ਤਾਰੀ ਜੈਤੋ ਵਾਲੇ ਦਾ ਦਿਹਾਂਤ

ਤਾਰੀ ਜੈਤੋ ਵਾਲੇ ਦਾ ਦਿਹਾਂਤ33084925_960582477442417_2027485964011569152_n
ਤਵਿਆਂ ਵੇਲੇ ਦੀ ਗਾਇਕੀ ਦੀ ਗੱਲ ਕਰੀਏ ਤਾਂ ਵਿਆਹ ਸਮਾਗਮਾਂ ’ਤੇ ਸਪੀਕਰ ਹੀ ਇੱਕੋ ਇੱਕ ਮਨੋਰੰਜਨ ਦਾ ਜ਼ਰੀਆ ਹੁੰਦਾ ਸੀ। ਵਿਆਹ ਵਾਲੇ ਘਰ ਦੋ ਤਿੰਨ ਦਿਨ ਪਹਿਲਾਂ ਹੀ ਸਪੀਕਰ ’ਚੋਂ ਵੱਜਦੇ ਗੀਤ ਪਿੰਡਾਂ ਦੀਆਂ ਪੌਣਾ ਵਿੱਚ ਸੰਗੀਤਕ ਰਸ ਘੋਲਣ ਲੱਗਦੇ। ਇਸੇ ਦੌਰ ਵਿੱਚ ਗਾਉਣ ਵਾਲਿਆਂ ਦੇ ਅਖਾੜੇ ਲੱਗਣ ਦਾ ਵੀ ਰਿਵਾਜ ਸਿਖਰਾਂ ’ਤੇ ਰਿਹਾ। ‘ਤਾਰੀ ਜੈਤੋ ਵਾਲਾ’ ਉਸੇ ਦੌਰ ਦੀ ਉਪਜ ਹੈ। ਦੋ ਮੰਜਿਆਂ ਨੂੰ ਜੋੜ ਕੇ ਲਾਏ ਸਪੀਕਰਾਂ ਦੇ ਗਾਇਕੀ ਦੇ ਦੌਰ ਨਾਲ ਇੱਕ-ਮਿੱਕ ਹੋ ਕੇ ਤੁਰਨ ਵਾਲਾ ਜੈਤੋ ਵਾਲਾ ਤਾਰੀ ਬਹੁਤ ਕੁਝ ਆਪਣੀਆਂ ਯਾਦਾਂ ਵਿੱਚ ਸਮੋਈ ਬੈਠਾ ਹੈ। ਗਾਇਕੀ ਮਾਰਗ ਦੀਆਂ ਉਹ ਪੈੜਾਂ ਜੋ ਹਰ ਕਿਸੇ ਨੂੰ ਨਹੀਂ ਪਤਾ, ਉਹ ਤਾਰੀ ਦੇ ਗਿਆਨ ਭੰਡਾਰ ਵਿੱਚ ਹਨ, ਪਰ ਅਫ਼ਸੋੋਸ ਕਿ ਇਸ ਅਣਮੁੱਲੇ ਗਿਆਨ ਖ਼ਜ਼ਾਨੇ ਨੂੰ ਲੱਗੇ ਜਿੰਦਰੇ ਦੀ ਚਾਬੀ ਨੂੰ ਜੰਗਾਲ ਖਾ ਗਈ ਹੈ। ਤਾਰੀ ਦੀ ਹੁਣ ਉਹ ਯਾਦ ਸ਼ਕਤੀ ਨਹੀਂ ਰਹੀ ਕਿ ਉਹ ਸਾਰਾ ਕੁਝ ਘੰਟਿਆਂ-ਬੱਧੀ ਤੁਹਾਨੂੰ ਪਹਿਲਾਂ ਵਾਂਗ ਦੱਸ ਸਕੇ। ਦੋ ਕੁ ਸਾਲ ਪਹਿਲਾਂ ਇੱਕ ਸੜਕ ਹਾਦਸੇ ਦੌਰਾਨ ਉਸਦੇ ਸਿਰ ਵਿੱਚ ਅਜਿਹੀ ਸੱਟ ਲੱਗੀ ਕਿ ਉਹ ਮੌਤ ਦੇ ਮੂੰਹੋਂ ਮਸਾਂ ਬਚਿਆ। ਇਸ ਹਾਦਸੇ ਵਿੱਚ ਉਸਦੀ ਯਾਦ ਸ਼ਕਤੀ ਮੱਧਮ ਪੈ ਗਈ।
