ਅੰਤਰਾਸ਼ਟਰੀ ਫੁੱਟਬਾਲ ਖਿਡਾਰੀ ਦਾਵਿਦੇ ਆਸਤੋਰੀ ਦੀ ਅਚਾਨਕ ਮੌਤ ਨਾਲ ਚੋਣਾਂ ਦਾ ਰੰਗ ਪਿਆ ਫਿੱਕਾ

davideਰੋਮ (ਇਟਲੀ) 4 ਮਾਰਚ (ਕੈਂਥ) – ਇਟਲੀ ਵਿੱਚ ਇੱਕ ਪਾਸੇ ਲੋਕ ਬਣ ਰਹੀ ਨਵੀਂ ਸਰਕਾਰ ਲਈ ਲੋਕ ਸਭਾ ਦੀਆਂ ਚੋਣਾਂ ਵਿੱਚ ਵੋਟਿੰਗ ਕਰ ਰਹੇ ਹਨ, ਦੂਜੇ ਪਾਸੇ ਇਟਲੀ ਦੇ ਹਰਮਨ ਪਿਆਰੇ ਅੰਤਰਰਾਸ਼ਟੀ ਫੁੱਟਬਾਲ ਖਿਡਾਰੀ ਦਾਵਿਦੇ ਆਸਤੋਰੀ (31) ਦੀ ਅਚਾਨਕ ਮੌਤ ਨਾਲ ਇਟਾਲੀਅਨ ਭਾਈਚਾਰੇ ਵਿੱਚ ਕਾਫ਼ੀ ਗਮਗੀਨ ਮਾਹੌਲ ਦੇਖਿਆ ਜਾ ਰਿਹਾ ਹੈ। ਫਿਓਰਿਨਤੀਨਾ ਕਲੱਬ ਵੱਲੋਂ ਖੇਡਣ ਵਾਲਾ ਇਹ ਖਿਡਾਰੀ ਉਦੀਨੇ ਵਿਖੇ ਸ਼ਨੀਵਾਰ-ਐਤਵਾਰ ਦੀ ਰਾਤ ਹੋਟਲ ਦੇ ਕਮਰੇ ਵਿਚ ਮ੍ਰਿਤਕ ਪਾਇਆ ਗਿਆ ਜਿਸ ਨਾਲ ਲੋਕਾਂ ਦੇ ਦਿਲਾਂ ਨੂੰ ਭਾਰੀ ਠੇਸ ਲੱਗੀ।
31 ਸਾਲਾ ਮ੍ਰਿਤਕ ਦਾਵਿਦੇ ਆਸਤੋਨੀ ਆਪਣੇ ਪਿੱਛੇ 2 ਸਾਲਾ ਬੇਟੀ ਨੂੰ ਛੱਡ ਗਿਆ ਹੈ। ਜਿਕਰਯੋਗ ਹੈ ਕਿ ਉਦੀਨੇ ਵਿਖੇ ਇਕ ਮੈਚ ਲਈ ਹੋਟਲ ਵਿਚ ਠਹਿਰਿਆ ਹੋਇਆ ਸੀ, ਖਿਡਾਰੀ ਦੀ ਮੌਤ ਤੋਂ ਬਾਅਦ ਇਹ ਮੈਚ ਸਥਗਿਤ ਕਰ ਦਿੱਤਾ ਗਿਆ। ਫਿਓਰੈਨਤੀਨਾ ਕਲੱਬ ਵੱਲੋਂ ਪ੍ਰੈੱਸ ਮੀਟਿੰਗ ਵਿਚ ਮੀਡੀਆ ਨੂੰ ਪਰਿਵਾਰ ਦੇ ਜਜਬਾਤਾਂ ਦਾ ਸਨਮਾਨ ਕਰਨ ਦੀ ਬੇਨਤੀ ਕੀਤੀ ਗਈ ਹੈ।
ਨੌਜਵਾਨ ਖਿਡਾਰੀ ਦੀ ਮੌਤ ਦੇ ਦੁੱਖ ਵਿਚ ਇਟਾਲੀਅਨ ਲੀਗ ਵੱਲੋਂ ਸਾਰੀ ਸੀਰੀਜ਼ ਨੂੰ ਹੀ ਸਥਗਿਤ ਕਰ ਦਿੱਤਾ ਗਿਆ ਹੈ। ਊਦੀਨੇਸੇ ਅਤੇ ਫਿਓਰੈਨਤੀਨਾ ਵਿਚਾਲੇ ਖੇਡੇ ਜਾਣ ਵਾਲੇ ਮੈਚ, ਜਿਸ ਕਾਰਨ ਦਾਵਿਦੇ ਇੱਥੇ ਸੀ, ਇਸ ਤੋਂ ਪਹਿਲਾਂ ਜੇਨੋਆ ਅਤੇ ਕਾਲਿਆਰੀ ਵਿਚਕਾਰ ਹੋਣ ਵਾਲੇ ਮੈਚ ਦੇ ਖਿਡਾਰੀ ਪਿੱਚ ਉੱਤੇ ਖੇਡ ਤੋਂ ਪਹਿਲਾਂ ਤਿਆਰੀ ਕਰ ਰਹੇ ਸਨ, ਨੇ ਦਾਵਿਦੇ ਦੀ ਮੌਤ ਦੀ ਖ਼ਬਰ ਸੁਣਦੇ ਹੀ ਸਾਰੀ ਤਿਆਰੀ ਨੂੰ ਇਕਦਮ ਰੋਕ ਦਿੱਤਾ।
ਇਸ ਤੋਂ ਇਲਾਵਾ ਆਟਲਾਂਟਾ-ਸਾਂਪਦੋਰੀਆ, ਬੇਨੇਵੇਂਤੋ-ਵੇਰੋਨਾ, ਕੀਏਵੋ-ਸਾਸੂਓਲੋ, ਤੋਰੀਨੋ-ਕਰੋਤੋਨੇ, ਏਸੀ ਮਿਲਾਨ-ਇੰਟਰ ਮਿਲਾਨ ਵਿਚਾਲੇ ਹੋਣ ਵਾਲੇ ਮੈਚਾਂ ਨੂੰ ਵੀ ਸਥਗਿਤ ਕਰ ਦਿੱਤਾ ਗਿਆ ਹੈ।
ਮ੍ਰਿਤਕ ਦਾਵਿਦੇ ਆਸਤੋਰੀ ਇਟਾਲੀਅਨ ਲੋਕਾਂ ਵਿੱਚ ਬਹੁਤ ਪਸੰਦੀਦਾ ਖਿਡਾਰੀ ਮੰਨਿਆ ਜਾਂਦਾ ਸੀ। ਇਸ ਨੌਜਵਾਨ ਖਿਡਾਰੀ ਦਾਵਿਦੇ ਦੀ ਬੇਵਕਤ ਮੌਤ ਨਾਲ ਵੀ ਬਹੁਤੇ ਲੋਕ ਸ਼ਾਇਦ ਆਪਣੇ ਘਰੋਂ ਵੋਟ ਪਾਉਣ ਲਈ ਘੱਟ ਹੀ ਨਿਕਲਣ।