ਕੀ ਲਿਖੀਏ !!!

ਕੀ ਲਿਖੀਏ

ਬੰਦੇ ਬਾਰੇ ਕੀ ਲਿਖੀਏ,

ਪੁੱਠੇ ਕਾਰੇ ਕੀ ਲਿਖੀਏ,

ਜਦ ਕੋਈ ਤਾਰਾ ਟੁਟਦਾ ਹੈ,

ਵਾਜਾਂ ਮਾਰੇ ਕੀ ਲਿਖੀਏ।

ਨੰਗ ਮੁਨੰਗੀਆਂ ਕਲਮਾਂ ਦੇ,

ਗੀਤ ਸ਼ਿੰਗਾਰੇ ਕੀ ਲਿਖੀਏ।

ਕਿਸ ਰਿਸ਼ਤੇ ਦੀ ਗੱਲ ਕਰੀਏ,

ਕਿਸ ਦੇ ਬਾਰੇ ਕੀ ਲਿਖੀਏ।

ਕੁਰਸੀ ਖਾਤਰ ਨੇਤਾ ਜਦ,

ਨੋਟ ਖਿਲਾਰੇ ਕੀ ਲਿਖੀਏ।

ਜਿੱਧਰ ਮਿਲਦੀਆਂ ਚੋਪੜੀਆਂ,

ਜੀਭ ਸੁਵਾਰੇ ਕੀ ਲਿਖੀਏ।

ਅੱਖੀਂ ਵੇਖ ਨਾ ਸਮਝੇ ਜੇ,

ਪਰਜਾ ਬਾਰੇ ਕੀ ਲਿਖੀਏ।

ਝੁਗੀਆਂ ਵਿੱਚ ਹਨੇਰਾ ਹੈ,

ਮਹਿਲ ਮੁਨਾਰੇ ਕੀ ਲਿਖੀਏ।

ਰੁੱਤਾਂ ਵੀ ਨੇ ਬੇਰੁੱਤੀਆ,

ਪਤਝੜ ਬਾਰੇ ਕੀ ਲਿਖੀਏ।

 ਮੰਦਰ ਮਸਜਿਦ ਭਿੜਦੇ ਨੇ,

ਗੁਰੂ ਦੁਆਰੇ ਕੀ ਲਿਖੀਏ।

ਡਰ ਪ੍ਰਮਾਣੂ ਬੰਬਾਂ ਦਾ ਨਹੀਂ,

ਲੋਕ ਵਿਚਾਰੇ ਕੀ ਲਿਖੀਏ।

ਅੱਜ ਸੋਚਾਂ ਦੀਆਂ ਲਹਿਰਾਂ ਦੇ,

ਬੈਠ ਕਿਨਾਰੇ ਕੀ ਲਿਖੀਏ।

ਜੀਅ ਨਹੀਂ ਕਰਦਾ ਬੋਲਣ ਨੂੰ,

ਨਾਲ ਇਸ਼ਾਰੇ ਕੀ ਲਿਖੀਏ।

                                                                                                        – ਰਵੇਲ ਸਿੰਘ ਇਟਲੀ