ਜੈਤੋ ਮੰਡੀ ਦਾ ਇੱਕ ਆਮ ਜਿਹਾ ਬੰਦਾ ਤਾਰੀ, ਜਿਸਦਾ ਸਾਊਂਡ ਦਾ ਕੰਮ ਸੀ, ਪਰ ਗਾਉਣ ਵਾਲਿਆਂ ਨਾਲ ਨੇੜਤਾ, ਪਿਆਰ ਸਤਿਕਾਰ ਨੇ ਉਸਨੂੰ ਆਮ ਤੋਂ ਖ਼ਾਸ ਬਣਾ ਦਿੱਤਾ। ਗੀਤਾਂ ਵਿੱਚ ਜ਼ਿਕਰ ਹੋਣ ਦਾ ਕਾਰਨ ਉਸਦੇ ਮਿਲਾਪੜੇ ਸੁਭਾਅ, ਆਦਰ ਸਤਿਕਾਰ ’ਚ ਪੁੱਜ ਕੇ ਅਮੀਰ ਹੋਣਾ ਹੈ। ਤਾਰੀ ਪੰਜਾਬੀ ਗਾਇਕੀ ਦੇ ਇਤਿਹਾਸ ਦਾ ਇੱਕ ਉਹ ਪਾਤਰ ਹੈ ਜਿਸਦਾ ਜ਼ਿਕਰ ਵੱਖ ਵੱਖ ਗਾਇਕਾਂ ਦੇ ਗੀਤਾਂ ਵਿੱਚ ਹੁੰਦਾ ਰਿਹਾ ਹੈ। ਅਵਤਾਰ ਸਿੰਘ ਤਾਰੀ ਤਕਰੀਬਨ ਦੋ ਦਹਾਕੇ ਪੰਜਾਬੀ ਗਾਇਕਾਂ ਨਾਲ ਰਿਹਾ। ਮਾਲਵੇ ਵਿੱਚ ਲੱਗਣ ਵਾਲੇ ਹਰੇਕ ਨਾਮੀਂ ਗਾਇਕ ਦੇ ਅਖਾੜੇ ’ਤੇ ਤਾਰੀ ਦਾ ਸਾਉਂਡ ਹੀ ਲੱਗਦਾ। ਮੁਹੰਮਦ ਸਦੀਕ, ਦੀਦਾਰ, ਰਮਲਾ ਤੋਂ ਲੈ ਕੇ ਚਮਕੀਲੇ ਤਕ ਤਾਰੀ ਦੀ ਗੀਤਾਂ ਵਿੱਚ ਸਰਦਾਰੀ ਰਹੀ। ਸੁਰਿੰਦਰ ਛਿੰਦੇ ਦੇ ‘ਜੰਞ ਚੜ੍ਹੀ ਅਮਲੀ’ ਦੇ ਉਪੇਰੇ ਵਿੱਚ ਉਹ ਆਪਣੇ ਅਸਲੀ ਰੂਪ ‘ਸਪੀਕਰ ਵਾਲੇ’ ਦੇ ਕਿਰਦਾਰ ਵਿੱਚ ਪੇਸ਼ ਹੋਇਆ ਤੇ ਅਮਲੀ ਦਾ ਵਿਆਹ ਹੋਣ ਦੀ ਖ਼ੁਸ਼ੀ ’ਚ ਲੋਕਾਂ ਦੀ ਫਰਮਾਇਸ਼ ’ਤੇ ਗੀਤ ਵਜਾਉਂਦਾ ਹੈ।
