੱਲੋਂ ਇਹ ਰਾਸ਼ੀ ਆਮ ਲੋਕਾਂ ਦੀ ਭਲਾਈ ਲਈ ਭੇਟ ਕੀਤੀ ਗਈ ਹੈ। ਸਿਵਲ ਹਸਪਤਾਲ ਦੇ ਡਾਇਰੈਕਟਰ ਏਜੀਓ ਬੇਲੇਰੀ ਨੇ ਇਸ ਬਾਰੇ ਬੋਲਦਿਆਂ ਕਿਹਾ ਕਿ, ਬਰੇਸ਼ੀਆ ਦੇ ਹਸਪਤਾਲ ਲਈ ਕੀਤੀ ਗਈ ਇਹ ਅਸਧਾਰਨ ਉਦਾਰਤਾ ਨੇ ਸਾਡੇ ਹਸਪਤਾਲ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ। ਗੁਰਦੁਆਰਾ ਸਿੰਘ ਸਭਾ ਬਰੇਸ਼ੀਆਂ ਕਮੇਟੀ ਦੇ ਪ੍ਰਧਾਨ ਦਲਬੀਰ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ਅਸੀਂ ਸ਼ਾਂਤੀ ਅਤੇ ਸਦਭਾਵਨਾ ਨਾਲ ਰਹਿਣਾ ਪਸੰਦ ਕਰਦੇ ਹਾਂ, ਇਸ ਲਈ ਇਹ ਕਦਮ ਬਹੁਤ ਮਹੱਤਵਪੂਰਣ ਹੈ। ਜੇਕਰ ਅਸੀਂ ਆਪਣੇ ਆਪ ਨੂੰ ਇਸ ਧਰਤੀ ਅਤੇ ਭਾਈਚਾਰੇ ਤੋਂ ਅਲੱਗ ਸਮਝਾਂਗੇ, ਤਾਂ ਅਸੀਂ ਇੱਥੇ ਆਦੀਵਾਸੀਆਂ ਵਾਂਗ ਨਜ਼ਰ ਆਵਾਂਗੇ, ਜਦਕਿ ਅਜਿਹਾ ਤਰੀਕਾ ਆਪਸੀ ਸਦਭਾਵਨਾ ਲਈ ਬਿਲਕੁਲ ਅਨੁਕੂਲ ਨਹੀਂ ਹੈ। ਸਾਡੀ ਆਤਮਾ, ਭਾਈਚਾਰਾ ਅਤੇ ਸਨਮਾਨ ਦੀ ਭਾਵਨਾ ਹੀ ਸਾਡੇ ਧਰਮ ਦੀ ਅਧਾਰਸ਼ਿਲਾ ਹੈ।