ਅਵਤਾਰ ਤਾਰੀ ਦਾ ਜਨਮ ਪਾਕਿਸਤਾਨ ਦੇ ਜ਼ਿਲ੍ਹਾ ਮੀਆਂਵਾਲੀ ਦੇ ਪਿੰਡ ਗਾਂਵਰਵਾਲਾ (ਨੇੜੇ ਬੱਖਰ ਸ਼ਹਿਰ) ’ਚ ਪਿਤਾ ਚਰਨ ਸਿੰਘ ਤੇ ਮਾਤਾ ਬਲਵੰਤ ਕੌਰ ਦੇ ਘਰ ਹੋਇਆ। ਪੰਜਾਬ ਦੀ ਵੰਡ ਵੇਲੇ ਉਹ 9 ਸਾਲ ਦਾ ਸੀ ਜਦੋਂ ਉਸਦਾ ਪਰਿਵਾਰ ਪੰਜਾਬ ਦੇ ਜੈਤੋ ਸ਼ਹਿਰ ਆ ਵਸਿਆ। ਤਾਰੀ ਨੇ ਉਸ ਵੇਲੇ ਦੇ ਹਾਲਾਤ ਨੂੰ ਆਪਣੇ ਪਿੰਡੇ ਝੱਲਿਆ ਤੇ ਮਿਹਨਤ ਦਾ ਪੱਲਾ ਫੜ ਕੇ ਨੇੜਲੇ ਪਿੰਡ ਗੁੰਮਟੀ ਸਪੀਕਰਾਂ ਦਾ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ। ਪਿੰਡ ਸੇਵੇਵਾਲ ਦੇ ਉਸਤਾਦ ਸੂਰਜ ਭਾਨ, ਦੀਵਾਨ ਚੰਦ ਨਾਲ ਉਸਨੇ ਕਈ ਸਾਲ ਕੰਮ ਕੀਤਾ। ਇਸ ਤਰ੍ਹਾਂ ਹੌਲੀ ਹੌਲੀ ਤਾਰੀ ਨੇ ਆਪਣਾ ਸਪੀਕਰ ਸੈੱਟ ਬਣਾ ਲਿਆ। ਇਲਾਕੇ ਵਿੱਚ ਵਧੀਆ ਸਾਊਂਡ ਸਰਵਿਸ ਹੋਣ ਕਰਕੇ ਤਾਰੀ ਮਕਬੂਲ ਹੋ ਗਿਆ। ਇਸੇ ਮਕਬੂਲੀਅਤ ਸਦਕਾ ਗਾਉਣ ਵਾਲਿਆਂ ਦੇ ਅਖਾੜਿਆ ਵਿੱਚ ਤਾਰੀ ਦੇ ਸਪੀਕਰ ਦੀ ਚਰਚਾ ਹੋਣ ਲੱਗੀ। ਇਲਾਕੇ ਵਿੱਚ ਜਦ ਵੀ ਕਿਸੇ ਗਾਇਕ ਦਾ ਅਖਾੜਾ ਆਉਂਦਾ ਤਾਂ ਸਾਊਂਡ ਤਾਰੀ ਦਾ ਹੀ ਲੱਗਦਾ। ਸੰਗੀਤਕਾਰ ਜਸਵੰਤ ਭੰਵਰਾ ਨਾਲ ਚੰਗਾ ਸਹਿਚਾਰ ਹੋਣ ਕਰਕੇ ਤਾਰੀ ਦੀ ਗਾਉਣ ਤੇ ਲਿਖਣ ਵਾਲਿਆਂ ਨਾਲ ਮਿੱਤਰਤਾ ਬਣ ਗਈ। ਇਲਾਕੇ ਵਿੱਚ ਗਾਇਕੀ ਦੇ ਅਖਾੜਿਆਂ ਦੀ ਬੁਕਿੰਗ ਵੀ ਉਸ ਰਾਹੀਂ ਹੋਣ ਲੱਗੀ। ਇਸ ਤਰ੍ਹਾਂ ਤਾਰੀ ਦੇ ਪੈਰ ਲੱਗ ਗਏ।
ਬਾਬੂ ਸਿੰਘ ਮਾਨ ਮਰਾੜਾ ਵਾਲੇ ਨਾਲ ਤਾਰੀ ਦੀ ਪਰਿਵਾਰਕ ਸਾਂਝ ਰਹੀ। ਪਹਿਲੀ ਵਾਰ ਆਪਣੇ ਗੀਤਾਂ ’ਚ ਤਾਰੀ ਦਾ ਜ਼ਿਕਰ ਬਾਬੂ ਸਿੰਘ ਮਾਨ ਨੇ ਹੀ ਕੀਤਾ। ਫਿਰ ਗਾਇਕਾ ਸਵਰਨ ਲਤਾ ਨੇ ਤਾਰੀ ਦੇ ਸਾਊਂਡ ਦੀ ਆਪਣੇ ਗੀਤਾ ਵਿੱਚ ਖ਼ੂਬ ਚਰਚਾ ਕੀਤੀ। ਤਾਰੀ ਦਾ ਨਾਂ ਹੁਣ ਤਕ ਤਕਰੀਬਨ 60 -70 ਗੀਤਾਂ ਵਿੱਚ ਸ਼ਾਮਲ ਹੋਇਆ ਹੈ। ਜਿਨ੍ਹਾਂ ਗੀਤਕਾਰਾਂ ਨੇ ਉਸਦਾ ਨਾਂ ਗੀਤਾਂ ਵਿੱਚ ਸ਼ਾਮਲ ਕੀਤਾ ਹੈ, ਉਨ੍ਹਾਂ ਵਿੱਚ ਬਾਬੂ ਸਿੰਘ ਮਾਨ, ਦੀਦਾਰ ਸੰਧੂ, ਸਾਜਨ ਰਾਏਕੋਟੀ, ਸਮਸ਼ੇਰ ਸੰਧੂ, ਗਿੱਲ ਨੱਥੋਹੇੜੀ, ਦੇਵ ਥਰੀਕਿਆ ਵਾਲਾ, ਬੰਤ ਰਾਮਪੁਰੇ ਵਾਲਾ, ਅਮਰ ਸਿੰਘ ਚਮਕੀਲਾ, ਜਸਵੰਤ ਸੰਦੀਲਾ ਆਦਿ। ਇਨ੍ਹਾਂ ਗੀਤਾਂ ਨੂੰ ਮੁਹੰਮਦ ਸਦੀਕ-ਰਣਜੀਤ ਕੌਰ,ਦੀਦਾਰ ਸੰਧੂ-ਸੁਨੇਹ ਲਤਾ, ਅਮਰ ਚਮਕੀਲਾ-ਅਮਰਜੋਤ, ਸੁਰਿੰਦਰ ਛਿੰਦਾ, ਸਰਦੂਲ ਸਿਕੰਦਰ, ਅਮਰ ਨੂਰੀ, ਅਜੈਬ ਰਾਏ, ਹਾਕਮ ਬਖਤੜੀਵਾਲਾ, ਕਰਤਾਰ ਰਮਲਾ, ਸੁਖਵੰਤ ਸੁੱਖੀ, ਗੁਰਚਰਨ ਪੋਹਲੀ ਆਦਿ ਨੇ ਗਾਇਆ ਹੈ। ਦੀਦਾਰ ਸੰਧੂ ਦੇ ਗੀਤਾਂ ਵਿੱਚ ਉਸਦਾ ਜ਼ਿਕਰ ਇਸ ਪ੍ਰਕਾਰ ਹੈ-
– ਤੈਨੂੰ ਤਾਂ ਦੀਦਾਰ ਮੈਂ ਹਮੇਸ਼ਾਂ ਰਹਿੰਦੀ ਟੋਲਦੀ
‘ਤਾਰੀ ਜੈਤੋ ਵਾਲੇ’ ਨਾਲ ਬੁਲਾਈ ਵੀ ਨਾ ਬੋਲਦੀ
– ਇਹ ਜੈਤੋ ਵਾਲੇ ਤਾਰੀ ਵਾਂਗੂੰ
ਧਰਮਰਾਜ ਬਣ ਬਹਿੰਦਾ ਸੀ।
13 ਜਨਵਰੀ 2019 ਨੂੰ ਤਾਰੀ ਜੈਤੋ ਵਾਲੇ ਦਾ ਦਿਹਾਂਤ ਹੋ ਗਿਆ।
– ਸੁਰਜੀਤ ਜੱਸਲ